ਪਿੰਡ ਨਿੱਜਰਾਂ ਵਿਖੇ 10 ਏਕੜ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਹੇਠ ਲਗਾਈ ਗਈ ਪ੍ਰਦਰਸ਼ਨੀ

Thursday, May 26, 2022 - 08:10 PM (IST)

ਪਿੰਡ ਨਿੱਜਰਾਂ ਵਿਖੇ 10 ਏਕੜ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਹੇਠ ਲਗਾਈ ਗਈ ਪ੍ਰਦਰਸ਼ਨੀ

ਝੋਨੇ ਦੀ ਸਿੱਧੀ ਬੀਜਾਈ ਦੀ ਤਕਨੀਕ ਪ੍ਰਤੀ ਕਿਸਾਨਾਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਪਿੰਡ ਨਿੱਜਰਾਂ ਵਿਖੇ ਪ੍ਰਦਰਸ਼ਨੀ ਪਲਾਟ ਬਿਜਵਾਈਆ ਗਿਆ। ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜ਼ਿਲ੍ਹਾ ਭਰ ਵਿੱਚ ਹੁਣ ਤੱਕ ਤਕਰੀਬਨ 200 ਨੁਕੜ ਮੀਟਿੰਗਾਂ ਕੀਤੀਆ ਜਾ ਚੁੱਕੀਆਂ ਹਨ। ਹਰੇਕ ਪਿੰਡ ਦੇ ਗੁਰੂਦੁਆਰੇ ਰਾਹੀਂ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬੀਜਾਈ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਸਿੱਧੀ ਬਿਜਾਈ ਹੇਠ ਆਪਣੇ ਝੋਨੇ ਦਾ ਇੱਕ ਤਿਹਾਈ ਹਿੱਸਾ ਲਿਆਉਣ ਦੀ ਵੀ ਬੇਨਤੀ ਕੀਤੀ ਹੈ।

ਐੱਸ.ਡੀ.ਐੱਮ.ਜਲੰਧਰ ਬਲਬੀਰ ਰਾਜ ਸਿੰਘ ਨੇ ਪ੍ਰਦਰਸ਼ਨੀ ਪਲਾਟ ਦੀ ਬਿਜਾਈ ਸਮੇਂ ਹਾਜ਼ਿਰ ਕਿਸਾਨਾਂ ਨੂੰ ਕਿਹਾ ਕਿ ਜ਼ਿਲ੍ਹਾ ਜਲੰਧਰ ਦੇ ਸਾਰੇ ਬਾਲਕਾਂ ਵਿੱਚ ਧਰਤੀ ਹੇਠਲਾ ਪਾਣੀ ਬੜੀ ਤੇਜ਼ੀ ਨਾਲ ਥੱਲੇ ਜਾ ਰਿਹਾ ਹੈ। ਝੋਨੇ ਦੀ ਕੁੱਦੂ ਕਰਨ ਉਪਰੰਤ ਖੇਤੀ ਕਰਨ ਨਾਲ ਇਸ ਸਮੱਸਿਆ ਵਿੱਚ ਹੋਰ ਵਾਧਾ ਹੋ ਰਿਹਾ ਹੈ। ਝੋਨੇ ਦੀ ਸਿੱਧੀ ਬੀਜਾਈ ਕਰਨ ਨਾਲ ਪਾਣੀ ਦੀ ਬਚ੍ਹਤ ਹੁੰਦੀ ਹੈ ਅਤੇ ਨਾਲ ਹੀ ਕਿਸਾਨ ਦਾ ਪਨੀਰੀ ਲਗਾਉਣ ’ਤੇ ਆਉਂਦਾ ਖ਼ਰਚਾ ਅਤੇ ਪਨੀਰੀ ਨੂੰ ਪੁੱਟ ਕੇ ਲਗਾਉਣ ਦਾ ਖ਼ਰਚਾ ਵੀ ਬੱਚਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਕਦਮੀ ਕਰਦੇ ਹੋਏ ਤਰ ਵਤ੍ਹਰ ਹਾਲਤ ਵਿੱਚ ਬਗੈਰ ਕੱਦੂ ਕਰਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਨੂੰ 1500/- ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। 

ਇਸ ਮੌਕੇ ਡਾ.ਅਰੁਣ ਕੋਹਲੀ ਅਤੇ ਡਾ.ਸੁਰਜੀਤ ਸਿੰਘ ਖੇਤੀਬਾੜੀ ਅਫ਼ਸਰ ਨੇ ਜਾਣਕਾਰੀ ਦਿੱਤੀ ਕਿ ਪਿੰਡ ਨਿੱਜਰਾਂ ਵਿਖੇ ਇਸ ਪ੍ਰਦਰਸ਼ਨੀ ਕਮ ਖੇਤ ਦਿਵਸ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ 5 ਕਿਸਾਨਾਂ ਵੱਲੋਂ 30 ਏਕੜ ਰਕਬਾ ਸਿੱਧੀ ਬਿਜਾਈ ਤਕਨੀਕ ਰਾਹੀਂ ਬੀਜਿਆ ਜਾਵੇਗਾ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖੀਆ ਵਿਭਾਗ ਜਲੰਧਰ ਤੋਂ ਡਾ.ਮਨਿੰਦਰ ਸਿੰਘ ਨੇ ਮੌਕੇ ’ਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਦੇ ਤਕਨੀਕੀ ਨੁਕਤੇ ਦੱਸੇ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਲਈ 8 ਕਿਲੋ ਬੀਜ ਨੂੰ ਸ਼ਾਮ ਵੇਲੇ ਤਰ ਵਤ੍ਹਰ ਖੇਤ ਵਿੱਚ ਬੀਜਣਾ ਚਾਹੀਦਾ ਹੈ ਅਤੇ ਉਸੇ ਦਿਨ ਸ਼ਾਮ ਵੇਲੇ ਪ੍ਰਤੀ ਏਕੜ ਇੱਕ ਲੀਟਰ ਦਵਾਈ 200 ਲੀਟਰ ਪਾਣੀ ਵਿੱਚ ਘੋਲ ਕੇ ਖੇਤ ਵਿੱਚ ਇਕਸਾਰ ਸਪਰੇ ਕਰਕੇ ਕਰਨਾ ਚਾਹੀਦਾ ਹੈ।                                

ਡਾ.ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫ਼ਸਰ-ਕਮ-ਖੇਤੀਬਾੜੀ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਜਲੰਧਰ।


author

rajwinder kaur

Content Editor

Related News