ਵੈਟਨਰੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਲਈ ਕਰਵਾਏ ਜਾ ਰਹੇ ਲਾਹੇਵੰਦ ਸਿਖਲਾਈ ਕੋਰਸ

06/04/2020 2:25:50 PM

ਡਾ:  ਹਰੀਸ਼ ਕੁਮਾਰ ਵਰਮਾ,
ਨਿਰਦੇਸ਼ਨ ਪਸਾਰ ਸਿੱਖਿਆ
98158-73929

 
ਸ੍ਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਸਾਲ 2006 ਤੋਂ ਕੰਮ ਕਰ ਰਹੀ ਹੈ। ਪਹਿਲਾਂ ਇਹ ਕੇਵਲ ਇੱਕ ਵੈਟਨਰੀ ਸਾਇੰਸ ਕਾਲਜ ਹੀ ਸੀ, ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਹਿੱਸਾ ਸੀ ਅਤੇ ਵੈਟਨਰੀ ਡਾਕਟਰ ਦੀ ਪੜ੍ਹਾਈ ਕਰਵਾਉਂਦਾ ਸੀ। ਸਰਕਾਰ ਨੇ ਪਸ਼ੂ ਪਾਲਣ ਕਿੱਤਿਆਂ ਦੀ ਮਹੱਤਤਾ ਨੂੰ ਸਮਝਦੇ ਹੋਏ ਅਤੇ ਉਨ੍ਹਾਂ ਨੂੰ ਪ੍ਰਫੁੱਲਤ ਕਰਨ ਲਈ ਵੈਟਨਰੀ ਸਾਇੰਸ ਕਾਲਜ ਨੂੰ ਯੂਨੀਵਰਸਿਟੀ ਵਿੱਚ ਤਬਦੀਲ ਕਰ ਦਿੱਤਾ। ਪਸ਼ੂ ਪਾਲਣ, ਮੁਰਗੀ ਅਤੇ ਮੱਛੀ ਪਾਲਣ ਦੇ ਕੰਮ ਨੂੰ ਵਧਾਉਣ ਲਈ ਯੂਨੀਵਰਸਿਟੀ ਨੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ, ਫਿਸ਼ਰੀਜ਼ ਕਾਲਜ, ਐਨੀਮਲ ਬਾਇਓਟੈਕਨਾਲੋਜੀ ਕਾਲਜ, ਵੈਟਨਰੀ ਪੌਲੀਟੈਕਨਿਕ ਕਾਲਜ, ਖੇਤਰੀ ਖੋਜ ’ਤੇ ਸਿਖਲਾਈ ਕੇਂਦਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਖੋਲ੍ਹੇ।

ਪਸ਼ੂ ਪਾਲਕਾਂ ਲਈ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਾਲਾ ਵੱਲੋਂ ਕਈ ਉਪਰਾਲੇ ਕੀਤੇ ਗਏ ਅਤੇ ਤਰ੍ਹਾਂ-ਤਰ੍ਹਾਂ ਦੇ ਢੰਗ ਤਰੀਕੇ ਅਪਣਾਏ ਗਏ ਜਿਵੇਂ ਕਿ ਪਸ਼ੂ ਪਾਲਣ ਮੇਲੇ, ਪਸ਼ੂ ਭਲਾਈ ਕੈਂਪ/ਦਿਵਸ, ਸੈਮੀਨਾਰ, ਕਿਸਾਨ ਗੋਸ਼ਟੀਆਂ, ਸਾਹਿਤ, ਟੀ.ਵੀ/ਰੇਡੀਓ, ਮੋਬਾਇਲ ਐਪਲੀਕੇਸ਼ਨ, ਐੱਸ. ਐੱਮ. ਐੱਸ ਆਦਿ। ਇਸ ਲੇਖ ਵਿੱਚ ਅਸੀਂ ਕਿਸਾਨਾਂ ਅਤੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਲਈ ਟ੍ਰੇਨਿੰਗ ਪ੍ਰੋਗਰਾਮਾਂ ਬਾਰੇ ਦੱਸਾਂਗੇ :
 
1 ਕਿਸਾਨਾਂ ਲਈ ਸਿਖਲਾਈ ਕੋਰਸ:

PunjabKesari
ਮੁੱਢ ਕਦੀਮ ਤੋਂ ਹੀ ਕਿਸਾਨ ਮੱਝਾਂ, ਗਾਵਾਂ ਜਾਂ ਮੁਰਗੀਆਂ ਪਾਲਦਾ ਆਇਆ ਹੈ ਅਤੇ ਇਹ ਪਸ਼ੂ ਪਾਲਣ ਦੇ ਕੰਮ/ਢੰਗ ਤਰੀਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦੇ ਰਹੇ ਅਤੇ ਹੁਣ ਵੀ ਚੱਲ ਰਹੇ ਹਨ। ਅਜੋਕੇ ਸਮੇਂ ਵਿੱਚ ਜਦੋਂ ਜ਼ਮੀਨ ਲਗਾਤਾਰ ਘਟਦੀ ਜਾ ਰਹੀ ਹੈ ਤਾਂ ਪਸ਼ੂ ਪਾਲਣ (ਡੇਅਰੀ ਮੁਰਗੀ ਪਾਲਣ ਆਦਿ) ਸਹਾਇਕ ਕਿੱਤੇ ਨਾ ਰਹਿ ਕੇ ਮੁੱਖ ਕਿੱਤੇ ਵੱਜੋਂ ਪ੍ਰਫੁੱਲਿਤ ਹੋਣ ਲੱਗੇ ਪਰ ਕਿਸੇ ਕਿੱਤੇ ਨੂੰ ਮੁੱਖ ਕਿੱਤੇ ਵਜੋਂ ਜਾਂ ਵਪਾਰਕ ਪੱਧਰ ਲਈ ਲੈਣਾ ਅਤੇ ਉਸ ਤੋਂ ਪਰਿਵਾਰ ਪਾਲਣਾ ਤਾਂ ਫਿਰ ਉਸ ਕਿੱਤੇ ਬਾਰੇ ਭਰਪੂਰ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਡੇਅਰੀ ਅਤੇ ਮੁਰਗੀ ਪਾਲਣ ਦੇ ਕਿੱਤਿਆਂ ਤੋਂ ਇਲਾਵਾ ਅੱਜ ਕੱਲ੍ਹ ਬੱਕਰੀ ਪਾਲਣ, ਸੂਰ ਪਾਲਣ, ਮੱਛੀ ਪਾਲਣ ਆਦਿ ਕਿੱਤੇ ਵੀ ਬੜੀ ਤੇਜ਼ੀ ਨਾਲ ਵਧ ਰਹੇ ਹਨ।

ਇਨ੍ਹਾਂ ਦੇ ਨਾਲ-ਨਾਲ ਪਸ਼ੂ ਉਤਪਾਦਾਂ (ਦੁੱਧ, ਆਂਡੇ ਅਤੇ ਮੀਟ ਆਦਿ) ਦੀ ਮੰਗ ਵੀ ਬਜ਼ਾਰ ਵਿੱਚ ਕਾਫੀ ਹੈ ਅਤੇ ਇਹ ਮੁੱਲ ਵਧਾਊ ਪਦਾਰਥਾਂ ਦੀ ਮੰਗ ਨੂੰ ਪੂਰਾ ਕਰਨ ਲਈ ਇਹ ਵੀ ਵਪਾਰਕ ਕਿੱਤੇ ਵਜੋਂ ਅਪਣਾਏ ਜਾ ਰਹੇ ਹਨ। ਇਹ ਪਸ਼ੂ ਪਾਲਕਾਂ ਲਈ ਨਵੇਂ ਕਿੱਤੇ ਨਹੀਂ ਹਨ ਪਰ ਇਨ੍ਹਾਂ ਨੂੰ ਵਿਗਿਆਨਕ ਢੰਗ ਨਾਲ ਕਰਨ ਦੀ ਲੋੜ ਹੈ ਤਾਂ ਜੋ ਸਾਡਾ ਸਰਮਾਇਆ ਪਸ਼ੂਧਨ ਵੀ ਸੌਖਾ ਹੋਵੇ ਉਸ ਦੀ ਸਹੀ ਸਾਂਭ-ਸੰਭਾਲ ਹੋਵੇ ਅਤੇ ਸਹੀ ਉਤਪਾਦ ਵਾਜਬ ਮੁੱਲ ’ਤੇ ਪੈਦਾ ਹੋਣ ਤਾਂ ਜੋ ਲਾਭ ਪਸ਼ੂ ਪਾਲਕ ਨੂੰ ਹੋਵੇ। ਇਸ ਲਈ ਗਿਆਨ ਦੀਆਂ ਬਾਰੀਕੀਆਂ ਨਾਲ ਸੰਭਾਲ ਜ਼ਰੂਰੀ ਹੋ ਜਾਂਦੀ ਹੈ।

ਯੂਨੀਵਰਸਿਟੀ ਨੇ ਪਸ਼ੂ ਪਾਲਕਾਂ ਲਈ ਵੱਖ-ਵੱਖ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੀ ਸਾਰਣੀ ਵਿੱਚ ਦਿੱਤਾ ਗਿਆ ਹੈ :-

ਲੜੀ ਨੰ: ਸਿਖਲਾਈ ਦਾ ਨਾਂ ਸਿਖਲਾਈ ਦਾ ਸਮਾਂ
1. ਡੇਅਰੀ ਪਾਲਣ ਦਾ ਮੁਹਾਰਤ ਸਿੱਖਿਆ ਕੋਰਸ 2 ਹਫ਼ਤੇ
2. ਮੁਰਗੀ ਪਾਲਣ ਦਾ ਮੁਹਾਰਤ ਸਿੱਖਿਆ ਕੋਰਸ 2 ਹਫ਼ਤੇ
3. ਸੂਰ ਪਾਲਣ ਦਾ ਮੁਹਾਰਤ ਸਿੱਖਿਆ ਕੋਰਸ 1 ਹਫ਼ਤਾ
4. ਬੱਕਰੀ ਪਾਲਣ ਦਾ ਮੁਹਾਰਤ ਸਿੱਖਿਆ ਕੋਰਸ 1 ਹਫ਼ਤਾ
5. ਪਸ਼ੂ ਆਹਾਰ ਸਬੰਧੀ  ਤਕਨੀਕਾਂ 1 ਹਫ਼ਤਾ
6. ਦੁੱਧ  ਪਦਾਰਥ ਬਣਾਉਣਾ 1 ਹਫ਼ਤਾ
7. ਆਂਡੇ ਤੇ ਮੀਟ ਪਦਾਰਥ ਬਣਾਉਣਾ 1 ਹਫ਼ਤਾ
8. ਵਪਾਰਕ ਡੇਅਰੀ ਧੰਦੇ ਲਈ ਆਧੁਨਿਕ ਸਿਖਲਾਈ ਕੋਰਸ 6 ਹਫਤੇ
9. ਮੱਛੀ ਪਾਲਣ ਸਬੰਧੀ  ਮੁਹਾਰਤ ਸਿੱਖਿਆ ਕੋਰਸ 1 ਹਫ਼ਤਾ
10. ਝੀਂਗਾ ਮੱਛੀ ਪਾਲਣ ਕੋਰਸ 1 ਹਫ਼ਤਾ
11. ਸਜਾਵਟੀ ਮੱਛੀ ਪਾਲਣ ਕੋਰਸ 1 ਹਫ਼ਤਾ
12. ਕੁੱਤੇ ਪਾਲਣ ਦਾ ਸਿੱਖਿਆ ਕੋਰਸ 2 ਦਿਨ

                                      
2. ਸਿਖਲਾਈ ਲਈ ਦਾਖਲਾ:
ਇਨ੍ਹਾਂ ਸਿਖਲਾਈ ਕੋਰਸਾਂ ਵਿੱਚ ਹਿੱਸਾ ਲੈਣ ਲਈ ਪਸ਼ੂ ਪਾਲਕ ਸਿਖਿਆਰਥੀਆਂ ਨੂੰ ਇੱਕ ਨਿਰਧਾਰਤ ਫਾਰਮ ਭਰ ਕੇ ਇੱਕ ਫੋਟੋ ਦੇ ਨਾਲ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਪੜ੍ਹਾਈ ਦਾ ਸਰਟੀਫਿਕਟ (ਘੱਟੋ-ਘੱਟ 10ਵੀਂ ਦਾ) ਅਤੇ ਸਰਪੰਚ ਜਾਂ ਐੱਮ.ਸੀ/ਗਜ਼ਟਿਡ ਅਫਸਰ ਤੋਂ ਤਸਦੀਕ ਕਰਵਾ ਕੇ ਯੂਨੀਵਰਸਿਟੀ ਦੇ ਨਿਰਦੇਸ਼ਾਲਾ ਪਸਾਰ ਸਿੱਖਿਆ (01612553364) ਜਾਂ ਪਸ਼ੂ ਪਾਲਣ ਅਤੇ ਚਿਕਿਤਸਾ ਪਸਾਰ ਸਿੱਖਿਆ ਵਿਭਾਗ (01612414026), ਸ੍ਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਚ ਡਾਕ ਰਾਹੀਂ ਭੇਜਿਆ ਜਾ ਸਕਦਾ ਹੈ। ਟ੍ਰੇਨਿੰਗ ਫਾਰਮ ਯੂਨੀਵਰਸਿਟੀ ਦੇ ਨਿਰਦੇਸ਼ਾਲਾ ਪਸਾਰ ਸਿੱਖਿਆ ਜਾਂ ਪਸ਼ੂ ਪਾਲਣ ਅਤੇ ਚਿਕਿਤਸਾ ਪਸਾਰ ਸਿੱਖਿਆ ਵਿਭਾਗ, ਖੇਤਰੀ ਖੋਜ ਕੇਂਦਰਾਂ ਜਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਫਾਰਮ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।

PunjabKesari
 
3 ਸਿਖਲਾਈ ਕੋਰਸ ਦੀ ਪੜ੍ਹਾਈ:
ਯੂਨੀਵਰਸਿਟੀ ਵੱਲੋਂ ਦਿੱਤੀਆਂ ਸਿਖਲਾਈਆਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਵਿੱਚ ਸਿਖਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਜਾਣਕਾਰੀ ਜਾਂ ਹੱਥੋਂ ਸਿਖਲਾਈ ਵੀ ਦਿੱਤੀ ਜਾਂਦੀ ਹੈ ਕਿ ਜੋ ਇੱਕ ਪਸ਼ੂ ਪਾਲਕ ਲਈ ਜ਼ਰੂਰੀ ਹੈ। ਹਰ ਰੋਜ਼ 56 ਲੈਕਚਰ ਲਗਾਏ ਜਾਂਦੇ ਹਨ, ਜਿਸ ਵਿੱਚ ਪਸ਼ੂਆਂ ਦੀ ਸਹੀ ਸਾਂਭ ਸੰਭਾਲ, ਨਸਲਾਂ ਅਤੇ ਨਸਲਕਸ਼ੀ ਚਾਰੇ, ਖੁਰਾਕ, ਚਾਰਿਆਂ, ਗਰਮੀਆਂ ਅਤੇ ਸਰਦੀਆਂ ਵਿੱਚ ਸੰਭਾਲ, ਸਾਫ ਦੁੱਧ ਪੈਦਾ ਕਰਨਾ, ਮੁੱਖ ਬੀਮਾਰੀਆਂ, ਰਿਕਾਰਡ ਰੱਖਣਾ, ਮੰਡੀ ਦੀਆਂ ਸਹੂਲਤਾਂ, ਪ੍ਰਜਨਣ ਕਿਰਿਆ, ਪ੍ਰਜਨਣ ਸਬੰਧੀ, ਹੇਹਾ ਸਮਕਾਲੀਕਰਨ, ਟੀਕਾਕਰਨ, ਮਲ੍ਹੱਪ ਰਹਿਤ, ਬਾਇਓ ਸਕਿਊਰਟੀ, ਸੰਯੁਕਤ ਪਸ਼ੂ ਪਾਲਣ, ਸਿਹਤਮੰਦ ਅਤੇ ਬੀਮਾਰ ਪਸ਼ੂਆਂ ਦੀਆਂ ਨਿਸ਼ਾਨੀਆਂ, ਮਸਨੂਈ ਗਰਭਦਾਨ, ਭਰੂਣ ਤਬਾਦਲਾ, ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਵੱਖ-ਵੱਖ ਕਿਸਮ ਦੇ ਜਾਨਵਰ, ਮੁਰਗੀ, ਮੱਛੀ ਆਦਿ ਬਾਰੇ ਪੜ੍ਹਾਈ ਕਰਵਾਈ ਜਾਂਦੀ ਹੈ।

ਪ੍ਰੈਕਟੀਕਲ ਕੋਰਸ –
ਪ੍ਰੈਕਟੀਕਲਾਂ ਦੇ ਤੌਰ ’ਤੇ ਇਨ੍ਹਾਂ ਸਿਖਲਾਈ ਕੋਰਸਾਂ ਵਿੱਚ ਪਸ਼ੂਆਂ ਨੂੰ ਫੜਨਾ, ਢਾਉਣਾ, ਬੁਖਾਰ ਲੈਣਾ, ਸਾਹ ਲੈਣਾ, ਨਿਆਣਾ ਪਾਉਣਾ, ਰੱਸਾ ਪਾਉਣਾ ਆਦਿ ਕਰਵਾਇਆ ਜਾਂਦਾ ਹੈ ਤਾਂ ਕਿ ਸਿਖਿਲਾਈ ਦੇ ਨਾਲ-ਨਾਲ ਪਸ਼ੂ ਪਾਲਕ ਇਸ ਨੂੰ ਲੰਮੇ ਸਮੇਂ ਤੱਕ ਯਾਦ ਰੱਖ ਸਕੇ। ਦੁੱਧ, ਆਂਡੇ ਅਤੇ ਮੀਟ ਤੋਂ ਵੱਖ-ਵੱਖ ਪਦਾਰਥ ਬਣਾਉਣੇ, ਉਨ੍ਹਾਂ ਦੀ ਸਹੀ ਪੈਕਿੰਗ ਅਤੇ ਮੰਡੀਕਰਨ ਬਾਰੇ ਦੱਸਿਆ ਜਾਂਦਾ ਹੈ। ਪਦਾਰਥ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੱਥੀਂ ਤਿਆਰ ਕਰਵਾਏ ਜਾਂਦੇ ਹਨ। ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ, ਪੰਜਾਬ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ, ਬੈਂਕਾਂ ਤੋਂ ਕਿਵੇਂ ਲਾਭ ਲੈਣਾ, ਇੰਸ਼ੋਰੈਂਸ ਆਦਿ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ।

PunjabKesari
 
ਇੱਥੇ ਇੱਕ ਗੱਲ ਦੱਸਣੀ ਹੋਰ ਵੀ ਮਰੱਤਵਪੂਰਣ ਹੈ ਕਿ ਯੂਨੀਵਰਸਿਟੀ ਕਿਸੇ ਵੀ ਸਿਖਲਾਈ ਪ੍ਰੋਗਰਾਮ ਦੀ ਫੀਸ ਨਹੀਂ ਲੈਂਦੀ, ਭਾਵ ਸੁਆਣੀਆਂ ਲਈ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਆਮ ਸਿਖਲਾਈ ਕੋਰਸ ਮੁਫਤ ਹਨ। ਇਹ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਯਤਨ ਵਜੋਂ ਹੈ ਕਿਉਂਕਿ ਡੇਅਰੀ ਨਾਲ ਜੁੜੇ ਕੰਮਕਾਜ ਵਿੱਚੋਂ ਜ਼ਿਆਦਾਤਰ ਕੰਮ ਔਰਤਾਂ ਹੀ ਕਰਦੀਆਂ ਹਨ। ਸਿਖਲਾਈ ਦਗ਼ਰਾਨ ਵਿਸ਼ਾ ਮਾਹਰਾਂ ਵੱਲੋਂ ਆਪਣਾ ਫੋਨ ਨੰਬਰ ਵੀ ਸਾਂਝਾ ਕੀਤਾ ਜਾਂਦਾ ਹੈ ਤਾਂ ਕਿ ਪਸ਼ੂ ਪਾਲਕ ਲੋੜ ਅਨੁਸਾਰ ਉਨ੍ਹਾਂ ਨੂੰ ਸੰਪਰਕ ਕਰ ਸਕਣ।

4. ਪਸ਼ੂ ਪਾਲਣ ਉਦਮੀਆਂ ਲਈ ਉਪਰਾਲੇ :
ਯੂਨੀਵਰਸਿਟੀ ਤੋਂ ਟ੍ਰੇਨਿੰਗਾਂ ਲੈਣ ਤੋਂ ਬਾਅਦ ਹਰ ਸਿਖਿਆਰਥੀ ਆਪਣਾ ਕੰਮ ਧੰਦਾ ਕਰਨ ਲਈ ਤਿਆਰ ਹੋ ਜਾਂਦਾ ਹੈ ਤੇ ਉਹ ਤੁਰੰਤ ਹੀ ਕੰਮ ਸ਼ੁਰੂ ਕਰ ਸਕਦਾ ਹੈ। ਯੂਨੀਵਰਸਿਟੀ ਵੱਲੋਂ ਕਰਵਾਈ ਜਾਂਦੀ ਟ੍ਰੇਨਿੰਗ ਦੀ ਇਹ ਖਾਸੀਅਤ ਹੈ ਕਿ ਇਸ ਵਿੱਚ ਵਿਉਂਤਬੰਦੀ ਤੋਂ ਲੈ ਕੇ ਪਸ਼ੂਆਂ ਨੂੰ ਖਰੀਦਣਾ, ਸੰਭਾਲ, ਸਹੀ ਉਤਪਾਦ ਅਤੇ ਮੰਡੀਕਰਨ ਬਾਰੇ ਗਿਆਨ ਮਿਲਦਾ ਹੈ। ਇਹ ਟ੍ਰੇਨਿੰਗਾਂ ਇੱਕ ਕੈਪਸੂਲ ਦੇ ਤੌਰ ’ਤੇ ਕੰਮ ਕਰਦੀਆਂ ਹਨ ਅਤੇ ਸੰਪੂਰਨ ਗਿਆਨ ਦਾ ਰੂਪ ਹਨ, ਇਸ ਲਈ ਸਿਖਿਆਰਥੀਆਂ ਨੂੰ ਉਦਮੀ ਜਾਂ ਚੋਖਾ ਪਸ਼ੂ ਪਾਲਕ ਬਣਨ ਦਾ ਮੌਕਾ ਮਿਲਦਾ ਹੈ। ਪਸ਼ੂ ਜੀਉਂਦਾ ਜੀਵ ਹਨ, ਇੰਨਾ ਨੂੰ ਸਭ ਕੁਝ ਕਰਨ ਤੋਂ ਬਾਅਦ ਵੀ ਬੀਮਾਰੀਆਂ ਆਉਂਦੀਆਂ ਹਨ। ਉਸ ਲਈ ਕਿਸਾਨਾਂ/ਸਿਖਿਆਰਥੀਆਂ ਦੀਆਂ ਜਥੇਬੰਦੀਆਂ ਬਣਾਈਆਂ ਹਨ। 

ਵਟਸਐਪ ਗਰੁੱਪ ਹਨ ਜਾਂ ਹੋਰ ਗਰੁੱਪ ਜਿਨ੍ਹਾਂ ਰਾਹੀਂ ਯੂਨੀਵਰਸਟੀ ਨਾਲ ਜੋੜ ਕੇ ਰੱਖਿਆ ਜਾਂਦਾ ਹੈ। ਅਗਾਂਹ ਦੀਆਂ ਮੁਸ਼ਕਲਾਂ ਲਈ ਹੱਲ ਕੀਤੇ ਜਾਂਦੇ ਹਨ ਅਤੇ ਦੁਬਾਰਾ ਸੰਦੇਸ਼ਾਂ ਰਾਹੀਂ, ਟ੍ਰੇਨਿੰਗਾਂ ਜਾਂ ਗੋਸ਼ਟੀਆਂ ਰਾਹੀਂ ਮੁੜ ਨਵਾਂ ਗਿਆਨ ਦਿੱਤਾ ਜਾਂਦਾ ਹੈ ਤਾਂ ਜੋ ਹਰ ਵਕਤ ਨਵੀਂ ਖੋਜ ਤਰੀਕੇ ਬਾਰੇ ਸਮੇਂ ਦੇ ਹਾਣੀ ਬਣਕੇ ਕੰਮ ਕਰ ਸਕਣ। ਇਨ੍ਹਾਂ ਨੂੰ ਹੋਰ ਹੱਲਾਸ਼ੇਰੀ ਦੇਣ ਲਈ ਯੂਨੀਵਰਸਟੀ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ ਤਾਂ ਜੋ ਸਮਾਜ ਵਿੱਚ ਇੱਕ ਚਾਨਣ ਮੁਨਾਰੇ ਦਾ ਕੰਮ ਕਰਨ ਅਤੇ ਪਸ਼ੂ ਪਾਲਣ ਦੇ ਕੰਮ ਨੂੰ ਵਧਾਉਣ ’ਤੇ ਸਮਾਜ ਦੀ ਸੇਵਾ ਕਰਨ ਦੇ ਨਾਲ-ਨਾਲ ਆਪਣੀ ਜੀਵਨ ਪੱਧਰ ਵਧੀਆ ਕਰਨ।

PunjabKesari
 
5 ਸਪੈਸ਼ਲ ਟ੍ਰੇਨਿੰਗਾਂ :
ਹੁਣ ਯੂਨੀਵਰਸਟੀ ਨੇ ਆਪਣੀ ਨੀਤੀ ਵਿੱਚ ਬਦਲਾਅ ਕੀਤਾ ਹੈ। ਇਨ੍ਹਾਂ ਪਸ਼ੂ ਪਾਲਕਾਂ ਨੂੰ ਇਕੱਲੇ ਮੁੱਲ ਵਧਾਊ ਪਦਾਰਥ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਭਾਵ ਇਕੱਲਾ ਸਿਖਿਆਰਥੀ ਵੀ ਕਿਸੇ ਵਿਸ਼ੇਸ਼ ਪਦਾਰਥ ਲਈ ਟ੍ਰੇਨਿੰਗ ਲੈ ਸਕਦਾ ਹੈ। ਹੋਰ ਪਸ਼ੂ ਪਾਲਣ ਦੀ ਸਿਖਲਾਈ ਲਈ 1015 ਕਿਸਾਨਾਂ/ਪਸ਼ੂ ਪਾਲਕਾਂ ਲਈ ਵੱਖਰਾ ਕੋਰਸ ਉਲੀਕ ਕੇ ਕਰਵਾ ਦਿੱਤਾ ਜਾਂਦਾ ਹੈ।


rajwinder kaur

Content Editor

Related News