ਪਾਣੀ ਦੀ ਬਚਤ ਸਮੇਤ ਕਈ ਸਮੱਸਿਆਵਾਂ ਦਾ ਹੱਲ ਕਰੇਗਾ ‘ਰੇਨ ਗੰਨ ਇਰੀਗੇਸ਼ਨ’ ਸਿਸਟਮ
Wednesday, Aug 05, 2020 - 11:46 AM (IST)
ਗੁਰਦਾਸਪੁਰ (ਹਰਮਨਪ੍ਰੀਤ) - ਪੰਜਾਬ ਅੰਦਰ ਧਰਤੀ ਹੇਠਲਾ ਪਾਣੀ ਬਚਾਉਣ ਤੇ ਖੇਤੀ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੇ ਭੂਮੀ ਰੱਖਿਆ ਵਿਭਾਗ ਵਲੋਂ ‘ਰੇਨ ਗੰਨ ਇਰੀਗੇਸ਼ਨ’ ਸਿਸਟਮ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਫੁਹਾਰਾ ਸਿੰਚਾਈ ਸਿਸਟਮ ਨੂੰ ਹੋਰ ਸੋਧ ਕੇ ਤਿਆਰ ਕੀਤੇ ਗਏ ਇਸ ਸਿਸਟਮ ਨੂੰ ਹਾਲ ਦੀ ਘੜੀ ਟਰਾਇਲ ਦੇ ਰੂਪ ਵਿਚ ਲਗਾਇਆ ਜਾ ਰਿਹਾ ਹੈ। ਇਸ ਦੇ ਸ਼ੁਰੂਆਤੀ ਦੌਰ ਵਿਚ ਕਾਫੀ ਸਾਰਥਿਕ ਨਤੀਜੇ ਸਾਹਮਣੇ ਆਉਣ ਕਾਰਣ ਭੂਮੀ ਰੱਖਿਆ ਵਿਭਾਗ ਵੱਲੋਂ ਪੰਜਾਬ ਦੇ ਹੋਰ ਜ਼ਿਲਿਆਂ ਵਿਚ ਵੀ ਤੇਜ਼ੀ ਨਾਲ ਇਹ ਸਿਸਟਮ ਲਗਾਏ ਜਾ ਰਹੇ ਹਨ। ਇਸ ਦੇ ਚਲਦਿਆਂ ਪੰਜਾਬ ਅੰਦਰ ਨਵਾਂ ਸ਼ਹਿਰ, ਪਠਾਨਕੋਟ ਅਤੇ ਪਠਾਨਕੋਟ ਵਿਚ ਤਿੰਨ ਸਿਸਟਮ ਲਗਾਉਣ ਤੋਂ ਬਾਅਦ ਗੁਰਦਾਸਪੁਰ ਨੇੜਲੇ ਪਿੰਡ ਭੂਣ ਵਿਚ ਵੀ ਕਿਸਾਨ ਜਸਵਿੰਦਰ ਸਿੰਘ ਪੁੱਤਰ ਸੰਪੂਰਨ ਸਿੰਘ ਦੇ ਖੇਤਾਂ ਵਿਚ ਇਸ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ।
ਪੜ੍ਹੋ ਇਹ ਵੀ ਖਬਰ - ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆ ’ਚ ਟਿੱਡੀ ਦਲ ਦੇ ਹਮਲੇ ਦਾ ਖਤਰਾ, ਕੀਤਾ ਅਲਰਟ ਜਾਰੀ
ਤਿੰਨ ਵਿਭਾਗਾਂ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ
ਇਸ ਸਿਸਟਮ ਦੀ ਸ਼ੁਰੂਆਤ ਕਰਨ ਮੌਕੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਰਮਿੰਦਰ ਸਿੰਘ ਧੰਜੂ, ਇੰਜੀਨੀਅਰਿੰਗ ਵਿੰਗ ਦੇ ਇੰਜੀ. ਰਣਬੀਰ ਸਿੰਘ ਰੰਧਾਵਾ, ਖੇਤੀਬਾੜੀ ਅਫਸਰ ਰਣਧੀਰ ਸਿੰਘ ਠਾਕੁਰ, ਭੂਮੀ ਰੱਖਿਆ ਵਿਭਾਗ ਦੇ ਡੀ. ਐੱਸ. ਸੀ. ਓ. ਇੰਜੀ ਸੁਖਵਿੰਦਰ ਸਿੰਘ, ਡਾ. ਐੱਚ. ਐੱਸ ਕੰਗ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਸਰਬਜੀਤ ਸਿੰਘ ਔਲਖ, ਇੰਜੀ. ਆਰ. ਐੱਸ. ਛੀਨਾ ਸਮੇਤ ਹੋਰ ਅਧਿਕਾਰੀ ਵੱਡੀ ਗਿਣਤੀ ਵਿਚ ਇਸ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਲਈ ਪਹੁੰਚੇ।
ਪੜ੍ਹੋ ਇਹ ਵੀ ਖਬਰ - ਸਬਜ਼ੀਆਂ ਦਾ ਕਲੰਡਰ: ਜਾਣੋ ਮਹੀਨਿਆਂ ਅਨੁਸਾਰ ਸਬਜ਼ੀਆਂ ਦੀ ਵਰਤੋਂ ਬਾਰੇ ਦਿਲਚਸਪ ਜਾਣਕਾਰੀ
ਪਾਣੀ ਦੀ ਬਚਤ ਲਈ ਸਿੱਧ ਹੋਵੇਗਾ ਵਰਦਾਨ
ਜ਼ਿਲਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਰਮਿੰਦਰ ਸਿੰਘ ਧੰਜੂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਤੇ ਹੋਰ ਅਧਿਕਾਰੀਆਂ ਦੀ ਦੂਰ ਅੰਦੇਸ਼ੀ ਸੋਚ ਦੀ ਬਦੌਲਤ ਸ਼ੁਰੂ ਕੀਤਾ ਜਾ ਰਿਹਾ ‘ਰੇਨਗਨ ਇਰੀਗੇਸ਼ਨ ਪ੍ਰਾਜੈਕਟ’ ਪਾਣੀ ਦੀ ਬਚਤ ਲਈ ਵਰਦਾਨ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪਾਣੀ ਦੀ ਬਚਤ ਵੀ ਹੋਵੋਗੀ ਅਤੇ ਫਸਲ ਦਾ ਵਧੀਆ ਝਾੜ ਵੀ ਨਿਕਲੇਗੀ। ਉਨ੍ਹਾਂ ਕਿਹਾ ਕਿ ਅੱਜ ਸਿੱਧੀ ਬਿਜਾਈ ਵਾਲੇ ਝੋਨੇ ਵਿਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਜਦੋਂ ਕਿ ਕਿਸਾਨ ਹੋਰ ਖੇਤਾਂ ਵਿਚ ਵੀ ਇਸ ਸਿਸਟਮ ਦੀ ਵਰਤੋਂ ਕਰ ਸਕਦੇ ਹਨ।
ਪੜ੍ਹੋ ਇਹ ਵੀ ਖਬਰ - 2 ਸਾਲਾਂ ’ਚ ਝੋਨੇ ਹੇਠੋਂ 12.35 ਲੱਖ ਏਕੜ ਰਕਬਾ ਘਟਾ ਕਿਸਾਨਾਂ ਨੇ ਬਚਾਇਆ 7143 ਬਿਲੀਅਨ ਲਿਟਰ ਪਾਣੀ
ਕਰੀਬ 50 ਹਜ਼ਾਰ ਰੁਪਏ ’ਚ ਲੱਗ ਜਾਂਦੀ ਹੈ ‘ਰੇਨ ਗੰਨ’
ਭੂਮੀ ਰੱਖਿਆ ਵਿਭਾਗ ਦੇ ਐੱਸ. ਡੀ. ਐੱਸ. ਸੀ. ਓ. ਡਾ. ਹਰਚਰਨ ਸਿੰਘ ਕੰਗ ਨੇ ਇਸ ਪ੍ਰਾਜੈਕਟ ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵਲੋਂ ਕਿਸਾਨਾਂ ਦੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖਦਿਆਂ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ ਅਤੇ ਅੱਜ ਸ਼ੁਰੂ ਕੀਤਾ ਗਿਆ ਇਹ ਪ੍ਰਾਜੈਕਟ ਵੀ ਆਉਣ ਵਾਲੇ ਦਿਨਾਂ ਵਿਚ ਹਰਮਨਪਿਆਰਾ ਸਿੱਧ ਹੋਵੇਗਾ। ਡਾ. ਕੰਗ ਨੇ ਦੱਸਿਆ ਕਿ ਰੇਨ ਗੰਨ ਕਿਸੇ ਵੀ ਫਸਲ ਦੀ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ। ਪਰ ਕਿਸਾਨਾਂ ਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਜਦੋਂ ਫਸਲ ਨਿਸਰ ਰਹੀ ਹੋਵੇ ਤਾਂ ਉਸ ਮੌਕੇ ਇਸ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਸ ਸਿਸਟਮ ਨਾਲ ਬਾਰਿਸ਼ ਵਾਂਗ ਪਾਣੀ ਡਿੱਗਦਾ ਹੈ ਜੋ ਫਸਲ ਦੇ ਬੂਰ ਨੂੰ ਝਾੜ ਕੇ ਪੈਦਾਵਾਰ ’ਤੇ ਅਸਰ ਪਾ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਸਰੀਰ ਨੂੰ ਤਰੋ-ਤਾਜ਼ਾ ਰੱਖਣ ਲਈ ਰੋਜ਼ਾਨਾ ਕਰੋ ‘ਲੱਸੀ’ ਦੀ ਵਰਤੋਂ, ਹੋਣਗੇ ਇਹ ਫਾਇਦੇ
ਸਬਜ਼ੀਆਂ ਲਈ ਵੀ ਲਾਹੇਵੰਦ ਹੋਵੇਗੀ ਰੇਨਗਨ ਦੀ ਵਰਤੋਂ
ਖੇਤੀਬਾੜੀ ਵਿਭਾਗ ਦੇ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀ ਇੰਜੀ ਰਣਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਆਮ ਤੌਰ ’ਤੇ ਇਕ ਰੇਨ ਗੰਨ ਦਾ ਕਰੀਬ 50-60 ਹਜ਼ਾਰ ਰੁਪਏ ਦੇ ਕਰੀਬ ਖਰਚ ਆਉਂਦਾ ਹੈ। ਇਸ ਸਿਸਟਮ ਨਾਲ 24 ਮੀਟਰ ਤੋਂ 33 ਮੀਟਰ ਤੱਕ ਦੇ ਘੇਰੇ ਤੱਕ ਪਾਣੀ ਪਹੁੰਚਾਇਆ ਜਾ ਸਕਦਾ ਹੈ ਅਤੇ ਨੋਜਲ ਦਾ ਸਾਈਜ਼ 16 ਐੱਮਐੱਮ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਿਸਟਮ ਲਈ 7.50 ਐੱਚ. ਪੀ. ਦੀ ਮੋਟਰ ਲੋੜੀਂਦੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਿਸਟਮ ਸਬਜ਼ੀਆਂ ਸਮੇਤ ਹੋਰ ਫਸਲਾਂ ਵਿਚ ਵੀ ਵਰਤਿਆ ਜਾ ਸਕੇਗਾ।
ਪੜ੍ਹੋ ਇਹ ਵੀ ਖਬਰ - ਸਰਕਾਰ ਦੀ ਸਵੱਲੀ ਨਜ਼ਰ ਤੋਂ ਵਾਂਝੇ ਹਨ ‘ਬਾਗਬਾਨ’ ਤੇ ‘ਵਣ-ਖੇਤੀ’ ਕਰਨ ਵਾਲੇ ਕਿਸਾਨ
ਮੀਂਹ ਵਾਂਗ ਵਰਾਏਗੀ ਪਾਣੀ
ਡਾ. ਕੰਗ ਨੇ ਦੱਸਿਆ ਕਿ ਇਸ ਰੇਨ ਗੰਨ ਨਾਲ ਖੇਤਾਂ ਵਿਚ ਮੀਂਹ ਵਾਂਗ ਪਾਣੀ ਵਰਾਇਆ ਜਾ ਸਕਦਾ ਹੈ ਜਿਸ ਦੀ ਇਕ ਖਾਸੀਅਤ ਇਹ ਵੀ ਹੈ ਕਿ ਕਿਸਾਨ ਇਸ ਦੀਆਂ ਪਾਈਪਾਂ ਤੇ ਹੋਰ ਸਾਮਾਨ ਨੂੰ ਇਕੱਠਾ ਕਰਨ ਦਾ ਝਮੇਲਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਇਸ ਨੂੰ ਸਵੇਰ ਵੇਲੇ ਜਾਂ ਸ਼ਾਮ ਵੇਲੇ ਹੀ ਵਰਤਣਾ ਚਾਹੀਦਾ ਹੈ ਅਤੇ ਦੁਪਹਿਰ ਵੇਲੇ ਇਸ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਦੁਪਹਿਰ ਵੇਲੇ ਹਵਾ ਚੱਲਣ ਮੌਕੇ ਇਸ ਦੀ ਵਰਤੋਂ ਕੀਤੇ ਜਾਣ ਨਾਲ ਇਸ ਦੇ ਕੰਮ ’ਤੇ ਅਸਰ ਪੈ ਸਕਦਾ ਹੈ।
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’