ਪੰਜਾਬ 'ਚ ਝੋਨੇ ਦੀ ਮਿਲਿੰਗ ਪ੍ਰਭਾਵਿਤ ਹੋਣ ਲੱਗੀ

02/16/2018 4:01:02 PM

ਜਲੰਧਰ (ਖੁਰਾਣਾ) — ਪੰਜਾਬ 'ਚ ਥਾਂ ਦੀ ਘਾਟ ਕਾਰਨ ਚੌਲਾਂ ਦੀ ਮਿਲਿੰਗ ਪ੍ਰਭਾਵਿਤ ਹੋ ਰਹੀ ਹੈ। ਇਸ ਨੇ ਸਰਕਾਰ ਨੂੰ ਚਿੰਤਾ 'ਚ ਪਾ ਦਿੱਤਾ ਹੈ। ਪੰਜਾਬ ਰਾਈਸ ਮਿੱਲਰਜ਼  ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਦੱਸਿਆ ਕਿ ਐੱਫ. ਸੀ. ਆਈ. ਦੇ ਸਾਰੇ ਗੋਦਾਮ ਇਸ ਵੇਲੇ ਚੌਲਾਂ ਨਾਲ ਭਰੇ ਪਏ ਹਨ। ਇਸ ਕਾਰਨ 2017-18 ਦੀ ਮਿਲਿੰਗ ਸਮੇਂ 'ਤੇ ਪੂਰੀ ਹੋਣੀ ਮੁਸ਼ਕਲ ਹੈ। ਅਜੇ ਤੱਕ ਜੋ ਅੰਕੜੇ ਮਿਲੇ ਹਨ, ਉਸ ਅਨੁਸਾਰ ਸੂਬੇ ਵਿਚ 60 ਫੀਸਦੀ ਝੋਨੇ ਦੀ ਮਿਲਿੰਗ ਹੋ ਚੁੱਕੀ ਹੈ। 
ਥਾਂ ਦੀ ਘਾਟ ਬਾਰੇ ਵਿਭਾਗ ਦੇ ਖੁਰਾਕ ਸਕੱਤਰ ਸ਼੍ਰੀ ਸਿਨ੍ਹਾ ਨਾਲ ਗੱਲ ਕੀਤੀ ਗਈ ਹੈ ਤਾਂ ਕਿ ਪੰਜਾਬ ਸਰਕਾਰ ਜਲਦੀ ਕੇਂਦਰੀ ਮੰਤਰੀ ਨਾਲ ਗੱਲ ਕਰ ਕੇ ਚੌਲਾਂ ਲਈ ਗੋਦਾਮ ਮੁਹੱਈਆ ਕਰਵਾਏ ਅਤੇ ਚੌਲਾਂ ਦੀ ਢੁਆਈ ਲਈ ਵੱਧ ਤੋਂ ਵੱਧ ਮਾਲ-ਗੱਡੀਆਂ ਚਲਾਈਆਂ ਜਾਣ।
ਸ਼੍ਰੀ ਜੈਨ ਨੇ ਦੱਸਿਆ ਕਿ 31 ਮਾਰਚ ਤੱਕ ਕਿਉਂਕਿ ਮਿਲਿੰਗ ਪੂਰੀ ਨਹੀਂ ਹੋ ਸਕੇਗੀ। 31 ਮਾਰਚ ਮਗਰੋਂ ਚੌਲ ਬਣਾਉਣ 'ਤੇ ਟੁਕੜੇ ਅਤੇ ਡਿਸਕਲਰ ਦੀ ਸਮੱਸਿਆ ਵਧ ਜਾਂਦੀ ਹੈ। ਇਸ ਨਾਲ ਮਿੱਲਰਜ਼ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 
ਐਸੋਸੀਏਸ਼ਨ ਨੇ ਖੁਰਾਕ ਸਕੱਤਰ ਅਤੇ ਡਾਇਰੈਕਟਰ ਫੂਡ ਨੂੰ ਕਹਿ ਦਿੱਤਾ ਹੈ ਕਿ ਜੇਕਰ ਥਾਂ ਦੀ ਘਾਟ ਕਾਰਨ ਮਿਲਿੰਗ ਵਿਚ ਦੇਰੀ ਹੁੰਦੀ ਹੈ ਤਾਂ ਰਾਈਸ ਮਿੱਲਰਜ਼ ਕੋਈ ਵਿਆਜ ਨਹੀਂ ਭਰਨਗੇ। ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਵਾਰ ਝੋਨੇ ਦੀ ਬੰਪਰ ਫਸਲ ਹੋਈ ਹੈ। ਅੰਕੜਾ 175 ਲੱਖ ਟਨ ਤੋਂ ਵੀ ਟੱਪ ਗਿਆ ਸੀ। 


Related News