‘ਨਿਰੋਗੀ ਅਤੇ ਮਿਆਰੀ ਬੀਜ’ ਪੈਦਾ ਕਰਨ ਲਈ ਨੁਕਤੇ

02/27/2024 4:46:44 PM

ਨਿਰੋਗੀ ਅਤੇ ਮਿਆਰੀ ਬੀਜ ਇਕ ਚੰਗੀ ਫ਼ਸਲ ਦਾ ਅਧਾਰ ਹੁੰਦੇ ਹਨ । ਕਿਸਾਨ ਵੀਰ ਆਏ ਸਾਲ ਨਵਾਂ ਬੀਜ, ਬੀਜਾਂ ਵਾਲੀ ਦੁਕਾਨ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਕਿਸੇ ਹੋਰ ਬੀਜ ਬਣਾਉਣ ਵਾਲੇ ਅਦਾਰੇ ਤੋਂ ਖਰੀਦਦੇ ਹਨ, ਜੋ ਕਿ ਉਨ੍ਹਾਂ ਨੂੰ ਬਹੁਤ ਮਹਿੰਗਾ ਪੈਂਦਾ ਹੈ। ਆਪ ਬੀਜ ਤਿਆਰ ਕਰਕੇ ਇਸ ਖਰਚੇ ਨੂੰ ਘਟਾ ਕੇ ਵੱਧ ਮੁਨਾਫ਼ਾ ਕਮਾ ਸਕਦੇ ਹਾਂ । ਉਸ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਜਿਵੇਂ ਕਿ ਮੁੱਢਲਾ ਬੀਜ । ਮੁੱਢਲਾ ਬੀਜ, ਉਹ ਲੋੜ ਮੁਤਾਬਕ (ਬੁਨਿਆਦੀ/ਤਸਦੀਕਸ਼ੁਦਾ), ਪੰਜਾਬ ਖੇਤੀਬਾੜੀ ਯੂਨੀਵਰਸਿਟੀ / ਪਨਸੀਡ ਆਦਿ ਤੋਂ ਲੈ ਸਕਦੇ ਹਨ । ਇਹ ਜ਼ਰੂਰੀ ਹੈ ਕਿ ਜਿਸ ਬੀਜ ਤੋਂ ਅਗਾਂਹ ਬੀਜ ਵਧਾਉਣਾ ਹੈ, ਉਹ ਬੀਮਾਰੀਆਂ ਤੋਂ ਰਹਿਤ ਹੋਣਾ ਚਾਹੀਦਾ ਹੈ, ਖਾਸ ਕਰਕੇ ਜਿਹੜੀਆਂ ਬੀਮਾਰੀਆਂ ਬੀਜ ਰਾਹੀਂ ਫੈਲਦੀਆਂ ਹਨ, ਜਿਵੇਂ ਕਿ, ਸਿੱਟਿਆਂ ਦੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ ਅਤੇ ਕਰਨਾਲ ਬੰਟ। ਇਨ੍ਹਾਂ ਬੀਮਾਰੀਆਂ ਤੋਂ ਰਹਿਤ ਬੀਜ ਅਤੇ ਖਾਲਸ ਬੀਜ ਤਿਆਰ ਕਰਨ ਲਈ ਬਿਜਾਈ ਤੋਂ ਲੈ ਕੇ ਬੀਜ ਦੀ ਸਾਂਭ-ਸੰਭਾਲ ਤੱਕ ਕੁੱਝ ਢੰਗ-ਤਰੀਕੇ ਅਪਣਾਉਣ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਕਿਸਮ ਦੀ ਚੋਣ, ਬੀਜ ਦੀ ਮਾਤਰਾ, ਬੀਜ ਦੀ ਸੋਧ ਆਦਿ। ਪਰ ਹੁਣ ਉਹ ਸਮਾਂ ਤਾਂ ਲੰਘ ਚੁੱਕਾ ਹੈ, ਪਰ ਫਿਰ ਵੀ ਇਸ ਮੌਕੇ ਕੁੱਝ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਨਿਰੋਗੀ ਬੀਜ ਦੀ ਪੈਦਾਵਾਰ  ਕਰ  ਸਕਦੇ ਹਾਂ। ਇਨ੍ਹਾਂ ਵਿੱਚੋਂ  ਸਭ ਤੋਂ ਮਹੱਤਵਪੂਰਨ ਹੈ, ਆਪਣੇ ਖੇਤਾਂ ਦੇ ਸਰਵੇਖਣ/ਨਿਰੀਖਣ, ਖਾਸ ਕਰਕੇ ਜਿਸ ਵਿਚੋਂ ਕਿ ਅਸੀਂ ਬੀਜ ਰੱਖਣਾ ਚਾਹੁੰਦੇ ਹਾਂ। ਬੀਜ ਵਾਲੀ ਫ਼ਸਲ ਦਾ ਵੱਖ-ਵੱਖ ਸਮੇਂ ਨਿਰੀਖਣ ਹੇਠ ਲਿਖੇ ਅਨੁਸਾਰ ਕਰਨਾ ਚਾਹੀਦਾ ਹੈ:-
 
ਸਿੱਟੇ ਆਉਣ ਤੋਂ ਪਹਿਲਾਂ  
ਬੀਜ ਵਾਲੀ ਫ਼ਸਲ ਦਾ ਸਿੱਟੇ ਆਉਣ ਤੋਂ ਪਹਿਲਾਂ ਧਿਆਨ ਨਾਲ ਨਿਰੀਖਣ ਕਰਕੇ ਗ਼ੈਰ-ਕਿਸਮਾਂ ਦੇ ਬੂਟੇ, ਖੁਦ-ਉੱਗੇ ਬੂਟੇ, ਨਦੀਨਾਂ ਦੇ ਬੂਟੇ ਅਤੇ ਬੀਮਾਰੀ ਵਾਲੇ ਬੂਟੇ ਕੱਢ ਦੇਣੇ ਚਾਹੀਦੇ ਹਨ।

ਸਿੱਟੇ ਆਉਣ ’ਤੇ 
 ਜਿਨ੍ਹਾਂ ਅਣਚਾਹੇ ਬੂਟਿਆਂ ਦੀ ਪਹਿਲਾਂ ਪਛਾਣ ਨਹੀਂ ਹੁੰਦੀ, ਉਹ ਇਸ ਵਕਤ ਅਸਾਨੀ ਨਾਲ ਪਛਾਣੇ ਜਾਂਦੇ ਹਨ। ਇਨ੍ਹਾਂ ਗ਼ੈਰ-ਬੂਟਿਆਂ ਨੂੰ ਸਿੱਟੇ ਆਉਣ ਤੇ ਝੱਟ ਬਾਹਰ ਕੱਢ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਫ਼ਸਲ ਨੂੰ ਦੂਜੀ ਕਿਸਮ ਦੇ ਪਾਰ-ਪ੍ਰਾਗਣ ਤੋਂ ਬਚਾਇਆ ਜਾ ਸਕਦਾ ਹੈ। ਇਹੀ ਸਮਾਂ ਹੈ ਜਦੋਂ ਸਿੱਟਿਆਂ ਦੀ ਕਾਂਗਿਆਰੀ ਅਤੇ ਪੱਤਿਆਂ ਦੀ ਕਾਗਿਆਰੀ ਵਾਲੇ ਬੂਟੇ ਵੀ ਖੇਤ ਵਿਚ ਨਜ਼ਰ ਆਉਣ ਲੱਗ ਜਾਂਦੇ ਹਨ। ਇਨ੍ਹਾਂ ਬਿਮਾਰੀ ਨਾਲ ਪ੍ਰਭਾਵਿਤ ਬੂਟਿਆਂ/ ਸਿੱਟਿਆਂ ਨੂੰ ਧਿਆਨ ਨਾਲ ਕੱਢ ਕੇ ਇਕ ਬੋਰੀ ਵਿਚ ਇਕੱਠੇ ਕਰਕੇ ਨਸ਼ਟ ਕਰ ਦਿਉ। ਨਿਰੀਖਣ ਕਰਦਿਆਂ ਕਿਸਮਾਂ ਦੇ ਬੂਟੇ ਕੱਢਦਿਆਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਸੂਰਜ ਤੁਹਾਡੇ ਪਿਛਲੇ ਪਾਸੇ ਹੋਵੇ ਜਾਂ ਇਕ ਪਾਸੇ ਹੋਵੇ। ਇਹ ਹੀ ਢੁੱਕਵਾਂ ਸਮਾਂ ਹੈ ਜਦੋਂ ਕਰਨਾਲ ਬੰਟ ਨਾ ਦੀ ਬੀਮਾਰੀ ਤੋਂ ਫਸਲ ਨੂੰ ਬਚਾਅ ਸਕਦੇ ਹਾਂ । ਕਰਨਾਲ ਬੰਟ ਰਹਿਤ ਬੀਜ ਤਿਆਰ ਕਰਨ ਲਈ, ਸਿੱਟੇ ਨਿਕਲਣ ਵੇਲੇ 200 ਮਿਲੀਲੀਟਰ ਟਿਲਟ 25 ਈ. ਸੀ. ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਇਕ ਛਿੜਕਾਅ ਕਰ ਦਿਉ।

ਬੀਜ ਦੀ ਕਟਾਈ, ਗਹਾਈ ਅਤੇ ਸਾਂਭ-ਸੰਭਾਲ
ਬੀਜ ਵਾਲੀ ਫ਼ਸਲ ਨੂੰ ਚੰਗੀ ਪੂਰੀ ਤਰ੍ਹਾਂ ਪੱਕ ਜਾਣ ’ਤੇ ਹੀ ਕੱਟਣਾ ਚਾਹੀਦਾ ਹੈ। ਕਟਾਈ ਅਤੇ  ਗਹਾਈ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਦੂਸਰੀ ਕਿਸਮ ਦੇ ਦਾਣੇ ਉਸ ਵਿਚ ਨਾ ਮਿਲ ਜਾਣ। ਥਰੈਸ਼ਰ ਨੂੰ ਵਰਤੋਂ ਵਿਚ ਲਿਆਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਬੀਜ ਨੂੰ ਚੰਗੀ ਤਰ੍ਹਾਂ ਧੁੱਪ ਵਿਚ ਸੁਕਾ ਲਓ, ਤਾਂ ਕਿ ਨਮੀ 10 ਪ੍ਰਤੀਸ਼ਤ ਤੋਂ ਘੱਟ ਹੋਵੇ ਅਤੇ ਗੋਦਾਮ ਵਿਚ ਊੱਲੀਆਂ ਜਾਂ ਕੀੜਿਆਂ ਦਾ ਹਮਲਾ ਨਾ ਹੋ ਸਕੇ। ਬੀਜ ਨੂੰ ਸੁਸਰੀ ਅਤੇ ਗੁਦਾਮ ਦੇ ਹੋਰ ਕੀੜੇ ਮਕੌੜਿਆਂ ਤੋਂ ਬਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੇ ਤਰੀਕੇ ਵਰਤੇ ਜਾਣ। ਸਿੱਟਿਆਂ ਦੀ ਕਾਗਿਆਰੀ ਤੋਂ ਪੂਰੀ ਤਰ੍ਹਾਂ ਬੀਜ ਨੂੰ ਮੁਕਤ ਕਰਨ ਲਈ, ਮਈ/ਜੂਨ ਦੇ ਮਹੀਨੇ ਕਣਕ ਦੇ ਬੀਜ ਨੂੰ ਸਵੇਰੇ 8 ਵਜੇ ਤੋਂ ਲੈ ਕੇ ਦੁਪਿਹਰ ਦੇ 12 ਵਜੇ ਤੱਕ ਪਾਣੀ ਵਿਚ ਭਿਓਂ ਕੇ ਰੱਖੋ। ਉਸ ਦਿਨ ਧੁੱਪ ਖੂਬ ਹੋਵੇ। ਪਿਛੋਂ ਇਹ ਬੀਜ ਪੱਕੇ ਫਰਸ਼, ਚਟਾਈਆਂ ਜਾਂ ਤਰਪਾਲਾਂ ਉੱਪਰ ਧੁੱਪ ਵਿਚ ਸੁੱਕਣੇ ਪਾ ਦਿਓ। ਇਸ ਤਰ੍ਹਾਂ ਕਰਨ ਲਈ ਬੀਜ ਦੇ ਅੰਦਰ ਪਲ ਰਹੇ ਬੀਮਾਰੀ ਦੇ ਕਣ ਨਸ਼ਟ ਹੋ ਜਾਂਦੇ ਹਨ। 

ਇਸੇ  ਤਰ੍ਹਾਂ ਕਰਨਾਲ ਬੰਟ ਲਈ ਬਹੁਤ ਅਸਾਨ ਤਰੀਕੇ ਨਾਲ ਆਪਣੇ ਬੀਜ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ ਜਾ ਸਕਦਾ ਹੈ। ਇਸ ਲਈ ਬੀਜ ਦੀ ਸੰਭਾਲ ਤੋਂ ਪਹਿਲਾਂ, ਇਕ ਮੁੱਠੀ ਦਾਣਿਆਂ ਨੂੰ ਪਾਣੀ ਵਿਚ ਕੁਝ ਮਿੰਟਾਂ ਲਈ ਭਿਓਂ ਦਿਉ। ਉਸ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢ ਕੇ ਇਕ ਚਿੱਟੇ ਕਾਗਜ਼ ’ਤੇ ਫੈਲਾਉ। ਜੇਕਰ 4-5 ਦਾਣੇ ਉਤੇ ਕਰਨਾਲ ਬੰਟ ਦੇ ਲੱਛਣ ਨਜ਼ਰ ਆਉਣ ਤਾਂ ਇਹ ਅਗਲੇ ਸਾਲ ਇਸ ਨੂੰ ਬੀਜ ਲਈ ਨਾ ਵਰਤੋ।
ਇਹ ਸਭ ਕਰਨ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਸੁੱਕੇ ਹੋਏ ਦਾਣਿਆਂ ਨੂੰ ਬੋਰੀਆਂ ਵਿਚ ਭਰ ਦਿਉ। ਬੀਜ ਵਾਲੀਆਂ ਬੋਰੀਆਂ ਨੂੰ ਕਿਸਮ ਸੰਬੰਧੀ ਨੰਬਰ ਲਗਾਉਣਾ ਚਾਹੀਦਾ ਹੈ। 1-2 ਲੈਬਲ ਬੋਰੀ ਦੇ ਅੰਦਰ ਵੀ ਪਾ ਦੇਣੇ ਚਾਹੀਦੇ ਹਨ ਤਾਂ ਜੋ ਕਿਤੇ ਰਲਾ ਨਾ ਹੋ ਸਕੇ।

—ਰਿਤੂ ਬਾਲਾ ਤੇ ਜਸਪਾਲ ਕੌਰ


 


Shivani Bassan

Content Editor

Related News