ਦੋ ਸਾਲਾਂ ਦੀ ਮੰਦੀ ਤੋਂ ਬਾਅਦ ਮੁੜ ਰਾਹਤ ਮਹਿਸੂਸ ਕਰਨ ਲੱਗੇ ਬਾਸਮਤੀ ਦੇ ‘ਐਕਸਪੋਰਟਰ’ ਤੇ ‘ਉਤਪਾਦਕ’

Sunday, Jun 28, 2020 - 10:30 AM (IST)

ਦੋ ਸਾਲਾਂ ਦੀ ਮੰਦੀ ਤੋਂ ਬਾਅਦ ਮੁੜ ਰਾਹਤ ਮਹਿਸੂਸ ਕਰਨ ਲੱਗੇ ਬਾਸਮਤੀ ਦੇ ‘ਐਕਸਪੋਰਟਰ’ ਤੇ ‘ਉਤਪਾਦਕ’

ਗੁਰਦਾਸਪੁਰ (ਹਰਮਨਪ੍ਰੀਤ) - 2 ਸਾਲ ਪਹਿਲਾਂ ਕਈ ਦੇਸ਼ਾਂ ਵੱਲੋਂ ਭਾਰਤ ਦੀ ਬਾਸਮਤੀ ’ਚ ਰਸਾਇਣਾ ਦੀ ਮਾਤਰਾ ਜ਼ਿਆਦਾ ਦੱਸ ਕੇ ਬਾਸਮਤੀ ਦੀ ਬਰਾਮਦ ਕਰ ਦਿੱਤੇ ਜਾਣ ਮਗਰੋਂ ਹੁਣ ਪੰਜਾਬ ਸਮੇਤ ਦੇਸ਼ ਦੇ ਹੋਰ ਹਿਸਿਆਂ ’ਚ ਪੈਦਾ ਹੁੰਦੀ ਬਾਸਮਤੀ ਦੀ ਮੰਗ ’ਚ ਵਾਧਾ ਹੋਣ ਲੱਗ ਪਿਆ ਹੈ। ਖਾਸ ਤੌਰ 'ਤੇ ਇਸ ਸਾਲ ਤਾਲਬੰਦੀ ਦੇ ਚਲਦਿਆਂ ਜਿਥੇ ਵਿਦੇਸ਼ਾਂ ਵਿਚ ਬਾਸਮਤੀ ਦੀ ਮੰਗ ਵਧੀ ਹੈ, ਉਸ ਦੇ ਨਾਲ ਹੀ ਬਾਸਮਤੀ ਦੀ ਫਸਲ ਵਿਚ ਪਾਏ ਜਾਣ ਵਾਲੇ ਕਰੀਬ 9 ਕਿਸਮ ਦੇ ਜ਼ਹਿਰਾਂ ਦੀ ਵਰਤੋਂ ਰੋਕਣ ਲਈ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਚੁੱਕੇ ਗਏ ਕਦਮਾਂ ਨੇ ਵੀ ਵਿਦੇਸ਼ਾਂ ਅੰਦਰ ਬਾਸਮਤੀ ਦੀ ਮੰਗ ਵਿਚ ਮੁੜ ਵਾਧਾ ਕਰ ਦਿੱਤਾ ਹੈ। ਇਸ ਦੇ ਚਲਦਿਆਂ ਜਿਥੇ ਬਾਸਮਤੀ ਦੇ ਐਕਸਪੋਰਟਰਾਂ ਨੂੰ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਰੇਟ ਮਿਲ ਰਿਹਾ ਹੈ। ਉਸ ਨਾਲ ਪਿਛਲੇ ਸਾਲ ਬਾਸਮਤੀ ਦੇ ਰੇਟ ਨੂੰ ਲੈ ਕੇ ਨਿਰਾਸ਼ ਹੋਏ ਕਿਸਾਨਾਂ ਨੂੰ ਵੀ ਕੁਝ ਰਾਹਤ ਮਿਲੀ ਹੈ। ਖਾਸ ਤੌਰ ’ਤੇ ਆਉਣ ਵਾਲੇ ਸੀਜਨ ਵਿਚ ਬਾਸਮਤੀ ਦੀ ਬਰਾਮਦ ਸਬੰਧੀ ਵੱਡੇ ਆਰਡਰ ਮਿਲਣ ਦੀ ਸੰਭਾਵਨਾ ਦੇ ਚਲਦਿਆਂ ਬਰਾਮਦਕਾਰਾਂ ਵੱਲੋਂ ਹੁਣ ਤੋਂ ਹੀ ਬਾਸਮਤੀ ਦੀ ਲਵਾਈ ਕਰਵਾਉਣ ਅਤੇ ਬੁਕਿੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੇ ਜਾਣ ਕਾਰਨ ਇਸ ਸਾਲ ਕਈ ਕਿਸਾਨਾਂ ਦਾ ਰੁਝਾਨ ਮੁੜ ਬਾਸਮਤੀ ਵੱਲ ਹੋ ਰਿਹਾ ਹੈ।

ਬਾਸਮਤੀ ਦੇ ਐਕਸਪੋਰਟਰਾਂ ਨੂੰ ਮਿਲੀ ਰਾਹਤ
ਅੰਤਰਰਾਸ਼ਟਰੀ ਪੱਧਰ ’ਤੇ ਬਾਸਮਤੀ ਦੇ ਰੇਟਾਂ ਵਿਚ ਕਰੀਬ 15 ਤੋਂ 20 ਫੀਸਦੀ ਤੱਕ ਦਾ ਵਾਧਾ ਹੋਣ ਕਾਰਨ ਬਾਸਮਤੀ ਦੇ ਬਰਮਦਕਾਰਾਂ ਨੂੰ ਕਾਫੀ ਲਾਭ ਹੋ ਰਿਹਾ ਹੈ। ਇਕੱਤਰ ਜਾਣਕਾਰੀ ਅਨੁਸਾਰ ਤਾਲਾਬੰਦੀ ਤੋਂ ਪਹਿਲਾਂ 20 ਟਨ ਬਾਸਮਤੀ ਦਾ ਜਿਹੜਾ ਕੰਟੇਨਰ 10 ਤੋਂ 11 ਲੱਖ ਰੁਪਏ ਦਾ ਸੀ ਉਸਦੀ ਕੀਮਤ ਵਧ ਕੇ 12 ਤੋਂ 13 ਲੱਖ ਤੱਕ ਪਹੁੰਚ ਗਈ ਹੈ। ਇਸ ਨਾਲ ਬਾਸਮਤੀ ਦੇ ਬਰਾਮਦਕਾਰ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ।

ਹਰੇਕ ਸਾਲ 44 ਲੱਖ ਟਨ ਬਾਸਮਤੀ ਐਕਸਪੋਰਟ ਕਰਦਾ ਹੈ ਭਾਰਤ
ਭਾਰਤ ਵਿਚੋਂ ਹਰੇਕ ਸਾਲ ਕਰੀਬ 44 ਲੱਖ ਟਨ ਬਾਸਮਤੀ ਯੂਐਸਏ, ਮੱਧ ਏਸ਼ੀਆ, ਯੂਕਰੇਨ, ਤੁਰਕੀ, ਇੰਗਲੈਂਡ, ਸਵੀਡਨ, ਫਿਨਲੈਂਡ ਸਮੇਤ ਕਰੀਬ 80 ਦੇਸ਼ਾਂ ਵਿਚ ਐਕਸਪੋਰਟ ਹੁੰਦੀ ਹੈ। ਪੰਜਾਬ ਅਤੇ ਹਰਿਆਣਾ ਬਾਸਮਤੀ ਪੈਦਾ ਕਰਨ ਵਾਲੇ ਪ੍ਰਮੁੱਖ ਸੂਬੇ ਹਨ ਜਿਨਾਂ ਵਿਚੋਂ ਜੋ ਪੂਰੇ ਦੇਸ਼ ਵਿਚੋਂ ਐਕਸਪੋਰਟ ਹੋਣ ਵਾਲੀ ਬਾਸਮਤੀ ਦਾ 80 ਫੀਸਦੀ ਯੋਗਦਾਨ ਪਾਉਂਦੇ ਹਨ। ਇਕੱਲਾ ਪੰਜਾਬ ਸੂਬਾ ਹੀ ਹਰੇਕ ਸਾਲ 20 ਲੱਖ ਟਨ ਬਾਸਮਤੀ ਪੈਦਾ ਕਰਦਾ ਹੈ ਜਿਸ ਵਿਚੋਂ ਜਿਆਦਾ ਹਿੱਸਾ ਇਨਾਂ ਦੇਸ਼ਾਂ ਨੂੰ ਬਰਾਮਦ ਕੀਤਾ ਜਾਂਦਾ ਹੈ।

ਦੋ ਸਾਲ ਪਹਿਲਾਂ ਬੰਦ ਹੋਣ ਕਿਨਾਰੇ ਪਹੁੰਚ ਗਈ ਸੀ ਬਾਸਮਤੀ ਦੀ ਐਕਸਪੋਰਟ
ਦੋ ਸਾਲ ਪਹਿਲਾਂ ਪੰਜਾਬ ਸਮੇਤ ਦੇਸ਼ ਦੇ ਹੋਰ ਹਿਸਿਆਂ ਵਿਚ ਬਾਸਮਤੀ ਦੀ ਫਸਲ 'ਚ ਵਰਤੇ ਜਾਂਦੇ ਕੀਟਨਾਸ਼ਕਾਂ ਕਾਰਨ ਕਈ ਦੇਸ਼ਾਂ ਨੇ ਭਾਰਤ ਦੀ ਬਾਸਮਤੀ ਲੈਣੀ ਬੰਦ ਕਰ ਦਿੱਤੀ ਸੀ ਜਿਸ ਦੇ ਚਲਦਿਆਂ ਬਾਸਮਤੀ ਦੇ ਰੇਟਾਂ 'ਤੇ ਕਾਫੀ ਅਸਰ ਪਿਆ ਸੀ। ਇਥੋਂ ਤੱਕ ਕਈ ਯੂਰਪੀਅਨ ਦੇਸ਼ਾਂ, ਨਾਰਵੇ, ਇੰਗਲੈਂਡ, ਫਿਨਲੈਂਡ ਸਮੇਤ ਕਈ ਦੇਸ਼ਾਂ ਵੱਲੋਂ ਬਾਸਮਤੀ ਦੇ ਕਰੀਬ 100 ਕੰਟੇਨਰ ਵਾਪਸ ਕਰ ਦਿੱਤੇ ਜਾਣ ਕਾਰਨ ਬਾਸਮਤੀ ਦੇ ਬਰਾਮਦਕਾਰਾਂ ਨੂੰ ਕਾਫੀ ਨੁਕਸਾਨ ਹੋਇਆ ਸੀ। ਯੂਰਪੀ ਦੇਸ਼ਾਂ ਨੇ ਉਸ ਮੌਕੇ ਬਾਸਮਤੀ ’ਚ ਟਰਾਈਸਾਈਕਲੋਜੋਲ ਦੀ ਮਾਤਰਾ ਪ੍ਰਤੀ ਕਿਲੋ ਇਕ ਮਿਲੀ ਗ੍ਰਾਮ ਤੋਂ ਘੱਟ ਕਰਕੇ 0.01 ਮਿਲੀਗ੍ਰਾਮ ਕਰਨ ਲਈ ਕਿਹਾ ਸੀ। ਇਸ ਕਾਰਨ ਪੰਜਾਬ ਸਮੇਤ ਕਈ ਥਾਈਂ ਬਾਸਮਤੀ ਵਿਚ ਵਰਤੀਆਂ ਜਾਣ ਵਾਲੀਆਂ ਕਰੀਬ 9 ਕਿਸਮ ਦੀਆਂ ਪ੍ਰਮੁੱਖ ਜ਼ਹਿਰਾਂ ਦੀ ਵਰਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਕਾਰਨ ਹੁਣ ਵਿਦੇਸ਼ਾਂ 'ਚ ਬਾਸਮਤੀ ਦੀ ਮੰਗ ਮੁੜ ਵਧੀ ਹੈ। ਖਾਸ ਤੌਰ 'ਤੇ 1121 ਅਤੇ 1718 ਕਿਸਮਾਂ ਦੀ ਮੰਗ ਕਾਫੀ ਜਿਆਦਾ ਦੱਸੀ ਜਾ ਰਹੀ ਹੈ।

ਐਡਵਾਂਸ ਬੁਕਿੰਗ ਕਰ ਰਹੇ ਹਨ ਐਕਸਪੋਰਟਰ
ਬਾਸਮਤੀ ਦੀ ਮੰਗ ਅਤੇ ਰੇਟ ਵਧਣ ਕਾਰਨ ਕਈ ਬਰਾਮਦਾਕਰਾਂ ਨੇ ਹੁਣ ਤੋਂ ਬਾਸਮਤੀ ਦੀ ਬੁਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਇਸ ਸਾਲ ਅਜੇ ਤੱਕ ਬਾਸਮਤੀ ਦੀ ਲਵਾਈ ਦਾ ਕੰਮ ਵੀ ਅਜੇ ਚੰਗੀ ਤਰਾਂ ਸ਼ੁਰੂ ਨਹੀਂ ਹੋਇਆ ਹੈ ਅਤੇ ਇਸ ਦੀ ਕਟਾਈ ਅਕਤੂਬਰ ਨਵੰਬਰ ਮਹੀਨਿਆਂ ਦੌਰਾਨ ਹੋਣੀ ਹੈ। ਐਕਸਪੋਰਟਰ ਇਹ ਮੰਨ ਕੇ ਚਲ ਰਹੇ ਹਨ ਕਿ ਇਸ ਸਾਲ ਬਾਸਮਤੀ ਦੇ ਕਟਾਈ ਹੋਣ ਬਾਅਦ ਉਹ 36 ਹਜ਼ਾਰ ਕਰੋੜ ਦਾ ਕਾਰੋਬਾਰ ਕਰਨਗੇ, ਜੋ ਪਿਛਲੇ ਸਾਲ ਨਾਲ ਕਰੀਬ 10 ਫੀਸਦੀ ਜਿਆਦਾ ਹੈ। ਆਮ ਤੌਰ 'ਤੇ ਪੰਜਾਬ ਵਿਚੋਂ 20 ਲੱਖ ਟਨ ਬਾਸਮਤੀ ਐਕਸਪੋਰਟ ਹੁੰਦੀ ਰਹੀ ਹੈ। ਪਰ ਇਸ ਸਾਲ ਇਹ ਮਾਤਰਾ 23-24 ਲੱਖ ਟਨ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਕਿਸਾਨਾਂ ਨੂੰ ਵੀ ਇਸ ਦਾ ਚੰਗਾ ਭਾਅ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਬਾਸਮਤੀ ਵੱਲੋਂ ਹੋਣ ਲੱਗਾ ਕਿਸਾਨਾਂ ਦਾ ਰੁਝਾਨ
ਪਿਛਲੇ ਸਾਲ ਪੰਜਾਬ ਦੇ ਕਿਸਾਨਾਂ ਨੂੰ ਸਿਰਫ 2500 ਤੋਂ 3300 ਰੁਪਏ ਪ੍ਰਤੀ ਕੁਇੰਟਲ ਰੇਟ ਮਿਲਿਆ ਸੀ, ਜਿਸ ਕਾਰਨ ਕਈ ਕਿਸਾਨਾਂ ਨੇ ਇਸ ਸਾਲ ਬਾਸਮਤੀ ਦੀ ਕਾਸ਼ਤ ਤੋਂ ਮੂੰਹ ਮੋੜ ਲਿਆ ਸੀ। ਪਰ ਹੁਣ ਮੁੜ ਬਾਸਮਤੀ ਦੀ ਵਧ ਰਹੀ ਮੰਗ ਨੂੰ ਦੇਖਦਿਆਂ ਕਿਸਾਨਾਂ ਵੱਲੋਂ ਮੁੜ ਬਾਸਮਤੀ ਹੇਠ ਰਕਬਾ ਵਧਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਭਾਵੇਂ ਕਈ ਕਿਸਾਨਾਂ ਨੇ ਪਨੀਰੀ ਨਹੀਂ ਵੀ ਤਿਆਰ ਕੀਤੀ, ਉਨ੍ਹਾਂ ਵੱਲੋ ਸਿੱਧੀ ਬਿਜਾਈ ਕਰਕੇ ਬਾਸਮਤੀ ਹੇਠ ਰਕਬਾ ਵਧਾਉਣ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ। ਇਸ ਕਾਰਨ ਪੰਜਾਬ ਅੰਦਰ ਇਸ ਸਾਲ ਬਾਸਮਤੀ ਹੇਠ ਰਕਬਾ 7 ਲੱਖ ਹੈਕਟੇਅਰ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਜਾ ਰਿਹਾ, ਜਦੋਂ ਕਿ ਪਿਛਲੇ ਸਾਲ ਇਹ ਰਕਬਾ 6.29 ਲੱਖ ਹੈਕਟੇਅਰ ਦੇ ਕਰੀਬ ਸੀ।

ਕਿਹੜੇ 9 ਜ਼ਹਿਰਾਂ ਦੀ ਵਰਤੋਂ ਹੈ ਨੁਕਸਾਨਦੇਹ
ਖੇਤੀਬਾੜੀ ਵਿਭਾਗ ਵੱਲੋਂ ਇਸ ਸਾਲ ਹੁਣ ਤੋਂ ਕਿਸਾਨਾਂ ਨੂੰ 9 ਜਹਿਰਾਂ ਦੀ ਵਰਤੋਂ ਬਾਸਮਤੀ ਦੇ ਖੇਤਾਂ ਵਿਚ ਨਾ ਕਰਨ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ। ਇਨ੍ਹਾਂ ’ਚ ਮੁੱਖ ਤੌਰ ’ਤੇ ਐਸੀਫੇਟ, ਟ੍ਰਾਈਜੋਫਾਸ, ਥਾਇਆਮਿਥੌਕਸਮ, ਕਾਰਬੈਂਡਾਜਮ, ਟ੍ਰਾਈਸਾਈਕੋਲਾਜਲ, ਬੁਪਰੋਫਿਜਿਨ, ਕਾਰਬੋਬਿਊਰੋਨ, ਪ੍ਰੋਪੀਕੋਨਾਜੋਲ, ਥਾਇਓਫੀਨੇਟ ਮਿਥਾਇਲ ਸ਼ਾਮਲ ਹਨ।

ਕੀ ਹੈ ਝੋਨੇ ਦੀ ਲਵਾਈ ਦੀ ਸਥਿਤੀ?
ਪਿਛਲੇ ਸਾਲ ਹੁਣ ਤੱਕ ਪੰਜਾਬ ਅੰਦਰ ਕਿਸਾਨਾਂ ਵੱਲੋਂ 11.84 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਕੀਤੀ ਜਾ ਚੁੱਕੀ ਸੀ ਜਦੋਂ ਕਿ ਇਸ ਸਾਲ ਇਹ ਰਕਬਾ ਸਿਰਫ 9.39 ਹੈਕਟੇਅਰ ਹੈ। ਇਸ ਸਾਲ ਕਿਸਾਨਾਂ ਨੇ ਸਿੱਧੀ ਬਿਜਾਈ ਨੂੰ ਏਨਾ ਵੱਡਾ ਹੁੰਗਾਰਾ ਦਿੱਤਾ ਹੈ ਕਿ ਪਿਛਲੇ ਸਾਲ ਸੂਬੇ ਅੰਦਰ ਸਿੱਧੀ ਬਿਜਾਈ ਹੇਠਲੇ ਕੁੱਲ 23 ਹਜ਼ਾਰ 300 ਹੈਕਟੇਅਰ ਰਕਬੇ ਦੇ ਮੁਕਾਬਲੇ ਇਸ ਸਾਲ ਇਹ ਰਕਬਾ 3 ਲੱਖ ਹੈਕਟੇਅਰ ਤੋਂ ਵੀ ਜ਼ਿਆਦਾ ਹੋ ਚੁੱਕਾ ਹੈ। ਪੰਜਾਬ ਅੰਦਰ 22 ਜੂਨ ਤੱਕ ਕਿਸਾਨਾਂ ਨੇ 12.39 ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਕੀਤੀ ਹੈ, ਜਿਸ ਵਿਚ ਸਿੱਧੀ ਬਿਜਾਈ ਵਾਲਾ 3 ਲੱਖ 80 ਹੈਕਟੇਅਰ ਰਕਬਾ ਵੀ ਸ਼ਾਮਲ ਹੈ। ਇਸ ਤਰ੍ਹਾਂ ਹੁਣ ਤੱਕ 9.39 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਰਵਾਇਤੀ ਢੰਗ ਨਾਲ ਹੋਈ ਹੈ।


author

rajwinder kaur

Content Editor

Related News