ਮਾਨਸੂਨ ਦਾ ਜਨ-ਜੀਵਨ ਅਤੇ ਖੇਤੀਬਾੜੀ ’ਤੇ ਸਕਾਰਾਤਮਿਕ ਪ੍ਰਭਾਵ

06/26/2020 1:25:47 PM

ਕੁਲਵਿੰਦਰ ਕੌਰ ਗਿੱਲ ਅਤੇ ਨਵਨੀਤ ਕੌਰ
ਸੰਚਾਰ ਕੇਂਦਰ, ਪੀ.ਏ.ਯੂ. ਲੁਧਿਆਣਾ

ਮਾਨਸੂਨ ਦੀ ਪ੍ਰਕਿਰਤੀ ਵਿਸ਼ਵ ਪੱਧਰ ਦੀ ਹੈ ਅਤੇ ਇਹ ਏਸ਼ੀਆਂ ਅਫਰੀਕਾ ਅਤੇ ਉੱਤਰੀ ਆਸਟ੍ਰੇਲੀਆ ਦੇ ਹਿੱਸਿਆਂ, ਜੋ ਵਿਸ਼ਵ ਦੀ ਆਬਾਦੀ ਦੇ ਲੱਗਭੱਗ 50% ਹਿੱਸਾ ਹਨ, ਨੂੰ ਪ੍ਰਭਾਵਿਤ ਕਰਦੀ ਹੈ। ਮਾਨਸੂਨ ਨਾਂ ਹਵਾ ਦੀ ਦਿਸ਼ਾ ਬਦਲਣ ਨੂੰ ਦਿੱਤਾ ਗਿਆ ਹੈ, ਜੋ ਅਰਬੀ ਸ਼ਬਦ 'ਮੌਸਿਮ' ਜਾਂ ਮਲਿਆਣ ਸ਼ਬਦ 'ਮੌਨਸਿਨ', ਜਿਨ੍ਹਾਂ ਦਾ ਅਰਥ ਰੁੱਤ ਹੈ, ਤੋਂ ਲਿਆ ਗਿਆ ਹੈ। ਮਾਨਸੂਨ ਭਾਰਤੀ ਮਹਾਂਸਾਗਰ ਖਾਸ ਕਰਕੇ ਅਰੇਬੀਅਨ ਮਹਾਂਸਾਗਰ ਦੇ ਉੱਤੇ ਹਵਾ ਦੇ ਬਦਲਾਅ ਨੂੰ ਦਰਸਾਉਂਦਾ ਹੈ, ਜੋ ਅੱਧਾ ਸਾਲ ਦੱਖਣ ਪੱਛਮੀ ਅਤੇ ਅੱਧਾ ਸਾਲ ਉੱਤਰ ਪੂਰਬੀ ਚੱਲਦੀ ਹੈ। ਏਸ਼ੀਆਂ ਦੀ ਮਾਨਸੂਨ ਖਾਸ ਕਰਕੇ ਭਾਰਤੀ ਉਪ ਮਹਾਂਦੀਪ ਅਤੇ ਏਸ਼ੀਆਂ ਦੇ ਦੱਖਣ ਪੂਰਬੀ ਇਲਾਕਿਆਂ ਨੂੰ ਪ੍ਰਭਾਵਿਤ ਕਰਦੀ ਹੈ।

ਮਾਨਸੂਨ ਦੇ ਕਾਰਨ
ਮਾਨਸੂਨ ਰੁੱਤ ਦੀ ਤਬਦੀਲੀ ਵੱਖ-ਵੱਖ ਕਾਰਜ ਵਿਧੀਆਂ ਦੁਆਰਾ ਦਰਸਾਈ ਜਾਂਦੀ ਹੈ, ਜੋ ਇੱਕ ਰੁਤਵਾਰ ਹਵਾਵਾਂ, ਗਰਮੀਆਂ ਵਿੱਚ ਮੀਂਹ ਅਤੇ ਘੱਟ ਬਾਰਸ਼ਾਂ ਵਾਲੀ ਸੁੱਕੀ ਠੰਢ ਪੈਦਾ ਕਰਦੀ ਹੈ। ਇਸ ਮਾਨਸੂਨ ਪ੍ਰਕਿਰਿਆ ਪਿਛੇ ਤਿੰਨ ਮੁੱਖ ਬੁਨਿਆਦੀ ਤਾਕਤਾਂ ਕੰਮ ਕਰਦੀਆਂ ਹਨ।

ਧਰਤੀ ਘੁੰਮਣ ਨਾਲ ਪੈਦਾ ਹੋਈ ਕੋਰਿਓਲਿਸ ਤਾਕਤ
ਧਰਤੀ ਅਤੇ ਸਮੂੰਦਰ ਵਿਚਲੇ ਤਾਪਮਾਨ ਵਿੱਚ ਫਰਕ

ਨਮੀ ਦੀਆਂ ਪ੍ਰਕਿਰਆਵਾਂ
ਭਾਰਤ ਵਿੱਚ ਮੌਨਸੂਨ ਨੂੰ 2 ਅਤੇ 3 ਨੰਬਰ ਵਾਲੀਆਂ ਕਾਰਜ ਵਿਧੀਆਂ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਦੋਵਾਂ ਕਿਰਿਆਵਾਂ ਦੇ ਸੰਜੁਕਤ ਪ੍ਰਭਾਵਾਂ ਨਾਲ ਭਾਰਤ ਵਿੱਚ ਤੇਜ਼ ਹਵਾਵਾਂ ਤੇ ਬਾਰਿਸ਼ ਹੁੰਦੀ ਹੈ।

ਮਾਨਸੂਨ ਦੀ ਪ੍ਰਵਿਰਤੀ:
ਭਾਰਤੀ ਉਪ ਮਹਾਂਦੀਪ ਮਾਰਚ ਅਤੇ ਅਪ੍ਰੈਲ ਦੇ ਮਹੀਨੇ ਤਾਪਮਾਨ ਵੱਧਣ ਨਾਲ ਗਰਮ ਹੋਣਾ ਸ਼ੁਰੂ ਹੁੰਦਾ ਹੈ ਅਤੇ ਮਈ ਵਿੱਚ ਸਭ ਤੋਂ ਵੱਧ ਗਰਮ ਹੁੰਦਾ ਹੈ। ਧਰਤੀ ਦੇ ਗਰਮ ਹੋਣ ਨਾਲ ਸਮੁੰਦਰ ਅਤੇ ਧਰਤੀ ਦੇ ਤਾਪਮਾਨ ਵਿੱਚ ਅੰਤਰ ਪੈਦਾ ਹੋਣ ਕਰਕੇ ਹਵਾਵਾਂ ਸਮੁੰਦਰ ਤੋਂ ਧਰਤੀ ਵੱਲ ਚੱਲਣ ਲਗਦੀਆਂ ਹਨ। ਇਸ ਗਰਮੀ ਕਾਰਨ ਸਮੁੰਦਰੀ ਸਤਹ ਦੇ ਤਾਪਮਾਨ ਅਤੇ ਧਰਤੀ ਦੀ ਸਤਹ ਦੇ ਤਾਪਮਾਨ ਵਿੱਚ ਫ਼ਰਕ ਆਉਂਦਾ ਹੈ, ਜਿਸ ਕਰ ਕੇ ਸਮੁੰਦਰ ਤੋਂ ਲੈ ਕੇ ਜ਼ਮੀਨੀ ਹਵਾਵਾਂ ਵਿੱਚ ਬਦਲਾਅ ਆਉਂਦਾ ਹੈ। ਮੌਨਸੂਨ ਦੌਰਾਨ ਦੱਖਣ ਪੱਛਮੀ ਏਸ਼ੀਆ ਵਿੱਚ ਘੱਟ ਦਬਾਅ ਵਾਲਾ ਖੇਤਰ ਬਣ ਜਾਂਦਾ ਹੈ ਜੋ ਕਿ ਹਿਮਾਲਿਆ ਅਤੇ ਹਿੰਦੂ ਕੁਸ਼ ਪਹਾੜੀਆਂ ਦੀ ਸਥਿਤੀ ਕਾਰਨ ਤੀਖਣ ਹੋ ਜਾਂਦਾ ਹੈ। ਇਹ ਭਾਰਤੀ ਮਹਾਂਸਾਗਰ ਦੇ ਅੰਦਰ ਗਰਮ ਹਵਾ ਸੋਖ ਲੈਂਦਾ ਹੈ। ਧਰਤੀ ਦੇ ਕੋਰੀਓਲੋਸ ਦਬਾਅ ਅਤੇ ਘੱਟ ਦਬਾਅ ਬਣਨ ਕਾਰਨ ਦੱਖਣ ਪੱਛਮ ਵੱਲੋਂ ਤੀਬਰ ਹਵਾ ਚੱਲਣ ਲਗਦੀ ਹੈ। ਦੱਖਣ ਹਿੰਦ ਮਹਾਂਸਾਗਰ ਵਿੱਚ ਉੱਚ ਦਬਾਅ ਦੇ ਖੇਤਰ ਵਿੱਚ ਗਰਮ ਹਵਾਵਾਂ ਉਤਪੰਨ ਹੁੰਦੀਆਂ ਹਨ ਅਤੇ ਸਮੁੰਦਰੀ ਕਿਨਾਰਿਆਂ ਵੱਲ ਵਗਣ ਤੋਂ ਪਹਿਲਾਂ ਭੂ-ਮੱਧ ਰੇਖਾ ਪਾਰ ਕਰਦੀਆਂ ਹਨ ਅਤੇ ਇੰਟਰ ਟ੍ਰੋਪੀਕਲ ਕਨਵਰਜੈਂਸ ਜ਼ੋਨ ਦੇ ਉੱਤਰ ਵੱਲ ਨੂੰ ਆਪਣਾ ਰੁੱਖ ਕਰ ਲੈਂਦੀਆਂ ਹਨ, ਜਿਸ ਨਾਲ ਹਵਾਵਾਂ ਦਾ ਵਿਸਥਾਰ ਹੋ ਜਾਂਦਾ ਹੈ। ਇਸ ਤਰ੍ਹਾਂ ਹਵਾ ਉੱਤਰੀ ਭਾਗਾਂ ਤੋਂ ਭਰਪੂਰ ਨਮੀ ਪ੍ਰਾਪਤ ਕਰ ਲੈਂਦੀ ਹੈ, ਜੋ ਗਰਮੀਆਂ ਦੀ ਮੌਨਸੂਨ ਦੌਰਾਨ ਬੱਦਲਾਂ ਦੇ ਵਿਕਾਸ ਲਈ ਬਾਲਣ ਦਾ ਕੰਮ ਕਰਦੀ ਹੈ।

ਮਈ ਦੇ ਅਖੀਰ ਜਾਂ ਜੂਨ ਦੇ ਪਹਿਲੇ ਹਫਤੇ ਵਿਚ ਦੱਖਣੀ ਭਾਰਤ ਵਿਚ ਕੇਰਲ ਵਿਖੇ ਗਰਮੀਆਂ ਦੀ ਮਾਨਸੂਨ ਦਾ ਅਗਾਜ਼ ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਉੱਤਰ-ਪੱਛਮ ਵੱਲ ਵੱਧਦੀ ਹੋਈ ਜੂਨ ਦੇ ਅੰਤ ਤੱਕ ਉੱਤਰ ਪੱਛਮੀ ਭਾਰਤ (ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਯੂਪੀ ਆਦਿ) ਤੱਕ ਪਹੁੰਚ ਜਾਂਦੀ ਹੈ। ਸਤੰਬਰ ਦੇ ਸ਼ੁਰੂ ਵਿਚ ਮੌਨਸੂਨ ਪੱਛਮੀ ਰਾਜਸਥਾਨ ਤੋਂ ਵਾਪਸੀ ਦਾ ਸਫਰ ਸ਼ੁਰੂ ਕਰਦੀ ਹੋਈ ਆਮ ਤੌਰ 'ਤੇ ਦਸੰਬਰ ਦੇ ਸ਼ੁਰੂ ਵਿਚ ਦੱਖਣੀ ਭਾਰਤ ਤੋਂ ਰੁਕਸਤ ਹੋ ਜਾਂਦੀ ਹੈ। ਮੌਨਸੂਨ ਦੇ ਆਗਮਨ ਅਤੇ ਰੁਕਸਤ ਹੋਣ ਦੇ ਵਰਤਾਰੇ ਨੇ ਭਾਰਤੀ ਉਪ-ਮਹਾਂਦੀਪ ਨੂੰ ਕੁਦਰਤ ਦੇ ਇਸ ਅਨਮੋਲ ਖਜ਼ਾਨੇ ਨਾਲ ਨਿਵਾਜ਼ਿਆ ਹੈ। ਮਾਨਸੂਨ ਦੇ ਇਸ ਗੇੜ੍ਹ ਵਿੱਚ ਪੱਛਮੀ ਰਾਜਸਥਾਨ ਵਿਚ ਹਲਕੀ ਬਾਰਿਸ਼ ਦਰਜ ਹੁੰਦੀ ਹੈ, ਜਦਕਿ ਗੰਗਾ-ਬ੍ਰਹਮਪੁੱਤਰ ਡੈੱਲਟਾ ਵਰਗੇ ਖੇਤਰਾਂ ਵਿਚ ਲੰਬੀ ਅਤੇ ਭਾਰੀ ਮੌਨਸੂਨ ਦੇਖੀ ਜਾਂਦੀ ਹੈ। ਭਾਰਤ ਅਤੇ ਨੇਪਾਲ ਵਿਚ ਮੌਨਸੂਨ ਦੀ ਵਧੀਆ ਕਾਰਗੁਜ਼ਾਰੀ ਵਿੱਚ ਹਿਮਾਲਿਆ ਪਰਬਤ ਦੀ ਬਹੁਤ ਵੱਡੀ ਦੇਣ ਹੈ। ਇਹ ਮਹਾਨ ਹਿਮਾਲਿਆ ਪਰਬਤ ਇੱਕ ਪ੍ਰਮੁੱਖ ਆਵਾਜਾਈ ਰੁਕਾਵਟ ਵਜੋਂ ਕੰਮ ਕਰਦੇ ਹਨ ਜੋ ਕਿ ਉੱਤਰ ਵੱਲ ਨੂੰ ਗਰਮ ਹਵਾ ਦੇ ਪ੍ਰਵਾਹ ਨੂੰ ਰੋਕਦੇ ਹਨ ਅਤੇ ਤਿੱਬਤ ਦੇ ਖੁਸ਼ਕ ਵਾਤਾਵਰਨ ਨੂੰ ਕਾਇਮ ਰੱਖਦੇ ਹਨ।

ਇਸੇ ਤਰ੍ਹਾਂ, ਸਰਦੀਆਂ ਵਿਚ ਹਿਮਾਲਿਆ ਦੱਖਣ ਵੱਲ ਠੰਡੇ ਹਵਾ ਦੇ ਵਹਾਅ ਨੂੰ ਰੋਕਦਾ ਹੈ, ਜਿਸ ਨਾਲ ਉੱਤਰੀ ਭਾਰਤ ਵਿੱਚ ਸਰਦੀਆਂ ਦੇ ਮੌਸਮ ਨੂੰ ਬਹੁਤ ਜ਼ਿਆਦਾ ਠੰਡੇ ਹੋਣ ਤੋਂ ਬਚਾਉਂਦਾ ਹੈ। ਸਰਦੀਆਂ ਵਿੱਚ ਇੱਕ ਉਲਟਾ ਪ੍ਰਕਿਰਿਆ ਵੀ ਸਾਹਮਣੇ ਆਉਂਦੀ ਹੈ। ਪਾਣੀ ਦੀ ਵੱਧ ਗਰਮੀ ਸੋਕਣ ਦੀ ਸਮਰੱਥਾ ਦੇ ਨਤੀਜੇ ਵਜੋਂ ਧਰਤੀ ਦੀ ਸਤਹ ਸਮੁੰਦਰੀ ਸਤਹ ਨਾਲੋਂ ਤੇਜ਼ੀ ਨਾਲ ਠੰਢੀ ਹੋ ਜਾਂਦੀ ਹੈ। ਜਿਸ ਨਾਲ ਹਵਾਵਾਂ ਦੀ ਦਿਸ਼ਾ ਉਲਟ ਜਾਂਦੀ ਹੈ ਅਤੇ ਹਵਾ ਸਮੁੰਦਰ ਵੱਲ ਚੱਲਣ ਲੱਗਦੀ ਹੈ, ਜਿਸ ਕਰਕੇ ਭਾਰਤੀ ਉਪ ਮਹਾਂਦੀਪ ਉੱਪਰ ਬਹੁਤ ਘੱਟ ਨਮੀ ਹੁੰਦੀ ਹੈ। ਸਿੱਟੇ ਵਜੋਂ, ਭਾਰਤ ਵਿਚ ਸਰਦੀਆਂ ਵਿੱਚ ਬਾਰਿਸ਼ਾਂ ਘੱਟ ਹੁੰਦੀਆਂ ਹਨ।

ਭਾਰਤੀ ਮਾਨਸੂਨ ਅਤੇ ਇਸ ਦੀ ਭਵਿੱਖਬਾਣੀ
ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ) ਹਰ ਸਾਲ ਦੱਖਣ-ਪੱਛਮੀ ਮਾਨਸੂਨ ਦੀਆਂ ਬਾਰਸ਼ਾਂ ਦੀ ਲੰਮੀ-ਸੀਮਾ ਪੂਰਵ ਅਨੁਮਾਨ ਜਾਰੀ ਕਰਦਾ ਹੈ। ਲੰਬੇ ਸਮੇਂ ਦੀ ਭਵਿੱਖਬਾਣੀ ਦਾ ਵਿਗਿਆਨਕ ਆਧਾਰ ਇਹ ਹੈ ਕਿ ਮਾਨਸੂਨ ਤੋਂ ਪਹਿਲਾਂ ਵੱਖ-ਵੱਖ ਮੌਸਮੀ ਕਾਰਕਾਂ ਦੇ ਸੰਕੇਤਾਂ ਤੋਂ ਇਸਦੀ ਸੰਭਾਵਤ ਕਾਰਗੁਜ਼ਾਰੀ ਦਾ ਪਤਾ ਲਗਾਉਣਾ ਜਿਵੇਂ ਮਾਨਸੂਨ ਕਦੋਂ ਅਤੇ ਕਿੰਨੀ ਅਸਰਦਾਰ ਰਹਿਣ ਦੀ ਸੰਭਾਵਨਾ ਹੈ। ਆਈ. ਐੱਮ. ਡੀ. ਦੀ ਚਾਲੂ ਲੰਮੀ ਸੀਮਾ ਪੂਰਵ ਸੂਚਨਾ ਪ੍ਰਣਾਲੀ ਸਮੇਂ-ਸਮੇਂ ਤੇ ਪਹੁੰਚ ਅਤੇ ਖੇਤਰ ਵਿੱਚ ਤਬਦੀਲੀਆਂ ਕਰ ਚੁੱਕੀ ਹੈ। ਸਭ ਤੋਂ ਪਹਿਲਾਂ 1988 ਤੋਂ 2002 ਤਕ, ਆਈ.ਐੱਮ.ਡੀ. ਨੇ 16 ਮੌਸਮੀ ਪੈਮਾਨਿਆਂ ਨੂੰ ਲੈ ਕੇ ਮਾਡਲ ਤਿਆਰ ਕੀਤਾ ਅਤੇ ਉਨ੍ਹਾਂ 16 ਮੌਸਮੀ ਪੈਮਾਨਿਆਂ ਵਿੱਚੋਂ, 6 ਤਾਪਮਾਨ ਦੀਆਂ ਸਥਿਤੀਆਂ, 3 ਹਵਾ ਜਾਂ ਦਬਾਅ ਖੇਤਰ ਦੇ ਹਲਾਤਾਂ, 5 ਹਵਾ ਦਬਾਅ ਦੇ ਵਿਕਾਰਾਂ ਅਤੇ 2 ਬਰਫ ਦੇ ਕੱਜ ਨਾਲ ਸਬੰਧਤ ਸਨ।

ਪਰ ਬਾਅਦ ਵਿੱਚ 2003 ਤੋਂ ਬਾਅਦ, ਆਈ.ਐੱਮ.ਡੀ. ਨੇ ਦੋ ਪੜ੍ਹਾਵਾਂ ਦੀ ਲੰਮਾਈ ਵਾਲੀ ਪੂਰਵ ਅਨੁਮਾਨ ਦੀ ਨੀਤੀ ਅਪਣਾ ਲਈ ਅਤੇ 8 ਅਤੇ 10 ਮੌਸਮੀ ਪੈਮਾਨਿਆਂ ਨੂੰ ਲੈ ਕੇ ਮਾਡਲ ਪੇਸ਼ ਕੀਤੇ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਕਾਰਜਸ਼ੀਲ 550 ਮੌਸਮੀ ਯੰਤਰਸ਼ਾਲਾਵਾਂ, 250 ਸਵੈ-ਚਲਤ ਮੌਸਮੀ ਸਟੇਸ਼ਨ, ਦੋ ਸੈਟੇਲਾਈਟ, ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਲੱਗੇ 27 ਰਾਡਾਰ ਅਤੇ ਵਿਦੇਸ਼ੀ ਮੌਸਮੀ ਏਜੰਸੀਆਂ ਤੋਂ ਮਿਲੇ ਮੌਸਮੀ ਅੰਕੜਿਆਂ ਦਾ ਹਰ ਰੋਜ਼ 6 ਹਜ਼ਾਰ ਮੌਸਮ ਵਿਗਿਆਨੀ ਵਿਸ਼ਲੇਸ਼ਣ ਕਰਦੇ ਹਨ। ਅਸਮਾਨ ਵਿੱਚ ਉਡ ਰਹੇ ਹਵਾਈ ਜ਼ਹਾਜ਼, ਸਮੁੰਦਰ ਵਿੱਚ ਤੈਰ ਰਹੇ ਪਾਣੀ ਦੇ ਜ਼ਹਾਜ਼ ਵੀ ਮੌਸਮ ਵਿਭਾਗ ਨੂੰ ਸਮੇਂ-ਸਮੇਂ ’ਤੇ ਤਾਪਮਾਨ, ਹਵਾ ਦੇ ਦਬਾਅ, ਹਵਾ ਦੀ ਦਿਸ਼ਾ, ਬੱਦਲਾਂ ਦੀ ਮੋਟਾਈ, ਨਮੀ ਦੇ ਸਤਰ ਆਦਿ ਬਾਰੇ ਜਾਣੂੰ ਕਰਵਾਉਂਦੇ ਰਹਿੰਦੇ ਹਨ। ਹਰ ਰੋਜ਼ ਇਸ ਤਕਰੀਬਨ 450 ਜੀ.ਬੀ. ਡੈਟਾ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਪੂਨੇ ਸਥਿਤ ਮੌਸਮ ਵਿਭਾਗ ਵਿੱਚ ਲੱਗੇ ਦੇਸ਼ ਦੇ ਸਭ ਤੋਂ ਤੇਜ਼ ਦੋ ਸੁਪਰ ਕੰਮਪਿਊਟਰ (ਮਿਹਰ ਅਤੇ ਪ੍ਰਤਿਊਸ਼) ਨਾਲ ਕੀਤਾ ਜਾਂਦਾ ਹੈ। ਇਸ ਲੰਮੀ ਜਦੋ-ਜਹਿਦ ਤੋਂ ਬਾਅਦ ਮੌਸਮ ਦਾ ਪੂਰਵ ਅਨੁਮਾਨ ਲਗਾਇਆ ਜਾਂਦਾ ਹੈ। ਮੌਜੂਦਾ ਅਨੁਮਾਨ ਨੀਤੀ ਅਨੁਸਾਰ, ਦੱਖਣ-ਪੱਛਮੀ ਮੌਨਸੂਨ ਸੀਜ਼ਨ (ਜੂਨ-ਸਤੰਬਰ) ਦਾ ਪਹਿਲਾ ਅਨੁਮਾਨ ਅਪ੍ਰੈਲ ਵਿੱਚ 8 ਮੌਸਮੀ ਪੈਮਾਨਿਆਂ ਦੀ ਵਰਤੋਂ ਕਰਕੇ ਜਾਰੀ ਕੀਤਾ ਜਾਂਦਾ ਹੈ ਜਦ ਕਿ ਪੂਰਵ ਅਨੁਮਾਨ ਦਾ ਦੂਜਾ 10 ਮੌਸਮੀ ਪੈਮਾਨਿਆਂ ਵਾਲਾ ਸੁਧਰਿਆ ਰੂਪ ਜੂਨ ਦੇ ਅੰਤ ਤੱਕ ਜਾਰੀ ਕੀਤਾ ਜਾਂਦਾ ਹੈ। ਪਿਛਲੇ ਸਾਲਾਂ ਦੌਰਾਨ ਆਈ. ਐੱਮ. ਡੀ. ਦੁਆਰਾ ਕੀਤੀ ਗਈ ਮਾਨਸੂਨ ਦੀ ਭਵਿੱਖਬਾਣੀ ਸਹੀ ਸਾਬਿਤ ਹੁੰਦੀ ਰਹੀ ਹੈ।

ਮੌਜੂਦਾ 2020 ਦੇ ਦੱਖਣ-ਪੱਛਮੀ ਮੌਨਸੂਨ ਸੀਜ਼ਨ (ਜੂਨ-ਸਤੰਬਰ) ਲਈ ਆਈ. ਐੱਮ. ਡੀ. ਦੇ ਚਾਲੂ ਲੰਮੇ ਸਮੇਂ ਦੇ ਅਨੁਮਾਨ ਨੇ ਖੁਲਾਸਾ ਕੀਤਾ ਹੈ ਕਿ ਇਸ ਸਾਲ ਪੂਰੇ ਦੇਸ਼ ਲਈ ਬਾਰਿਸ਼ 5 ਦੀ ਚੂਕ ਨਾਲ ਲੰਮੇ ਸਮੇਂ ਦੀ ਔਸਤ (ਐਲ.ਪੀ.ਏ.) ਦੇ ਹਿਸਾਬ ਨਾਲ 100% ਹੋਣ ਦੀ ਸੰਭਾਵਨਾ ਹੈ। ਸੰਭਾਵਨਾਤਮਕ ਮਾਡਲ 2020 ਦੇ ਦੱਖਣ-ਪੱਛਮੀ ਮੌਨਸੂਨ ਸੀਜਨ ਲਈ ਇੱਕ ਬਹੁਤ ਉੱਚੀ (75%) ਸੰਭਾਵਨਾ ਦਰਸਾਉਂਦਾ ਹੈ, ਜਿਸ ਅਨੁਸਾਰ ਇਸ ਵਾਰ ਬਾਰਿਸ਼ਾਂ ਸਧਾਰਨ ਜਾਂ ਸਧਾਰਨ ਤੋਂ ਕੁਝ ਜ਼ਿਆਦਾ ਹੋਣ ਦੀ ਉਮੀਦ ਹੈ। ਕੇਰਲ ਦੇ ਤੱਟ ਉੱਤੇ ਮੌਨਸੂਨ ਦੀ ਆਮਦ ਆਮ ਤੌਰ 'ਤੇ 1 ਜੂਨ ਨੂੰ ਹੋ ਜਾਂਦੀ ਹੈ, ਜੋ ਇਸ ਵਾਰ ਵੀ ਬਿਲਕੁਲ ਸਹੀ ਸਮੇਂ ’ਤੇ ਦਸਤਕ ਦੇ ਚੁੱਕੀ ਹੈ। ਆਈ.ਐੱਮ.ਡੀ. ਦੇ ਅਨੁਮਾਨਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਮਾਨਸੂਨ ਦੀ ਗਤੀਵਿਧੀ ਵਧੀਆ ਕਾਰਗੁਜ਼ਾਰੀ ਕਰਦੀ ਹੋਈ ਤੇਜ਼ ਰਫ਼ਤਾਰ ਨਾਲ ਉੱਤਰੀ ਭਾਰਤ ਨੂੰ ਆਪਣੇ ਕਲਾਵੇਂ ਵਿੱਚ ਲੈ ਲਵੇਗੀ ਅਤੇ ਇਸ ਵਾਰ ਮੌਨਸੂਨ ਦੀ ਲੰਮੇ ਸਮੇਂ ਤਕ ਰਹਿਣ ਦੀ ਆਸ਼ੰਕਾ ਵੀ ਦਰਸਾਈ ਜਾ ਰਹੀ ਹੈ। ਜਿਸ ਤੋਂ ਭਾਵ ਹੈ ਕਿ ਇਸ ਵਾਰ ਮੌਨਸੂਨ ਦੀ ਵਾਪਸੀ ਥੋੜ੍ਹੀ ਦੇਰ ਨਾਲ ਹੋਵੇਗੀ ਅਤੇ ਉਤਰੀ ਭਾਰਤ ਵਿੱਚ ਇਹ ਜ਼ਿਆਦਾ ਸਮੇਂ ਤੱਕ ਸਰਗਰਮ ਰਹੇਗੀ ।

ਦੱਖਣ ਪੱਛਮੀ ਮੌਨਸੂਨ ਅਤੇ ਭਾਰਤੀ ਖੇਤੀਬਾੜੀ:-
ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਦੇਸ਼ ਦੀ ਅਰਥ-ਵਿਵਸਥਾ ਖੇਤੀ ਤੇ ਨਿਰਭਰ ਕਰਦੀ ਹੈ। ਦੇਸ਼ ਦੀ ਕਿਰਸਾਨੀ ਦੀ ਰੋਜ਼ੀ-ਰੋਟੀ ਵੀ ਕਾਫੀ ਹੱਦ ਤੱਕ ਮਾਨਸੂਨ ਦੀ ਵਰਖਾ ਦੀ ਮੁਹਤਾਜ਼ ਹੈ। ਭਾਰਤ ਵਿੱਚ ਚਾਰ ਮਹੀਨਿਆਂ ਦੌਰਾਨ ਮਾਨਸੂਨ ਦੀ ਫੇਰੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਪੂਰੇ ਸਾਲ ਦੀ 75-80% ਵਰਖਾ ਮਾਨਸੂਨ ਸੀਜ਼ਨ ਵਿੱਚ ਹੀ ਹੋ ਜਾਂਦੀ ਹੈ। ਖੇਤੀਬਾੜੀ ਭਾਰਤ ਦੀ ਜੀ.ਡੀ.ਪੀ. ਵਿੱਚ ਲਗਭਗ 20 ਫੀਸਦੀ ਹਿੱਸਾ ਪਾਉਂਦੀ ਹੈ ਅਤੇ 50 ਫੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ। ਭਾਰਤ ਦਾ ਲਗਭਗ 43 ਫੀਸਦੀ ਭੂਗੋਲਿਕ ਖੇਤਰ ਖੇਤੀਬਾੜੀ ਅਧੀਨ ਹੈ। ਸਵਾ ਸੌ ਮਿਲੀਅਨ ਆਬਾਦੀ ਵਾਲਾ ਦੇਸ਼ ਭਾਰਤ ਦੱਖਣੀ ਏਸ਼ੀਆਂ ਦੇ ਮੱਧ ਵਿੱਚ ਸਥਿਤ ਹੈ ਅਤੇ ਮਾਨਸੂਨ ਵਰਖਾ ’ਤੇ ਨਿਰਭਰ ਹੈ। ਮਾਨਸੂਨ ਸਾਲਾਨਾ ਵਰਖਾ ਵਿੱਚ 80 ਫੀਸਦੀ ਯੋਗਦਾਨ ਪਾਉਂਦੀ ਹੈ। ਇਸਦਾ ਪੱਛਮੀ ਅਤੇ ਮੱਧ ਭਾਰਤ ਵਿੱਚ ਸਾਲਾਨਾ ਵਰਖਾ ਦਾ 80 ਫੀਸਦੀ ਅਤੇ ਦੱਖਣੀ ਅਤੇ ਉੱਤਰ ਪੱਛਮੀ ਭਾਰਤ ਵਿੱਚ 50-75  ਫੀਸਦੀ ਯੋਗਦਾਨ ਹੁੰਦਾ ਹੈ। ਭਾਰਤ ਦੀ ਸਾਲਾਨਾ ਵਰਖਾ 1100 ਮਿਲੀਮੀਟਰ ਹੈ। ਕੁੱਲ ਫਸਲਾਂ ਹੇਠ ਰਕਬਾ 195 ਮਿਲੀਅਨ ਹੈਕਟੇਅਰ ਹੈ ਜਿਸ ਵਿੱਚ 82.6 ਮਿਲੀਅਨ ਹੈਕਟੇਅਰ ਸਿੰਚਾਈ ਅਧੀਨ ਹੈ।

ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕੁਲ ਖੇਤਰਫਲ 5.036 ਮਿਲੀਅਨ ਹੈਕਟੇਅਰ ਹੈ, ਜਿਸ ਵਿੱਚੋਂ ਖੇਤੀਬਾੜੀ ਅਧੀਨ ਰਕਬਾ 4.20 ਮਿਲੀਅਨ ਹੈਕਟੇਅਰ ਅਤੇ ਬਿਜਾਈ ਹੇਠ ਰਕਬਾ 4.023 ਮਿਲੀਅਨ ਹੈਕਟੇਅਰ ਹੈ।

ਇਸ ਲਈ ਭਾਰਤ ਅਤੇ ਕੁਝ ਹੱਦ ਤੱਕ ਪੰਜਾਬ ਵੀ ਮਾਨਸੂਨ ਤੇ ਬਹੁਤ ਨਿਰਭਰ ਕਰਦਾ ਹੈ। ਪੰਜਾਬ ਵਿੱਚ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਚੰਗੇ ਮਾਨਸੂਨ ਨਾਲ ਹੀ ਬਚਾਇਆ ਜਾ ਸਕਦਾ ਹੈ। ਕੁੱਲ ਜਨਸੰਖਿਆਂ ਦਾ ਬਹੁਤਾ ਹਿੱਸਾ ਖੇਤੀਬਾੜੀ ਤੋਂ ਆਮਦਨ ਪ੍ਰਾਪਤ ਕਰਦਾ ਹੈ। ਕਿਸੇ ਖੇਤਰ ਦੀ ਸਥਾਈ ਖੇਤੀਬਾੜੀ ਵਿੱਚ ਉੱਥੋਂ ਦੇ ਮੌਸਮ ਦਾ ਬਹੁਤ ਮਹੱਤਵ ਹੈ। ਮੌਸਮੀ ਸੀਮਾਵਾਂ ਖੇਤੀਬਾੜੀ ਯੋਗਤਾ ਦੇ ਮਜ਼ਬੂਤ ਸੂਚਕ ਹਨ ਅਤੇ ਕਿਸੇ ਖੇਤਰ ਵਿੱਚ ਢੁਕਵੀਆਂ ਫਸਲਾਂ ਨਿਰਧਾਰਿਤ ਕਰਨ ਵਿੱਚ ਲਾਭਦਾਇਕ ਹਨ ਜਿਵੇਂ ਕਿ ਕਿਸੇ ਜਗ੍ਹਾਂ ਦੀ ਵਰਖਾ ਅਤੇ ਤਾਪਮਾਨ ਫਸਲਾਂ ਅਤੇ ਝਾੜ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਇਸ ਲਈ ਮਾਨਸੂਨ ਖੇਤਰਾਂ ਜਿਨ੍ਹਾਂ ਵਿੱਚ ਸੁੱਕੀਆਂ ਅਤੇ ਨਮੀ ਵਾਲੀਆਂ ਰੁੱਤਾਂ ਆਉਂਦੀਆਂ ਹਨ, ਇਹ ਯੋਜਨਾਬੰਦੀ ਬਹੁਤ ਜ਼ਰੂਰੀ ਹੈ। ਵਰਖਾ ਰੁੱਤ ਤੋਂ ਪਹਿਲਾਂ ਮਿੱਟੀ ਵਿੱਚ ਨਮੀ ਨਾ ਮਾਤਰਾ ਹੁੰਦੀ ਹੈ, ਜੋ ਹਾਲਤ ਗਰਮੀ ਅਤੇ ਵਸ਼ਪੀਕਰਨ ਨਾਲ ਹੋਰ ਵੱਧ ਜਾਂਦੀ ਹੈ। ਸਿੰਚਾਈ ਵਾਲੀਆਂ ਹਾਲਤਾਂ ਨੂੰ ਛੱਡ ਕੇ ਬਾਕੀ ਥਾਵਾਂ ਤੇ ਬਿਜਾਈ ਵਰਖਾ ਰੁੱਤ ਦੇ ਸ਼ੁਰੂ ਹੋਣ ਤੇ ਨਿਰਭਰ ਕਰਦੀ ਹੈ। ਸਾਉਣੀ ਦੀਆਂ ਫਸਲਾਂ ਦਾ ਲੇਖਾ ਜੋਖਾ ਦੱਖਣ ਪੱਛਮੀ ਮਾਨਸੂਨ ਦੀ ਕਾਰਗੁਜ਼ਾਰੀ ਤੇ ਬਹੁਤ ਨਿਰਭਰ ਕਰਦਾ ਹੈ। ਜੇ ਦੱਖਣ ਪੱਛਮੀ ਮੌਨਸੂਨ ਕਿਸੇ ਖੇਤਰ ਵਿੱਚ ਕਮਜ਼ੋਰ ਪੈ ਜਾਵੇ ਤਾਂ ਫਸਲਾਂ ਦੀ ਪੈਦਾਵਾਰ ਘੱਟਣ ਨਾਲ ਦੇਸ਼ ਦੀ ਅਰਥ-ਵਿਵਸਥਾ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਦੱਖਣ ਪੱਛਮੀ ਮੌਨਸੂਨ ਵਿੱਚ ਕੋਈ ਵੀ ਬਦਲਾਅ ਦੇਸ਼ ਦੀ ਖੇਤੀਬਾੜੀ ਤੇ ਬਹੁਤ ਅਸਰ ਕਰਦੀ ਹੈ। ਲੰਮੇ ਸਮੇਂ ਲਈ ਸੋਕਾ ਅਤੇ ਜ਼ਿਆਦਾ ਵਾਸ਼ਪੀਕਰਨ ਕਾਰਨ ਧਰਤੀ ਵਿੱਚਲਾ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਹੈ।

ਪਿਛਲੇ ਕੁਝ ਦਹਾਕਿਆਂ ਵਿਚ ਖੇਤੀਬਾੜੀ ਤਕਨਾਲੋਜੀ ਵਿਚ ਪ੍ਰਭਾਵਸ਼ਾਲੀ ਪ੍ਰਗਤੀ ਹੋਣ ਦੇ ਬਾਵਜੂਦ ਭਾਰਤ ਵਿਚ ਖੇਤੀ ਅਜੇ ਵੀ ਮੌਸਮ ਤੇ ਨਿਰਭਰ ਹੈ। ਫਸਲ ਦਾ ਉਤਪਾਦਨ ਸਿੱਧੇ ਜਾਂ ਅਸਿੱਧੇ ਤੌਰ ’ਤੇ ਮੌਸਮ ਦੇ ਮਾਧਿਅਮ ਤੋਂ ਪ੍ਰਭਾਵਿਤ ਹੁੰਦਾ ਹੈ ਜਿਸ ਨਾਲ ਸਾਲ-ਦਰ-ਸਾਲ ਦੇ ਅਧਾਰ ’ਤੇ ਉਤਰਾਅ-ਚੜ੍ਹਾਅ ਹੁੰਦਾ ਹੈ। ਨਿਰਵਿਘਨ ਖੇਤੀ ਲਈ ਇਹ ਜਰੂਰੀ ਹੈ ਕਿ ਅਨਮੋਲ ਪਾਣੀ ਦੇ ਸੰਸਾਧਨਾਂ ਦਾ ਪ੍ਰਬੰਧਨ ਅਤੇ ਸਹੀ ਤਰੀਕੇ ਨਾਲ ਸਮਝਦਾਰੀ ਨਾਲ ਅਤੇ ਕੁਸ਼ਲਤਾ ਨਾਲ ਵਰਤਿਆ ਜਾਵੇ।

ਇਸ ਵਰ੍ਹੇ ਦੌਰਾਨ ਚੱਲ ਰਹੀ ਮਹਾਮਾਰੀ ਕਾਰਨ ਖੇਤੀਬਾੜੀ ਅਦਾਰੇ ਨੂੰ ਢੋਆ-ਢੋਆਈ ਵਿੱਚ ਦਿੱਕਤ, ਮਜ਼ਦੂਰਾਂ ਦੀ ਕਮੀ ਅਤੇ ਘੱਟ ਖਪਤ ਵਰਗੀਆਂ ਕਈ ਚੁਣੌਤਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਵੀਰ ਵੀ ਮੌਸਮੀ ਤਬਦੀਲੀਆਂ ਦਾ ਮੁਕਾਬਲਾ ਕਰਨ ਲਈ ਮੌਸਮ ਲਚਕੀਲੀਆਂ ਅਮਲ ਵਿੱਚ ਲਿਆ ਰਹੇ ਹਨ ਤਾਂ ਜੋ ਖੇਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਮਾਨਸੂਨ ਦੀ ਇਸ ਵਰ੍ਹੇ ਦੀ ਚੰਗੀ ਕਾਰਗੁਜ਼ਾਰੀ ਇੱਕ ਵਧੀਆ ਸੰਕੇਤ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸੂਬੇ ਵਿੱਚ ਮਾਨਸੂਨ ਦੇ ਪ੍ਰਸਾਰ ਤੱਕ ਕੋਵਿਡ-19 ਦੀ ਮਹਾਮਾਰੀ ਤੋਂ ਵੀ ਸ਼ਾਇਦ ਨਿਜਤਾ ਮਿਲ ਸਕੇ ਪਰ ਫਿਰ ਵੀ ਚੰਗੇ ਮਾਨਸੂਨ ਤੋਂ ਫਾਇਦਾ ਲੈਣ ਲਈ ਕਾਫੀ ਸਾਵਧਾਨੀਆਂ ਵਰਤਣ ਦੀ ਲੋੜ ਹੈ।


rajwinder kaur

Content Editor

Related News