ਝੋਨੇ ਦੇ ਬੌਣੇਪਨ ਦੀ ਸਮੱਸਿਆ ਅਤੇ ਸੁਝਾਅ

07/26/2023 5:46:42 PM

ਪਿਛਲੇ ਸਾਲ ਝੋਨੇ ਦੇ ਮਧਰੇਪਣ ਦੀ ਬੀਮਾਰੀ ਨੇ ਸੂਬੇ ਵਿੱਚ ਕਾਫ਼ੀ ਝੋਨੇ ਦੇ ਰਕਬੇ ਨੂੰ ਪ੍ਰਭਾਵਿਤ ਕੀਤਾ ਸੀ। ਗੁਰਦਾਸਪੁਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪਨਗਰ, ਪਟਿਆਲਾ, ਅੰਮ੍ਰਿਤਸਰ ਆਦਿ ਵਰਗੇ ਝੋਨੇ ਦੇ ਰਕਬੇ ਵਾਲੇ ਜ਼ਿਲ੍ਹਿਆਂ ਵਿੱਚ ਇਸ ਬੀਮਾਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਿੱਚ ਵਾਧਾ ਕੀਤਾ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਭਾਰਤੀ ਖੇਤੀ ਖੋਜ ਸੰਸਥਾ ਵੱਲੋਂ ਕੀਤੇ ਗਏ ਸਰਵੇ ਤੋਂ ਬਾਅਦ ਝੋਨੇ ਵਿੱਚ ਇਸ ਮਧਰੇਪਣ ਦਾ ਕਾਰਨ ਵਾਇਰਸ ਦੱਸਿਆ ਗਿਆ ਸੀ ਕਿਉਂਕਿ ਇਹ ਮਧਰੇਪਣ ਦਾ ਰੋਗ ਇੱਕ ਵਾਇਰਸ ਕਰਕੇ ਹੈ। ਇਸ ਦੀ ਰੋਕਥਾਮ ਲਈ ਕਿਸੇ ਦਵਾਈ ਦੀ ਸਿਫਾਰਿਸ਼ ਨਹੀਂ ਹੈ ਇਸ ਲਈ ਸਿਰਫ਼ ਇਹਤਿਆਤ ਅਤੇ ਸਾਵਧਾਨੀਆਂ ਹਨ, ਜਿਨ੍ਹਾਂ ਨੂੰ ਅਪਣਾ ਕੇ ਅਸੀਂ ਝੋਨੇ ਦੀ ਇਸ ਬੇਹੱਦ ਨੁਕਸਾਨਦਾਇਕ ਬੀਮਾਰੀ ਦੀ ਰੋਕਥਾਮ ਕਰ ਸਕਦੇ ਹਾਂ। ਇਸ ਬੀਮਾਰੀ ਦੀ ਰੋਕਥਾਮ ਲਈ ਨਿਮਨਲਿਖਤ ਸਾਵਧਾਨੀਆਂ ਨੂੰ ਅਪਣਾਉਣ ਦੀ ਲੋੜ ਹੈ।

• ਇਹ ਬਿਮਾਰੀ ਵਾਇਰਸ ਕਰਕੇ ਹੁੰਦੀ ਹੈ ਜਿਸ ਦਾ ਨਾਂ Southern Rice –Streaked Dwarf Virus  ਹੈ।
• ਬਿਮਾਰੀ ਦੇ ਜ਼ਰਾਸੀਮਾਂ ਨੂੰ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਬਿਮਾਰ ਬੂਟੇ ਤੋਂ ਤਾਕਤਵਰ ਬੂਟੇ ਤੱਕ ਫਲਾਉਦੇ ਹਨ।
• ਇਹ ਬਿਮਾਰੀ ਪਹਿਲੀ ਵਾਰ ਚੀਨ ਵਿੱਚ 2001 ਵਿੱਚ ਵੇਖਣ ਵਿੱਚ ਆਈ ਸੀ।
• ਇਸ ਬਿਮਾਰੀ ਨਾਲ ਝੋਨੇ ਦੇ ਬੂਟੇ ਮਧਰੇ ਰਹਿ ਜਾਂਦੇ ਹਨ, ਪ੍ਰਭਾਵਿਤ ਬੂਟਿਆਂ ਦੀਆਂ ਜੜ੍ਹਾਂ ਦਾ ਪੂਰਾ ਵਿਕਾਸ ਨਹੀ ਹੁੰਦਾ ਅਤੇ ਬੂਟਾ ਮਧਰਾ ਰਹਿ ਕੇ ਮਰ ਜਾਂਦਾ ਹੈ।
• ਇਸ ਬਿਮਾਰੀ ਨਾਲ ਪ੍ਰਭਾਵਿਤ ਬੂਟਿਆਂ ਦੀਆਂ ਜੜ੍ਹਾਂ ਦਾ ਪੂਰਾ ਵਿਕਾਸ ਨਹੀਂ ਹੁੰਦਾ ਅਤੇ ਬੂਟਾ ਮਧਰਾ ਰਹਿ ਕੇ ਮਰ ਜਾਂਦਾ ਹੈ।
• ਅਗੇਤੇ ਝੋਨੇ ਦੀ ਲਵਾਈ 'ਤੇ ਇਸ ਬਿਮਾਰੀ ਦਾ ਹਮਲਾ ਜ਼ਿਆਦਾ ਵੇਖਿਆ ਗਿਆ ਸੀ।
• ਗਰਮ ਤਾਪਮਾਨ ਇਸ ਬੀਮਾਰੀ ਨੂੰ ਹੋਰ ਵਧਣ ਵਿੱਚ ਮਦਦ ਕਰਦਾ ਹੈ।
 
ਇਸ ਬੀਮਾਰੀ ਤੋਂ ਫ਼ਸਲ ਦਾ ਕਿਵੇਂ ਬਚਾਅ ਕਰੀਏ।


• ਇਸ ਬਿਮਾਰੀ ਦੇ ਜ਼ਰਾਸੀਨ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਇਸ ਬਿਮਾਰੀ ਨੂੰ ਹੋਰਨਾਂ ਬੂਟਿਆਂ ਤੱਕ ਫੈਲਾਉਂਦੇ ਹਨ ਇਸ ਲਈ ਇਸ ਕੀੜੇ ਦੀ ਰੋਕਥਾਮ ਅਤਿ ਜ਼ਰੂਰੀ ਹੈ।
• ਪਨੀਰੀ ਦੀ ਬਿਜਾਈ ਅਗੇਤੀ ਨਾ ਕਰੋ, ਹੋ ਸਕੇ ਤਾਂ ਝੋਨੇ ਦੀ ਲਵਾਈ 25 ਜੂਨ ਤੋਂ ਬਾਅਦ ਕਰੋ।
• ਬਿਜਾਈ ਤੋਂ 10 ਦਿਨਾਂ ਬਾਅਦ ਲਗਾਤਾਰ ਪਨੀਰੀ ਦਾ ਸਰਵੇਖਣ ਕਰਦੇ ਰਹੋ ਅਤੇ ਅਗਰ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਦਾ ਹਮਲਾ ਨਜ਼ਰ ਆਉਦਾ ਹੈ ਤਾਂ ਤੁਰੰਤ ਹੇਠ ਲਿਖੀਆਂ ਦਵਾਈਆਂ 'ਚੋਂ ਇੱਕ ਦਵਾਈ ਸਪਰੇਅ ਕਰੋ।
•  94 ਮਿਲੀਲਿਟਰ ਪੈਕਸਾਲੋਨ 10 ਐਸ ਸੀ (ਟਰਾਈ ਫਲੂਮੀਜ਼ੋਪਾਇਰਮ) ਜਾਂ
•  80 ਗ੍ਰਾਮਓਸ਼ੀਨ / ਟੋਕਨ /ਡੋਮਿਨੇਂਟ 20 ਐਸ ਜੀ (ਡਾਇਨੋਟੈਫੂਰਾਨ) ਜਾਂ
• 120 ਗ੍ਰਾਮ ਚੈੱਸ 50 ਡਬਲਯੂ ਜੀ (ਪਾਈਮੈਟਰੋਜ਼ਿਨ) ਜਾਂ
• 400 ਮਿਲੀਲਿਟਰ ਆਰਕੈਸਟਰਾ 10 ਐਸ ਸੀ (ਬੈਂਜ਼ਪਾਇਰੀਮੋਕਸਾਨ) ਜਾਂ
• 300 ਮਿਲੀਲਿਟਰ ਇਮੇਜਿਨ 10 ਐਸ ਸੀ (ਫਲੂਪਾਇਰੀਮਿਨ) ਜਾਂ
• 800 ਮਿਲੀਲਿਟਰ ਏਕਾਲਕਸ / ਕੁਇਨਗਾਰਡ /ਕੁਇਨਲਮਾਸ 25 ਈਸੀ (ਕੁਇਨਲਫਾਸ) ਜਾਂ 80 ਮਿਲੀਲੀਟਰ ਨਿੰਮ ਅਧਾਰਿਤ ਨਿਕੋਟਿਨ (ਅਜ਼ੈਡੀਰੈਕਟਿਨ 5%) ਜਾਂ
• 4 ਲਿਟਰ ਪੀ.ਏ.ਯੂ. ਨਿੰਮ ਦਾ ਘੋਲ ਪ੍ਰਤੀ ਏਕੜ ਦੇ ਹਿਸਾਬ 100 ਲਿਟਰ ਪਾਣੀ ਵਿੱਚ ਘੋਲਕੇ ਛਿੜਕੋ। ਜੇਕਰ ਲੋੜ ਹੋਵੇ ਤਾਂ ਛਿੜਕਾਅ ਦੁਬਾਰਾ ਕਰੋ।
• ਝੋਨੇ ਦੀ ਲਵਾਈ ਤੋਂ ਬਾਅਦ ਆਪਣੇ ਖੇਤਾਂ ਦਾ ਸਰਵੇਖਣ ਲਗਾਤਾਰ ਕਰਦੇ ਰਹੋ ਅਤੇ ਫ਼ਸਲ ਨੂੰ ਚਿੱਟੀ ਪਿੱਠ ਵਾਲੇ ਟਿੱਡੇ ਦੇ ਹਮਲੇ ਤੋਂ ਮੁਕਤ ਰੱਖੋ।
• ਹੋ ਸਕੇ ਤਾਂ ਆਪਣੇ ਖੇਤਾਂ ਵਿੱਚ ਸਪਰੇ ਕਰਨ ਲਈ ਲਵਾਈ ਸਮੇਂ ਸਪਰੇ ਲਈ ਲਾਈਨਾਂ ਛੱਡੋ ਤਾਂ ਜੋ ਪੱਕਣ ਸਮੇਂ ਅਸਾਨੀ ਨਾਲ ਝੋਨੇ ਦੇ ਖੇਤਾਂ ਵਿੱਚੋਂ ਦੀ ਲੰਘਿਆ ਜਾ ਸਕੇ ।


ਡਾ. ਨਰੇਸ਼ ਕੁਮਾਰ ਗੁਲਾਟੀ
ਜ਼ਿਲ੍ਹਾ ਸਿਖਲਾਈ ਅਫ਼ਸਰ ਕਪੂਰਥਲਾ। 
ਡਾ.  ਗੁਰਦੀਪ ਸਿੰਘ ਖੇਤੀਬਾੜੀ ਅਫ਼ਸਰ (ਟ੍ਰੇਨਿੰਗ ਕਪੂਰਥਲਾ।


Harnek Seechewal

Content Editor

Related News