ਸਿਰਫ ਨੁਕਸਾਨ ਦਾ ਕਾਰਣ ਹੀ ਬਣਦੀ ਹੈ ਝੋਨੇ ਤੇ ਬਾਸਮਤੀ ’ਚ ‘ਖਾਦਾਂ-ਦਵਾਈਆਂ’ ਦੀ ਅੰਨ੍ਹੇਵਾਹ ਵਰਤੋਂ

07/09/2020 10:10:49 AM

ਗੁਰਦਾਸਪੁਰ (ਹਰਮਨਪ੍ਰੀਤ) - ਸਾਉਣੀ ਦੀਆਂ ਵੱਖ-ਵੱਖ ਫਸਲਾਂ ਵਿਚ ਕਿਸਾਨਾਂ ਵਲੋਂ ਕਈ ਬੇਲੋੜੀਆਂ ਖਾਦਾਂ ਅਤੇ ਦਵਾਈਆਂ ਦੀ ਬੇਤਹਾਸ਼ਾ ਵਰਤੋਂ ਕੀਤੇ ਜਾਣ ਕਾਰਣ ਜਿੱਥੇ ਇਨ੍ਹਾਂ ਫ਼ਸਲਾਂ ਦੀ ਗੁਣਵੱਤਾ ’ਤੇ ਵੱਡਾ ਅਸਰ ਪੈਂਦਾ ਹੈ। ਉਸਦੇ ਨਾਲ ਹੀ ਖੇਤੀ ਖਰਚਿਆਂ ਵਿਚ ਵੀ ਭਾਰੀ ਵਾਧਾ ਹੋ ਜਾਂਦਾ ਹੈ। ਪਰ ਇਸਦੇ ਬਾਵਜੂਦ ਵੀ ਬਹੁਤ ਸਾਰੇ ਕਿਸਾਨ ਅਜੇ ਵੀ ਖਾਦਾਂ-ਦਵਾਈਆਂ ਦੀ ਸੁਚੱਜੀ ਵਰਤੋਂ ਕਰਨ ਪ੍ਰਤੀ ਸੁਚੇਤ ਨਹੀਂ ਹੋ ਰਹੇ। ਖ਼ਾਸ ਤੌਰ ’ਤੇ ਝੋਨੇ ਅਤੇ ਬਾਸਮਤੀ ਦੀ ਫ਼ਸਲ ਵਿਚ ਕਿਸਾਨ ਫੁਟਾਰਾ ਵਧਾਉਣ ਲਈ ਜਿੱਥੇ ਯੂਰੀਆ ਖਾਦ ਦੀ ਅੰਨ੍ਹੇਵਾਹ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ, ਉਸ ਦੇ ਨਾਲ ਅਨੇਕਾਂ ਕਿਸਾਨ ਅਜਿਹੇ ਵੀ ਹਨ, ਜੋ ਖਾਦ ਵਿਕਰੇਤਾਵਾਂ ਦੇ ਕਹਿਣ ’ਤੇ ਝੋਨੇ ਤੇ ਬਾਸਮਤੀ ਵਿਚ ਕਈ ਬੇਲੋੜੀਆਂ ਦਵਾਈਆਂ ਖਾਦਾਂ/ਸਪਲੀਮੈਂਟਾਂ ਦੇ ਰੂਪ ਵਿਚ ਪਾ ਕੇ ਵੱਡਾ ਨੁਕਸਾਨ ਕਰਦੇ ਹਨ। ਸਿਤਮ ਦੀ ਗੱਲ ਇਹ ਹੈ ਕਿ ਖੇਤੀਬਾੜੀ ਵਿਭਾਗ ਅਤੇ ਖੇਤੀ ਮਾਹਿਰਾਂ ਵਲੋਂ ਕਿਸਾਨਾਂ ਨੂੰ ਕਈ ਵਾਰ ਜਾਗਰੂਕ ਕੀਤੇ ਜਾਣ ਦੇ ਬਾਵਜੂਦ ਕਿਸਾਨ ਅਜੇ ਤੱਕ ਕੀਟਨਾਸ਼ਕ ਦਵਾਈਆਂ, ਉੱਲੀ ਨਾਸ਼ਕ ਜ਼ਹਿਰਾਂ ਅਤੇ ਖਾਦਾਂ ਵਿਚਲਾ ਫ਼ਰਕ ਹੀ ਨਹੀਂ ਸਮਝ ਸਕੇ। ਜਿਸਦੇ ਚੱਲਦਿਆਂ ਕਈ ਵਾਰ ਕਿਸਾਨ ਫਸਲ ਤੇ ਕਿਸੇ ਬੀਮਾਰੀ ਦਾ ਹਮਲਾ ਹੋਣ ਦੀ ਸੂਰਤ ਵਿਚ ਵੀ ਦਾਣੇਦਾਰ ਕੀਟਨਾਸ਼ਕਾਂ ਦੀ ਵਰਤੋਂ ਕਰ ਦਿੰਦੇ ਹਨ।

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ’ਚ 81 ਫੁੱਟ ਉੱਚੀ ਹੈ ‘ਭਗਵਾਨ ਸ਼ਿਵ ਜੀ ਦੀ ਮੂਰਤੀ’

ਡੀਲਰਾਂ ਦੇ ਹੱਥਾਂ ’ਚ ਖੇਡਣ ਤੋਂ ਬਚਣ ਦੀ ਲੋੜ
ਸਾਉਣੀ ਦੇ ਸੀਜਨ ਦੀਆਂ ਮੁੱਖ ਫਸਲਾਂ ਝੋਨੇ ਅਤੇ ਬਾਸਮਤੀ ਵਿਚ ਬੀਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਕਈ ਉਪਰਾਲਿਆਂ ਦੇ ਬਾਵਜੂਦ ਕਿਸਾਨ ਦਵਾਈਆਂ ਤੇ ਖਾਦਾਂ ਵੇਚਣ ਵਾਲੇ ਡੀਲਰਾਂ ਦੇ ਹੱਥੀਂ ਖੇਡ ਰਹੇ ਹਨ। ਇਸ ਕਾਰਣ ਕਿਸਾਨਾਂ ਵੱਲੋਂ ਖੇਤਾਂ ਵਿਚ ਕਈ ਬੇਲੋੜੀਆਂ ਦਵਾਈਆਂ ਦਾ ਛਿੜਕਾਅ ਕਰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਅਸਲ ਵਿਚ ਫਸਲ ਨੂੰ ਕੋਈ ਲੋੜ ਹੀ ਨਹੀਂ ਹੁੰਦੀ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਝੋਨੇ ਤੇ ਬਾਸਮਤੀ ਦੀ ਫਸਲ ਵਿਚ ਕਿਸਾਨ ਬੂਟੇ ਦਾ ਫੁਟੇਰਾ ਵਧਾਉਣ ਅਤੇ ਬੂਟੇ ਦਾ ਰੰਗ ਗੂੜਾ ਹਰਾ ਕਰਨ ਦੇ ਲਾਲਚ ਤੋਂ ਇਲਾਵਾ ਫਸਲ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਉਣ ਦੀ ਕੋਸ਼ਿਸ਼ ’ਚ ਅਨੇਕਾਂ ਅਜਿਹੀਆਂ ਬੇਲੋੜੀਆਂ ਦਵਾਈਆਂ ਦਾ ਛਿੜਕਾਅ ਕਰ ਦਿੰਦੇ ਹਨ, ਜੋ ਕੋਈ ਫਾਇਦਾ ਕਰਨ ਦੀ ਬਜਾਏ ਸਿਰਫ ਖਰਚ ਅਤੇ ਨੁਕਸਾਨ ਨੂੰ ਵੀ ਵਧਾਉਂਦੀਆਂ ਹਨ। ਨਤੀਜੇ ਵਜੋਂ ਝੋਨੇ ਤੇ ਬਾਸਮਤੀ ਦੀ ਪੈਦਾਵਾਰ ਵਿਚ ਜ਼ਹਿਰੀਲੇ ਤੱਤਾਂ ਦੀ ਮਾਤਰਾ ਵੱਧ ਜਾਣ ਕਾਰਣ ਮੰਡੀਕਰਨ ਵਿਚ ਵੀ ਸਮੱਸਿਆ ਪੇਸ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹੋ ਕਾਰਣ ਸੀ ਕਿ ਦੋ ਸਾਲ ਪਹਿਲਾਂ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਕਿਸਾਨਾਂ ਵੱਲੋਂ ਪੈਦਾ ਕੀਤੀ ਗਈ ਬਾਸਮਤੀ ਨੂੰ ਅੰਤਰਰਾਸ਼ਟਰੀ ਮੰਡੀ ਵਿਚ ਨਕਾਰ ਦਿੱਤਾ ਗਿਆ ਅਤੇ ਕਈ ਦੇਸ਼ਾਂ ਵਿਚੋਂ ਬਾਸਮਤੀ ਦੀਆਂ ਖੇਪਾਂ ਮੁੜ ਭਾਰਤ ਵਿਚ ਵਾਪਸ ਭੇਜ ਦਿੱਤੀਆਂ ਗਈਆਂ ਸਨ।

ਭਾਰਤ ''ਚ ਪ੍ਰਤੀ ਮਿਲੀਅਨ ਅਬਾਦੀ ਪਿੱਛੇ ਮੌਤ ਦਰ ਵਿਸ਼ਵ ਭਰ ਤੋਂ ਹੈ ਘੱਟ (ਵੀਡੀਓ)

ਮੁੱਢਲੀ ਅਵਸਥਾ ਦੌਰਾਨ ਹੀ ਸ਼ੁਰੂ ਹੋ ਜਾਂਦੈ ਦਵਾਈਆਂ ਦਾ ਛਿੜਕਾਅ
ਪੰਜਾਬ ਦੇ ਕਈ ਹਿੱਸਿਆਂ ਵਿਚ ਅਜੇ ਵੀ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਹੈ ਅਤੇ ਬਾਸਮਤੀ ਦੀ ਲਵਾਈ ਲਈ ਵੀ ਕਿਸਾਨ ਰੁੱਝੇ ਹਨ। ਪਰ ਹੈਰਾਨੀ ਅਤੇ ਚਿੰਤਾ ਵਾਲੀ ਗੱਲ ਇਹ ਹੈ ਕਿ ਕਿਸਾਨਾਂ ਦੀ ਫ਼ਸਲ ਦੀ ਮੁੱਢਲੀ ਅਵਸਥਾ ਵਿਚ ਹੀ ਕਈ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਹੋਰ ਤੇ ਹੋਰ ਕਈ ਕਿਸਾਨ ਬੂਟਿਆਂ ਦਾ ਫੁਟੇਰਾ ਵਧਾਉਣ ਲਈ ਇਕ ਅਜਿਹੇ ਕੀਟਨਾਸ਼ਕ ਦੀ ਵਰਤੋਂ ਕਰ ਰਹੇ ਹਨ, ਜਿਸ ਦਾ ਅਸਲ ਕੰਮ ਕੋਈ ਹੋਰ ਹੈ।

ਦਾਣੇਦਾਰ ਜ਼ਹਿਰਾਂ ਦੀ ਵਰਤੋਂ ਪ੍ਰਤੀ ਗੁੰਮਰਾਹ ਹਨ ਕਿਸਾਨ
ਦਾਣੇਦਾਰ ਜ਼ਹਿਰਾਂ ਦੀ ਵਰਤੋਂ ਪ੍ਰਤੀ ਕਿਸਾਨ ਇੰਨੇ ਅਣਜਾਣ ਹਨ ਕਿ ਬਹੁਤ ਸਾਰੇ ਕਿਸਾਨਾਂ ਨੂੰ ਇਹ ਲੱਗਦਾ ਹੈ ਕਿ ਦਾਣੇਦਾਰ ਜ਼ਹਿਰ ਪਾਉਣ ਨਾਲ ਬਾਸਮਤੀ ਦਾ ਬੂਟਾ ਲੰਮਾ ਹੋ ਕੇ ਸੁੱਕਣ ਸਮੇਤ ਹੋਰ ਕਈ ਸਮੱਸਿਆਵਾਂ ਦਾ ਨਿਪਟਾਰਾ ਹੋ ਜਾਂਦਾ ਹੈ ਜਦੋਂ ਕਿ ਕਿਸਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਦਾਣੇਦਾਰ ਜ਼ਹਿਰਾਂ ਸਿਰਫ ਕੁਝ ਕਿਸਮ ਦੇ ਕੀੜਿਆਂ ਨੂੰ ਹੀ ਮਾਰਦੀਆਂ ਹਨ ਅਤੇ ਇਨ੍ਹਾਂ ਦੀ ਵਰਤੋਂ ਵੀ ਉਦੋਂ ਕਰਨੀ ਚਾਹੀਦੀ ਹੈ ਜਦੋਂ ਫਸਲ ਵਿਚ ਕਿਸੇ ਸਬੰਧਤ ਕੀੜੇ ਦਾ ਹਮਲਾ ਹੋਇਆ ਹੋਵੇ। ਪਰ ਬੂਟਾ ਲੰਮਾ ਹੋ ਕੇ ਸੁੱਕਣ ਵਾਲੀਆਂ ਬੀਮਾਰੀਆਂ ਖਤਰਨਾਕ ਉੱਲੀ ਤੋਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਨੂੰ ਰੋਕਣ ਲਈ ਉੱਲੀਨਾਸ਼ਕਾਂ ਦੀ ਸਪਰੇਅ ਜਾਂ ਛਿੜਕਾਅ ਮਾਹਿਰਾਂ ਦੀ ਸਿਫਾਰਸ਼ ਅਨੁਸਾਰ ਹੀ ਕਰਨਾ ਚਾਹੀਦਾ ਹੈ।

ਜੋ ਸਰਕਾਰਾਂ ਸ਼ਰਾਬ ਦੇ ਟੈਕਸ ਤੋਂ ਚੱਲਣ, ਉਨ੍ਹਾਂ ਤੋਂ ਤੱਰਕੀ ਦੀ ਉਮੀਦ ਨਾ ਹੀ ਰੱਖੋਂ...

PunjabKesari

ਸੰਜਮ ਰੱਖਣ ਦੀ ਲੋੜ
ਖੇਤੀ ਮਾਹਿਰ ਕਿਸਾਨਾਂ ਨੂੰ ਅਪੀਲ ਕਰ ਰਹੇ ਹਨ ਕਿ ਅਜੇ ਤੱਕ ਝੋਨੇ ਦੀ ਫਸਲ ਵਿਚ ਕਿਸੇ ਕੀਟਨਾਸ਼ਕ ਦੀ ਦਵਾਈ ਪਾਉਣ ਦੀ ਲੋੜ ਨਹੀਂ ਹੈ ਅਤੇ ਕਿਸਾਨਾਂ ਨੂੰ ਸੰਜਮ ਰੱਖਣ ਦੀ ਲੋੜ ਹੈ। ਜੇਕਰ ਕਿਸੇ ਵੀ ਖੇਤ ਵਿਚ ਕਿਸਾਨਾਂ ਨੂੰ ਕੋਈ ਸਮੱਸਿਆ ਨਜ਼ਰ ਆਉਂਦੀ ਹੈ ਤਾਂ ਕਿਸੇ ਖਾਦ ਵਿਕਰੇਤਾ ਦੇ ਕਹਿਣ ’ਤੇ ਕੋਈ ਦਵਾਈ ਦਾ ਛੜਕਾਅ ਕਰਨ ਦੀ ਬਜਾਏ ਪਹਿਲਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰ ਲੈਣਾ ਚਾਹੀਦਾ ਹੈ।

ਕਦੋਂ ਹਮਲਾ ਕਰਦੀ ਹੈ ਗੋਭ ਦੀ ਸੁੰਡੀ?

ਝੋਨੇ ਦੀ ਫਸਲ ਵਿਚ ਤਣੇ ਦੇ ਗੜੂੰਏਂ (ਪੀਲਾ, ਚਿੱਟਾ ਅਤੇ ਗੁਲਾਬੀ ਗੜੂੰਆਂ), ਪੱਤੇ ਖਾਣ ਵਾਲੇ ਕੀੜੇ (ਪੱਤਾ ਲਪੇਟ ਸੁੰਡੀ ਅਤੇ ਹਿਸਪਾ) ਤੋਂ ਇਲਾਵਾ ਰਸ ਚੂਸਣ ਵਾਲੇ ਬੂਟਿਆਂ ਦੇ ਟਿੱਡੇ ਆਦਿ ਦਾ ਹਮਲਾ ਹੋਣ ਦੀ ਸੂਰਤ ਵਿਚ ਨੁਕਸਾਨ ਦਾ ਡਰ ਰਹਿੰਦਾ ਹੈ। ਇਨ੍ਹਾਂ ਵਿਚੋਂ ਤਣੇ ਦਾ ਗੜੂੰਆਂ (ਗੋਭ ਦੀ ਸੁੰਡੀ) ਜੁਲਾਈ ਤੋਂ ਅਕਤੂਬਰ ਤੱਕ ਹਮਲਾ ਕਰਦਾ ਹੈ। ਇਸ ਦੀ ਰੋਕਥਾਮ ਲਈ ਫਸਲ ਦੀ ਬਿਜਾਈ ਤੇ ਲਵਾਈ ਸਿਫਾਰਸ਼ ਸਮੇ ’ਤੇ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਪੀਲੀਆਂ ਅਤੇ ਚਿੱਟੀਆਂ ਸੁੰਡੀਆਂ ਨੂੰ ਵੱਧਣ-ਫੁੱਲਣ ਲਈ ਸਮਾਂ ਘੱਟ ਮਿਲੇਗਾ ਅਤੇ ਇਨ੍ਹਾਂ ਦੀ ਗਿਣਤੀ ਨਹੀਂ ਵਧੇਗੀ। ਇਸ ਦੀ ਰੋਕਥਾਮ ਲਈ ਨਾਈਟ੍ਰੋਜ਼ਨ ਖਾਦ ਦੀ ਵਰਤੋਂ ਵੀ ਜ਼ਿਆਦਾ ਨਹੀਂ ਕਰਨੀ ਚਾਹੀਦੀ। ਜੇਕਰ ਫਸਲ ਵਿਚ 5 ਫੀਸਦੀ ਤੋਂ ਵਧੇਰੇ ਨੁਕਸਾਨ ਆਏ ਤਾਂ ਮਾਹਿਰਾਂ ਨਾਲ ਸੰਪਰਕ ਕਰ ਕੇ ਦਵਾਈ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਗਰਮੀ ’ਚ ਕੜਕਦੀ ਧੁੱਪ ਤੋਂ ਬਚਣ ਲਈ ਜਾਣੋ ਇਹ ਖ਼ਾਸ ਗੱਲਾਂ

ਅਗਸਤ ਤੋਂ ਅਕਤੂਬਰ ਤੱਕ ਹੁੰਦੈ ਪੱਤਾ ਲਪੇਟ ਸੁੰਡੀ ਦਾ ਹਮਲਾ
ਇਸੇ ਤਰ੍ਹਾਂ ਪੱਤਾ ਲਪੇਟ ਸੁੰਡੀ ਵੀ ਅਗਸਤ ਤੋਂ ਅਕਤੂਬਰ ਦੌਰਾਨ ਨੁਕਸਾਨ ਕਰਦੀ ਹੈ। ਫ਼ਸਲ ਦੇ ਨਿਸਰਨ ਤੋਂ ਪਹਿਲਾਂ ਇਸ ਸੁੰਡੀ ਦਾ ਹਮਲਾ ਹੋਣ ’ਤੇ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉਪਰਲੇ ਹਿੱਸੇ ’ਤੇ ਫੇਰਨੀ ਚਾਹੀਦੀ ਹੈ। ਰੱਸੀ ਫੇਰਨ ਮੌਕੇ ਫ਼ਸਲ ਵਿਚ ਪਾਣੀ ਜ਼ਰੂਰ ਖੜ੍ਹਾ ਹੋਣਾ ਚਾਹੀਦਾ ਹੈ। ਨਾਈਟ੍ਰੋਜ਼ਨ ਤੱਤ ਵਾਲੀ ਖਾਦ ਦੀ ਜ਼ਿਆਦਾ ਵਰਤੋਂ ਨਾਲ ਵੀ ਇਸ ਸੁੰਡੀ ਦਾ ਹਮਲਾ ਵਧਦਾ ਹੈ। ਜੇਕਰ ਇਸ ਸੁੰਡੀ ਨਾਲ ਨੁਕਸਾਨੇ ਪੱਤਿਆਂ ਦੀ ਗਿਣਤੀ 10 ਫੀਸਦੀ ਜਾਂ ਇਸ ਤੋਂ ਵੱਧ ਹੋਵੇ ਤਾਂ ਮਾਹਿਰਾਂ ਵੱਲੋਂ ਸਿਫਾਰਸ਼ ਕੀਤੇ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।

ਟਿੱਡੇ ਦੀ ਰੋਕਥਾਮ ਲਈ ਜ਼ਰੂਰੀ ਹੈ ਖੇਤ ਦਾ ਨਿਰੀਖਣ
ਝੋਨੇ ਦੇ ਟਿੱਡੇ ਵੀ ਜੁਲਾਈ ਤੋਂ ਅਕਤੂਬਰ ਤੱਕ ਬੂਟਿਆਂ ਦਾ ਰਸ ਚੂਸਦੇ ਹਨ। ਇਨ੍ਹਾਂ ਦੀ ਰੋਕਥਾਮ ਲਈ ਵੀ ਨਾਈਟ੍ਰੋਜ਼ਨ ਤੱਤ ਵਾਲੀਆਂ ਖਾਦਾਂ ਦੀ ਵਰਤੋਂ ਲੋੜ ਮੁਤਾਬਿਕ ਹੀ ਕਰਨੀ ਚਾਹੀਦੀ ਹੈ ਅਤੇ ਖੇਤ ਵਿਚੋਂ ਪਾਣੀ ਜੀਰਨ ਦੇ ਬਾਅਦ ਸੋਕਾ ਲਵਾ ਕੇ ਮੁੜ ਪਾਣੀ ਦੇਣਾ ਚਾਹੀਦਾ ਹੈ। ਜੇਕਰ ਬੂਟਾ ਹਿਲਾਉਣ ਤੋਂ ਬਾਅਦ ਖੇਤ ’ਚ ਪ੍ਰਤੀ ਬੂਟਾ 5 ਜਾਂ ਇਸ ਤੋਂ ਵੱਧ ਟਿੱਡੇ ਪਾਣੀ ’ਤੇ ਤਰਦੇ ਦਿਖਾਈ ਦੇਣ ਤਾਂ ਕੀਟਨਾਸ਼ਕ ਦਾ ਛਿੜਕਾਅ ਕਰਨਾ ਚਾਹੀਦਾ ਹੈ। ਝੋਨੇ ਦੀ ਫਸਲ ’ਤੇ ਕੰਡਿਆਲੀ ਭੂੰਡੀ ਦਾ ਹਮਲਾ ਵੀ ਦੇਖਣ ਨੂੰ ਮਿਲਦਾ ਹੈ ਜਿਸ ਦੀ ਰੋਕਥਾਮ ਲਈ ਖੇਤ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਤੇ ਲੋੜ ਪੈਣ ’ਤੇ ਸਿਫਾਰਸ਼ਸ਼ੁਦਾ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।

ਸਰਕਾਰ ਤੇ ਕਿਸਾਨਾਂ ’ਤੇ ਪੈ ਰਹੇ ਵਿੱਤੀ ਬੋਝ ਨੂੰ ਘੱਟ ਕਰਨ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ ‘ਸੋਲਰ ਪੰਪ’

PunjabKesari

ਚੰਗੀ ਕਿਸਮ ਦੀ ਪੈਦਾਵਾਰ ਲਈ 9 ਜ਼ਹਿਰਾਂ ਤੋਂ ਪਰਹੇਜ਼ ਦੀ ਲੋੜ
ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਬਾਸਮਤੀ ਦੀ ਫ਼ਸਲ ਦੀ ਗੁਣਵੱਤਾ ਬਣਾਈ ਰੱਖਣ ਲਈ ਕਿਸੇ ਵੀ ਹਾਲਤ ਵਿਚ ਐਸੀਫੇਟ, ਟਰਾਈਜੋਫਾਸ, ਕਾਰਬੈਂਡਾਜ਼ਿਮ, ਟ੍ਰਾਈਸਾਈਕਲਾਜੋਲ, ਪ੍ਰੋਪੀਕੋਨਾਜੋਲ, ਕਾਰਬੋਬਿਊਰੋਨ, ਬੁਪਰੋਫਿਜਿਨ, ਥਾਇਆਮਿਥੋਕਸਮ, ਥਾਇਉਫੀਨੇਟ ਮਿਥਾਈਲ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਇਨ੍ਹਾਂ ਰਸਾਇਣਾਂ ਦੀ ਵਰਤੋਂ ਨਾਲ ਬਾਸਮਤੀ ਵਿਚ ਜ਼ਹਿਰੀਲੇ ਅੰਸ਼ ਮੌਜੂਦ ਰਹਿ ਜਾਂਦੇ ਹਨ ਜੋ ਫਸਲ ਦੀ ਗੁਣਵੱਤਾ ਨੂੰ ਖਰਾਬ ਕਰ ਕੇ ਇਸ ਦੇ ਮੰਡੀਕਰਨ ਵਿਚ ਵਿਘਨ ਪਾਉਂਦੇ ਹਨ।

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


rajwinder kaur

Content Editor

Related News