ਝੋਨੇ ਦੀ ਪਰਾਲੀ ਦੀ ਸੁੱਚਜੀ ਸੰਭਾਲ ਲਈ ਖੇਤਾਂ ’ਚ ਵਾਹੁਣ ਦੀ ਲੋੜ: ਡਾ.ਜਸਵੰਤ ਰਾਏ

09/20/2022 7:51:58 PM

ਜ਼ਿਲ੍ਹਾ ਜਲੰਧਰ ਵਿੱਚ ਝੋਨੇ ਦੀ ਤਕਰੀਬਨ 12.50 ਲੱਖ ਟਨ ਪਰਾਲੀ ਹੁੰਦੀ ਹੈ। ਸਾਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਤੋਂ ਬੱਚਣ ਦੀ ਜ਼ਰੂਰਤ ਹੈ। ਇਸ ਗੱਲ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਜਸਵੰਤ ਰਾਏ ਨੇ ਨਵਾਂ ਪਿੰਡ ਦੋਨੇਵਾਲ ਬਲਕਾ ਲੋਹੀਆਂ ਵਿਖੇ ਸੇਵਕ ਖੇਤੀ ਮਸ਼ਨਿਰੀ ਸੇਵਾ ਸੈਂਟਰ ਵਿਖੇ ਆਪਣੇ ਦੌਰੇ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ’ਚ ਜ਼ਿਲ੍ਹਾ ਜਲੰਧਰ ਅਧੀਨ ਤਕਰੀਬਨ 1094 ਕਿਸਾਨ ਗਰੁੱਪਾਂ ਦੇ ਖੇਤੀ ਮਸ਼ੀਨਰੀ ਸੇਵਾ ਸੈਂਟਰ, 49 ਸਹਿਕਾਰੀ ਸਭਾਵਾਂ ਅਤੇ 39 ਪੰਚਾਇਤਾਂ ਨੂੰ ਤਕਰੀਬਨ 4520 ਵੱਖ-ਵੱਖ ਮਸ਼ੀਨਾਂ ਜਿਵੇਂ ਜੀਰੋ ਡਰਿੱਲ, ਹੈਪੀ ਸੀਡਰ, ਆਰ.ਐੱਮ.ਬੀ.ਪਲਾਓ, ਸੁਪਰਸੀਡਰ ਆਦਿ ਉਪਲਭਧ ਕਰਵਾਏ ਗਏ ਹਨ। 

ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹੇ ਦੀਆਂ ਸਮੂਹ ਸਹਿਕਾਰੀ ਸਭਾਵਾਂ, ਕਿਸਾਨ ਗਰੁੱਪਾਂ, ਪੰਚਾਇਤਾਂ ਅਤੇ ਖੇਤੀ ਮਸ਼ੀਨਰੀ ਸੇਵਾ ਸੈਂਟਰ ਆਦਿ ਆਪਣਾ ਬਣਦਾ ਯੋਗਦਾਨ ਪਾਉਂਦੇ ਹੋਏ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਵੱਖ-ਵੱਖ ਖੇਤੀ ਮਸ਼ੀਨਰੀ ਮੁੱਹਇਆ ਕਰਵਾਉਣ। ਜ਼ਿਲ੍ਹਾ ਜਲੰਧਰ ਵਿੱਚ  ਛੋਟੇ ਤੇ ਸੀਮਾਂਤ ਕਿਸਾਨਾਂ ਦੀ ਗਿਣਤੀ ਤਕਰੀਬਨ 13000 ਹੈ। ਇਨ੍ਹਾਂ ਕਿਸਾਨਾਂ ਨੂੰ ਆਈ ਖੇਤ ਮਸ਼ੀਨ ਐਪ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਿਕਾਰੀ ਸਭਾਵਾਂ, ਕਿਸਾਨ ਗਰੁੱਪਾਂ, ਕਸਟਮ ਹਾਇਰਿੰਗ ਸੈਂਟਰਾਂ ਕੋਲ ਮੌਜੂਦ ਮਸ਼ੀਨਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। 

ਇਸ ਖੇਤ ਦਿਵਸ ਦੌਰਾਨ ਖੇਤੀਬਾੜੀ ਅਫ਼ਸਰ ਜਲੰਧਰ ਕਮ ਜ਼ਿਲ੍ਹਾ ਕਿਸਾਨ ਸਿਖਲਾਈ ਅਫ਼ਸਰ ਕਪੂਰਥਲਾ ਡਾ.ਨਰੇਸ਼ ਗੁਲਾਟੀ ਨੇ ਕਿਸਾਨਾਂ ਨੂੰ ਝੋਨੇ ਦੀ ਵਾਢੀ ਜੋ ਅਕਤੂਬਰ ਦੇ ਪਹਿਲੇ ਤੋਂ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਣਾ ਹੈ, ਲਈ ਹੁਣ ਤੋਂ ਜ਼ੀਰੋ ਬਰਨਿੰਗ ਦੇ ਟੀਚੇ ਦੀ ਪ੍ਰਾਪਤੀ ਲਈ ਅਤੇ ਪਰਾਲੀ ਦੀ ਸੱਚਜੀ ਸੰਭਾਲ ਲਈ ਯੋਜਨਾ ਉਲੀਕਣ ਲਈ ਕਿਹਾ। ਖੇਤੀਬਾੜੀ ਅਫ਼ਸਰ ਡਾ.ਹਰਪ੍ਰੀਤ ਸਿੰਘ, ਡਾ.ਰਾਜਬੀਰ ਸਿੰਘ ਅਤੇ ਡਾ.ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਮੁੱਚੀ ਵਾਢੀ ਲਈ ਐੱਸ.ਐੱਮ.ਐੱਸ. ਨਾਲ ਲੈਸ ਕੰਬਾਇਨਾ ਚਲਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਸਾਨਾਂ ਨੂੰ ਸੁਪਰਸੀਡਰ ਅਤੇ ਹੋਰ ਵੱਖ-ਵੱਖ ਮਸ਼ੀਨਾਂ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। 

ਇਸ ਦੌਰੇ ਦੌਰਾਨ ਇਲਾਕੇ ਦੇ ਅਗਾਂਹਵਧੂ ਕਿਸਾਨ ਸੁਖਵਿੰਦਰ ਸਿੰਘ ਪ੍ਰਧਾਨ ਸੇਵਕ ਖੇਤੀ ਮਸ਼ੀਨਰੀ ਸੇਵਾ ਸੈਂਟਰ ਨਵਾਂ ਪਿੰਡ ਦੋਨੇਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਲਗਭਗ 5 ਸਾਲਾਂ ਤੋਂ ਪਰਾਲੀ ਨੂੰ ਜ਼ਮੀਨ ਵਿੱਚ ਵਹਾਉਂਦੇ ਹੋਏ ਆਲੂਆਂ ਦੀ ਕਾਸ਼ਤ ਕਾਮਯਾਬੀ ਨਾਲ ਕੀਤੀ ਜਾ ਰਹੀ ਹੈ। ਕਿਸਾਨ ਸਾਧੂ ਸਿੰਘ, ਰਛਪਾਲ ਸਿੰਘ ਨਵਾਂ ਪਿੰਡ ਦੋਨੇਵਾਲ, ਲਖਵਿੰਦਰ ਸਿੰਘ ਅਤੇ ਗੇਜ਼ਾ ਸਿੰਘ ਪਿੰਡ ਟੁਰਨਾ ਨੇ ਕਿਹਾ ਕਿ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਨਾਲ ਧਰਤੀ ਦੀ ਉਪਜਾੳ ਸ਼ਕਤੀ ਵੱਧਦੀ ਹੈ ਅਤੇ ਖਾਦਾ ਦਾ ਖ਼ਰਚਾ ਵੀ ਘੱਟਦਾ ਹੈ। ਇਨ੍ਹਾਂ ਸਾਰੇ ਕਿਸਾਨਾਂ ਨੇ ਆਏ ਹੋਏ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਯਕੀਨ ਦੁਵਾਇਆ ਕਿ ਉਹ ਆਪਣੇ ਸਮੁੱਚੇ ਪਿੰਡ ਵਿੱਚ ਝੋਨੇ ਦੀ ਪਰਾਲੀ ਨੂੰ ਬਗੈਰ ਅੱਗ ਲਗਾਏ ਕਣਕ ਅਤੇ ਅਲੂਆਂ ਦੀ ਖੇਤੀ ਕਰਨਗੇ।                    

ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫ਼ਸਰ ਕਮ ਸੰਪਰਕ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ।


rajwinder kaur

Content Editor

Related News