11 ਅਪ੍ਰੈਲ ਤੋਂ ਹੁਣ ਤੱਕ 1,27,225 ਹੈਕਟੇਅਰ ਰਕਬੇ ‘ਤੇ ਟਿੱਡੀ ਦਲ ਕਾਬੂ

6/29/2020 10:03:47 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਗੁਜਰਾਤ, ਪੰਜਾਬ ਅਤੇ ਮਹਾਰਾਸ਼ਟਰ ਰਾਜਾਂ ਵਿੱਚ ਟਿੱਡੀ ਕੰਟਰੋਲ ਅਪਰੇਸ਼ਨ ਚਲ ਰਹੇ ਹਨ। ਟਿੱਡੀ ਸਰਕਲ ਦਫ਼ਤਰਾਂ ਦੀਆਂ ਕੁੱਲ 60 ਗਰਾਊਂਡ ਕੰਟਰੋਲ ਟੀਮਾਂ ਅਤੇ 12 ਡ੍ਰੋਨ ਟਿੱਡੀ ਕੰਟਰੋਲ ਕਾਰਜਾਂ ਲਈ ਵਰਤੀਆਂ ਜਾ ਰਹੀਆਂ ਹਨ। ਟਿੱਡੀ ਦਲ ਦੀ ਚੇਤਾਵਨੀ ਦੇ ਸੰਗਠਨ ਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ 10 ਟਿੱਡੀ ਸਰਕਲ ਦਫ਼ਤਰ ਰਾਜਸਥਾਨ ਅਤੇ ਗੁਜਰਾਤ ਦੇ ਰੇਗਿਸਤਾਨ ਵਾਲੇ ਇਲਾਕਿਆਂ ਵਿੱਚ ਟਿੱਡੀ ਕੰਟਰੋਲ ਅਪਰੇਸ਼ਨ ਚਲਾਉਂਦੇ ਹਨ। ਰਾਜ ਸਰਕਾਰਾਂ ਉਨ੍ਹਾਂ ਦੇ ਖੇਤੀਬਾੜੀ ਵਿਭਾਗਾਂ ਦੁਆਰਾ ਫਸਲੀ ਖੇਤਰ ਵਿੱਚ ਟਿੱਡੀਆਂ ਨੂੰ ਕੰਟਰੋਲ ਕਰਦੀਆਂ ਹਨ। ਇਸ ਸਾਲ 11 ਅਪ੍ਰੈਲ 2020 ਤੋਂ ਸ਼ੁਰੂ ਕੀਤੇ ਗਏ ਕੰਟਰੋਲ ਕਾਰਜ ਦੌਰਾਨ 26 ਜੂਨ, 2020 ਤੱਕ 1,27,225 ਹੈਕਟੇਅਰ ਰਕਬੇ ਨੂੰ ਨਿਯੰਤਰਿਤ ਕੀਤਾ ਗਿਆ ਹੈ।

2x4 ਕਿਲੋਮੀਟਰ ਆਕਾਰ ਦਾ ਇੱਕ ਝੁੰਡ ਜੋ ਪਹਿਲਾਂ ਝੁੰਝੁਨੂ ਜ਼ਿਲ੍ਹਾ (ਰਾਜਸਥਾਨ) ਵਿੱਚ 26 ਜੂਨ 2020 ਨੂੰ ਕਾਬੂ ਕੀਤਾ ਗਿਆ, ਜਿਸ ਤੋਂ ਬਾਅਦ ਇਹ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵੱਲ ਚਲਾ ਗਿਆ। ਰੇਵਾੜੀ ਵਿੱਚ ਇਸ ਝੁੰਡ ਨੂੰ ਰਾਜ ਦੇ ਖੇਤੀਬਾੜੀ ਵਿਭਾਗ ਨੇ 40 ਟ੍ਰੈਕਟਰ ਅਤੇ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੈਨਾਤ ਕਰ ਕੇ ਕੰਟਰੋਲ ਕੀਤਾ। ਦੋ ਗਰਾਊਂਡ ਕੰਟਰੋਲ ਟੀਮਾਂ ਅਤੇ ਟਿੱਡੀ ਸਰਕਲ ਦਫ਼ਤਰ ਦੇ ਅਧਿਕਾਰੀ ਵੀ ਉਨ੍ਹਾਂ ਵਿੱਚ ਸ਼ਾਮਲ ਹੋਏ। ਕੰਟਰੋਲ ਅਪ੍ਰੇਸ਼ਨ 27 ਜੂਨ 2020 ਨੂੰ ਅੱਧੀ ਰਾਤ ਤੋਂ ਸਵੇਰ ਦੇ ਸਮੇਂ ਤੱਕ ਕੀਤੇ ਗਏ।

ਸ਼ੁਰੂ ਵਿੱਚ ਇਹ ਝੁੰਡ ਸਵੇਰੇ ਝੱਜਰ ਜ਼ਿਲ੍ਹੇ ਵੱਲ ਵਧਿਆ ਅਤੇ ਫਿਰ ਹਵਾ ਦੀ ਦਿਸ਼ਾ ਤੋਂ ਬਾਅਦ ਪੂਰਬ ਵੱਲ ਮੁੜਿਆ। ਇਹ ਝੁੰਡ 3-4 ਛੋਟੇ ਝੁੰਡਾਂ ਵਿੱਚ ਵੰਡਿਆ ਗਿਆ ਜਿੰਨ੍ਹਾਂ ਵਿੱਚੋਂ ਇੱਕ ਨੂਹ (ਹਰਿਆਣਾ) ਵੱਲ ਵਧਿਆ ਅਤੇ ਦੋ ਝੁੰਡ ਗੁਰੂਗ੍ਰਾਮ ਤੋਂ ਹੁੰਦੇ ਹੋਏ ਉੱਤਰ ਪ੍ਰਦੇਸ਼ ਵੱਲ ਚਲੇ ਗਏ।

ਹਰਿਆਣਾ ਵਿੱਚ ਤੈਨਾਤ ਦੋ ਟੀਮਾਂ ਇਨ੍ਹਾਂ ਝੁੰਡਾਂ ਦਾ ਪਿੱਛਾ ਕਰ ਰਹੀਆਂ ਹਨ। ਪੰਜ ਹੋਰ ਜ਼ਮੀਨੀ ਕੰਟਰੋਲ ਟੀਮਾਂ ਨੂੰ ਰਾਜਸਥਾਨ ਦੇ ਨਾਗੌਰ ਅਤੇ ਜੈਪੁਰ ਤੋਂ ਭੇਜਿਆ ਗਿਆ ਹੈ ਤਾਂ ਜੋ ਯੂ ਪੀ ਵਿੱਚ ਕੰਟਰੋਲ ਕਾਰਜਾਂ ਵਿੱਚ ਸ਼ਾਮਲ ਹੋ ਸਕਣ। ਅਪ੍ਰੇਸ਼ਨਾਂ ਵਿੱਚ ਸ਼ਾਮਲ ਹੋਣ ਲਈ ਡ੍ਰੋਨ ਵੀ ਜੈਸਲਮੇਰ ਤੋਂ ਭੇਜ ਦਿੱਤੇ ਗਏ ਹਨ। ਹਰਿਆਣਾ ਅਤੇ ਯੂ.ਪੀ. ਦੇ ਖੇਤੀਬਾੜੀ ਵਿਭਾਗਾਂ ਨੂੰ ਲਗਾਤਾਰ ਸੂਚਿਤ ਰੱਖਿਆ ਗਿਆ ਹੈ ਅਤੇ ਉਹ ਜਿੱਥੇ ਵੀ ਝੁੰਡ ਆਖ਼ਰਕਾਰ ਟਿਕਦੇ ਹਨ  ਉੱਥੇ ਕੰਟਰੋਲ ਲਈ ਜ਼ਰੂਰੀ ਪ੍ਰਬੰਧ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ 27 ਤਾਰੀਖ ਨੂੰ ਰੇਵਾੜੀ ਵਿਖੇ ਕੰਟਰੋਲ ਅਭਿਆਨ ਤੋਂ ਇਲਾਵਾ ਟਿੱਡੀ ਸਰਕਲ ਦਫ਼ਤਰਾਂ ਦੀਆਂ ਜ਼ਮੀਨੀ ਕੰਟਰੋਲ ਟੀਮਾਂ ਦੁਆਰਾ ਰਾਜ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਜੈਸਲਮੇਰ ਵਿੱਚ 2 ਥਾਵਾਂ, ਬਾੜਮੇਰ ਵਿੱਚ 6 ਟਿਕਾਣਿਆਂ ਤੇ ਟਿੱਡੀ ਦਲ ਕੰਟਰੋਲ ਕੀਤੇ ਗਏ ਹਨ। ਜੋਧਪੁਰ ਵਿੱਚ 6, ਬੀਕਾਨੇਰ ਵਿੱਚ 4, ਨਾਗੌਰ ਵਿੱਚ 4, ਰਾਜਸਥਾਨ ਵਿੱਚ ਜੈਪੁਰ ਅਤੇ ਸੀਕਰ ਜ਼ਿਲ੍ਹੇ ਵਿੱਚ 1 ਜਗ੍ਹਾ ਤੇ ਇਸ ਨੂੰ ਕੰਟਰੋਲ ਕੀਤਾ ਗਿਆ ਹੈ । ਇਸ ਤੋਂ ਇਲਾਵਾ, ਯੂਪੀ ਵਿੱਚ 1 ਜਗ੍ਹਾ 'ਤੇ ਕੰਟਰੋਲ ਅਪਰੇਸ਼ਨ ਚਲਾਏ ਗਏ ਹਨ।

ਟਿੱਡੀ ਕੰਟਰੋਲ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮ –
1. ਭਾਰਤ ਵਿੱਚ ਟਿੱਡੀ ਦਲ ਨੂੰ ਕਾਬੂ ਕਰਨ ਲਈ, ਜਨਵਰੀ 2020 ਦੌਰਾਨ 10 ਜ਼ਮੀਨੀ ਸਪਰੇਅ ਉਪਕਰਣ ਮਾਈਕ੍ਰੋਨ, ਯੂਕੇ ਅਤੇ ਜੂਨ 2020 ਵਿੱਚ 15 ਉਪਕਰਣਾਂ ਦੀ ਦਰਾਮਦ ਕੀਤੀ ਗਈ ਸੀ । ਜੁਲਾਈ 2020 ਦੇ ਮਹੀਨੇ ਵਿੱਚ ਵਾਧੂ 45 ਜ਼ਮੀਨੀ ਸਪਰੇਅ ਉਪਕਰਣ ਪਹੁੰਚ ਜਾਣਗੇ ਅਤੇ ਟਿੱਡੀ ਸਰਕਲ ਦਫ਼ਤਰਾਂ ਵਿੱਚ ਜੁਲਾਈ ਤੱਕ 100 ਤੋਂ ਵਧੇਰੇ ਜ਼ਮੀਨੀ ਕੰਟਰੋਲ ਉਪਕਰਣ ਮੌਜੂਦ ਹਨ।
2. ਇਸ ਵੇਲੇ 60 ਕੰਟਰੋਲ ਟੀਮਾਂ ਅਤੇ 200 ਤੋਂ ਵੱਧ ਕੇਂਦਰ ਸਰਕਾਰ ਦੇ ਜਵਾਨ ਟਿੱਡੀ ਕੰਟਰੋਲ ਦੇ ਕੰਮਾਂ ਵਿੱਚ ਲੱਗੇ ਹੋਏ ਹਨ।
3. ਲੰਬੇ ਰੁੱਖਾਂ ਅਤੇ ਟਿਕਾਣੇ ਇਲਾਕਿਆਂ ਵਿੱਚ ਟਿੱਡੀਆਂ ਦੇ ਪ੍ਰਭਾਵਸ਼ਾਲੀ ਕੰਟਰੋਲ ਲਈ,12 ਡ੍ਰੋਨ ਵਾਲੀਆਂ 5 ਕੰਪਨੀਆਂ ਤੈਨਾਤ ਹਨ। 
4.ਕੰਟਰੋਲ ਸਮਰੱਥਾ ਨੂੰ ਮਜ਼ਬੂਤ ਕਰਨ ਲਈ 55 ਵਾਧੂ ਵਾਹਨ ਖਰੀਦੇ ਗਏ ਹਨ।
5. ਟਿੱਡੀ ਕੰਟਰੋਲ ਸੰਗਠਨ ਕੋਲ ਕੀਟਨਾਸ਼ਕਾਂ ਦਾ ਪੂਰਾ ਭੰਡਾਰ ਰੱਖਿਆ ਜਾ ਰਿਹਾ ਹੈ ਅਤੇ ਰਾਜ ਸਰਕਾਰਾਂ ਕੋਲ ਵੀ ਇਸ ਦੀ ਕਾਫ਼ੀ ਉਪਲਬਧਤਾ ਹੈ।
6. ਗ੍ਰਹਿ ਮੰਤਰਾਲੇ ਨੇ ਕੀਟ ਕੰਟਰੋਲ ਲਈ ਪੌਦਿਆਂ ਦੀ ਸੁਰੱਖਿਆ ਵਾਲੇ ਰਸਾਇਣਾਂ ਦਾ ਛਿੜਕਾਅ ਕਰਨ ਲਈ ਸਪਰੇਅ ਉਪਕਰਣਾਂ ਦੇ ਨਾਲ ਟਰੈਕਟਰਾਂ ਨੂੰ, ਪਾਣੀ ਦੇ ਟੈਂਕਰ ਕਿਰਾਏ 'ਤੇ ਲੈਣ, ਅਤੇ ਐੱਸਡੀਆਰਐੱਫ ਅਤੇ ਐੱਨਡੀਆਰਐੱਫ ਅਧੀਨ ਸਹਾਇਤਾ ਦੇ ਨਵੇਂ ਮਾਪਦੰਡ ਹੇਠ ਟਿੱਡੀ ਕੰਟਰੋਲ ਲਈ ਪੌਦਿਆਂ ਦੀ ਸੁਰੱਖਿਆ ਦੇ ਰਸਾਇਣਾਂ ਦੀ ਖਰੀਦ ਪ੍ਰਵਾਨਗੀ ਸ਼ਾਮਲ ਕੀਤੀ ਹੈ।
7. ਖੇਤੀਬਾੜੀ ਤਕਨੀਕ ਦੇ ਸਬ-ਮਿਸ਼ਨ ਤਹਿਤ ਰਾਜਸਥਾਨ ਰਾਜ ਸਰਕਾਰ ਲਈ  800 ਟ੍ਰੈਕਟਰ ਤੇ ਲੱਗੇ ਸਪਰੇਅਰ ਉਪਕਰਣਾਂ ਦੀ ਖਰੀਦ ਲਈ ਸਹਾਇਤਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ । 
8. ਆਰਕੇਵੀਵਾਈ  ਤਹਿਤ ਰਾਜਸਥਾਨ ਰਾਜ ਲਈ ਵਾਹਨਾਂ, ਟਰੈਕਟਰਾਂ ਅਤੇ ਕੀਟਨਾਸ਼ਕਾਂ ਦੀ ਖਰੀਦ ਲਈ  14 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਵਾਨ ਕੀਤੀ ਗਈ ਹੈ ।
9. ਗੁਜਰਾਤ ਰਾਜ ਲਈ ਵਾਹਨਾਂ, ਸਪਰੇਅ ਯੰਤਰਾਂ, ਸੁਰੱਖਿਆ ਵਰਦੀਆਂ, ਐਂਡਰਾਇਡ ਐਪਲੀਕੇਸ਼ਨਾਂ, ਟਿੱਡੀ ਦਲ ਦੇ ਸੰਬੰਧ ਵਿੱਚ ਸਿਖਲਾਈ ਲਈ 1.80 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਗਈ ਹੈ।
10. ਦੱਖਣੀ ਪੱਛਮੀ ਏਸ਼ੀਆਈ ਦੇਸ਼ਾਂ (ਅਫ਼ਗ਼ਾਨਿਸਤਾਨ, ਭਾਰਤ, ਇਰਾਨ ਅਤੇ ਪਾਕਿਸਤਾਨ) ਦੇ ਤਕਨੀਕੀ ਅਧਿਕਾਰੀਆਂ ਦੀ ਇੱਕ ਵਰਚੁਅਲ ਮੀਟਿੰਗ ਹਫਤਾਵਾਰ ਦੇ ਅਧਾਰ ‘ਤੇ ਕੀਤੀ ਜਾ ਰਹੀ ਹੈ। ਟਿੱਡੀ ਕੰਟਰੋਲ ਨਾਲ ਸਬੰਧਿਤ ਤਕਨੀਕੀ ਜਾਣਕਾਰੀ ਖੇਤਰ ਵਿੱਚ ਸਾਂਝੀ ਕੀਤੀ ਜਾ ਰਹੀ ਹੈ। ਇਸ ਦਾ ਤਾਲਮੇਲ ਐੱਫਏਓ ਦੁਆਰਾ ਬਣਾਇਆ ਜਾ ਰਿਹਾ ਹੈ।

‘‘ਜਗ ਬਾਣੀ ਨਾਲ ਗੱਲ ਕਰਦਿਆਂ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿਚ ਤੈਨਾਤ ਟਿੱਡੀ ਦਲ ਨੋਡਲ ਅਫ਼ਸਰ ਡਾ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਟਿੱਡੀ ਦਲ ਫਿਲਹਾਲ ਰਾਜਸਥਾਨ ਅਤੇ ਹਰਿਆਣਾ ਰਾਜਾਂ ਵਿੱਚ ਹੀ ਦੇਖਿਆ ਗਿਆ ਹੈ । ਰਾਜਸਥਾਨ ਦੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ ਅਕਸਰ ਟਿੱਡੀ ਦਲ ਮੰਡਰਾਉਂਦੇ ਰਹਿੰਦੇ ਹਨ ਅਤੇ ਹਵਾ ਦੀ ਦਿਸ਼ਾ ਦੇ ਹਿਸਾਬ ਨਾਲ ਇਹ ਰਾਜਸਥਾਨ ਵਿੱਚ ਆਉਂਦੇ ਰਹਿੰਦੇ ਹਨ । ਪੰਜਾਬ ਰਾਜ ਦੀ ਸਰਹੱਦ ਤੋਂ ਲਗਭਗ 50 ਕਿਲੋਮੀਟਰ ਤੱਕ ਕੋਈ ਟਿੱਡੀ ਦਲ ਨਹੀਂ ਦੇਖਿਆ ਗਿਆ।’’


rajwinder kaur

Content Editor rajwinder kaur