ਪੰਜਾਬ ਸਰਕਾਰ ਨੇ ਗੰਨਾ ਉਤਪਾਦਕਾਂ ਨੂੰ 25 ਕਰੋੜ ਦਾ ਬਕਾਇਆ ਰਿਲੀਜ਼ ਕੀਤਾ

11/16/2017 1:12:46 AM

ਜਲੰਧਰ (ਧਵਨ) - ਪੰਜਾਬ ਸਰਕਾਰ ਨੇ ਰਾਜ 'ਚ ਗੰਨਾ ਉਤਪਾਦਕਾਂ ਨੂੰ 25 ਕਰੋੜ ਰੁਪਏ ਦਾ ਬਕਾਇਆ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਉਕਤ ਰਕਮ ਜਾਰੀ ਕੀਤੀ ਗਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿੱਤ ਵਿਭਾਗ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਕੁਲ ਬਕਾਇਆ 71.16 ਕਰੋੜ ਰੁਪਏ ਦੀ ਰਕਮ ਵਿਚੋਂ ਪਹਿਲੇ ਪੜਾਅ 'ਚੋਂ 25 ਕਰੋੜ ਰੁਪਿਆ ਰਿਲੀਜ਼ ਕੀਤਾ ਹੈ। ਆਰਥਿਕ ਸੰਕਟ ਦੇ ਬਾਵਜੂਦ ਸਰਕਾਰ ਨੇ ਗੰਨਾ ਉਤਪਾਦਕਾਂ ਲਈ ਕੁਝ ਰਕਮ ਜਾਰੀ ਕਰ ਕੇ ਉਨ੍ਹਾਂ ਨੂੰ ਰਾਹਤ ਦਿੱਤੀ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਲ 2016-17 ਦੇ ਪਿੜਾਈ ਸੀਜ਼ਨ ਦੌਰਾਨ ਕੁਲ 581.91 ਕਰੋੜ ਰੁਪਏ ਦਾ ਭੁਗਤਾਨ ਬਣਦਾ ਸੀ, ਜਦਕਿ ਸਹਿਕਾਰੀ ਖੰਡ ਮਿੱਲਾਂ ਨੇ 466.25 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਆਪਣੇ ਪੱਧਰ 'ਤੇ ਜਾਰੀ ਕਰ ਦਿੱਤੀ ਹੈ। ਸਰਕਾਰ ਨੇ ਆਪਣੇ ਪੱਧਰ 'ਤੇ ਗੰਨਾ ਉਤਪਾਦਕਾਂ ਨੂੰ 25 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ। ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਗੰਨਾ ਉਤਪਾਦਕਾਂ ਦਾ ਪੂਰਾ ਬਕਾਇਆ 71.16 ਕਰੋੜ ਰੁਪਏ ਅਦਾ ਕਰਨ ਦੇ ਮਤੇ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਨੂੰ ਦੇਖਦੇ ਹੋਏ ਦੂਸਰੇ ਪੜਾਅ 'ਚ ਬਾਕੀ ਬਕਾਇਆ 46.16 ਕਰੋੜ ਰੁਪਏ ਦਾ ਭੁਗਤਾਨ ਵੀ ਛੇਤੀ ਕਰ ਦਿੱਤਾ ਜਾਵੇਗਾ। ਸਰਕਾਰ ਵਲੋਂ 25 ਕਰੋੜ ਰੁਪਏ ਜਾਰੀ ਕਰਨ ਤੋਂ ਬਾਅਦ ਹੁਣ ਸਬੰਧਤ ਖੰਡ ਮਿੱਲਾਂ ਵਲੋਂ ਅਗਲੇ 1-2 ਦਿਨਾਂ ਦੇ ਅੰਦਰ ਉਪਰੋਕਤ ਰਾਸ਼ੀ ਗੰਨਾ ਉਤਪਾਦਕਾਂ ਦੇ ਖਾਤਿਆਂ 'ਚ ਟਰਾਂਸਫਰ ਕਰ ਦਿੱਤੀ ਜਾਵੇਗੀ। ਗੰਨਾ ਉਤਪਾਦਕ ਕਿਸਾਨ ਕੁਝ ਸਮੇਂ ਤੋਂ ਸਰਕਾਰ ਤੋਂ ਬਕਾਇਆ ਰਾਸ਼ੀ ਰਿਲੀਜ਼ ਕਰਨ ਦੀ ਮੰਗ ਕਰ ਰਹੇ ਸਨ। ਸੂਬੇ 'ਚ ਚੱਲ ਰਹੇ ਮਾਲੀ ਸੰਕਟ ਨੂੰ ਦੇਖਦਿਆਂ ਸਰਕਾਰ ਨੇ ਜ਼ਰੂਰੀ ਕੰਮਾਂ ਜਿਵੇਂ ਮੁਲਾਜ਼ਮਾਂ ਨੂੰ ਮਹੀਨਾਵਾਰ ਤਨਖਾਹ ਦੇ ਭੁਗਤਾਨ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਰਕਮ ਦੇਣ ਤੋਂ ਬਾਅਦ ਗੰਨਾ ਕਿਸਾਨਾਂ ਦਾ ਬਕਾਇਆ ਵੀ ਅਦਾ ਕਰਨ ਵੱਲ ਕਦਮ ਵਧਾਏ ਹਨ।


Related News