ਕਈ ਲਾਇਲਾਜ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ ਝੋਨੇ ਤੇ ਬਾਸਮਤੀ ਦੀ ਲਵਾਈ ਮੌਕੇ ਵਰਤੀ ਲਾਪਰਵਾਹੀ
Sunday, Jun 14, 2020 - 09:58 AM (IST)
ਗੁਰਦਾਸਪੁਰ (ਹਰਮਨਪ੍ਰੀਤ ) - ਝੋਨੇ ਦੀ ਲਵਾਈ ਦਾ ਕੰਮ ਜਲਦੀ ਤੋਂ ਜਲਦੀ ਨਿਪਟਾਉਣ ਦੀ ਦੌੜ ਵਿਚ ਲੱਗੇ ਪੰਜਾਬ ਦੇ ਕਿਸਾਨ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਫਸਲ ਨੂੰ ਰੋਗ ਮੁਕਤ ਰੱਖਣ ਲਈ ਕੀਤੇ ਜਾਣ ਵਾਲੇ ਕਈ ਅਹਿਮ ਕੰਮਾਂ ਨੂੰ ਨਜ਼ਰ ਅੰਦਾਜ਼ ਕਰ ਹਨ। ਖਾਸ ਤੌਰ ’ਤੇ ਝੋਨੇ ’ਤੇ ਬਾਸਮਤੀ ਦੀ ਫਸਲ ਨੂੰ ਉਲੀ ਵਾਲੇ ਰੋਗਾਂ ਤੋਂ ਬਚਾਅ ਲਈ ਬੀਜ ਅਤੇ ਪਨੀਰੀ ਨੂੰ ਸੋਧਣ ਦੇ ਮਾਮਲੇ ਵਿਚ ਕਿਸਾਨ ਏਨੇ ਵੱਡੇ ਪੱਧਰ ’ਤੇ ਅਵੇਸਲੇ ਹਨ ਕਿ 80 ਫੀਸਦੀ ਦੇ ਕਰੀਬ ਕਿਸਾਨ ਬੀਜਾਂ ਨੂੰ ਦਵਾਈ ਨਾਲ ਸੋਧਣ ਤੋਂ ਬਿਨਾਂ ਹੀ ਬੀਜ ਰਹੇ ਹਨ। ਜਦੋਂ ਖੇਤੀ ਮਾਹਿਰ ਕਿਸਾਨਾਂ ਨੂੰ ਵਾਰ ਵਾਰ ਅਪੀਲ ਕਰ ਰਹੇ ਹਨ ਕਿ ਉਹ ਬੀਜਾਂ ਦੀ ਸੁਧਾਈ ਕਰ ਕੇ ਹੀ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਨ।
ਜ਼ਿਕਰਯੋਗ ਹੈ ਕਿ ਬਾਸਮਤੀ ਵਿਚ ਸਭ ਤੋਂ ਵੱਡੀ ਸਮੱਸਿਆ ਪੈਰਾਂ ਦੇ ਗਲਣ ਵਾਲੇ ਰੋਗ ਦੀ ਸਾਹਮਣੇ ਆਉਂਦੀ ਹੈ ਅਤੇ ਇਹ ਅਜਿਹਾ ਰੋਗ ਹੈ ਦੋ ਕਈ ਵਾਰ ਫਸਲ ਦੀ ਪੈਦਾਵਾਰ ਨੂੰ ਬਹੁਤ ਵੱਡੇ ਪੱਧਰ ’ਤੇ ਪ੍ਰਭਾਵਿਤ ਕਰਦਾ ਹੈ। ਪਰ ਜੇਕਰ ਕਿਸਾਨ ਬਾਸਮਤੀ ਦੇ ਬੀਜ ਅਤੇ ਪਨੀਰੀ ਦੀਆਂ ਜੜਾਂ ਨੂੰ ਦਵਾਈ ਨਾਲ ਸੋਧ ਕੇ ਬੀਜਣ/ਲਵਾਈ ਕਰਨ ਤਾਂ ਇਸ ਵੱਡੀ ਸਮੱਸਿਆ ਤੋਂ ਅਸਾਨੀ ਨਾਲ ਛੁਟਕਾਰਾ ਹੋ ਸਕਦਾ ਹੈ।
ਬਾਸਮਤੀ ਨੂੰ ਬਚਾਉਣ ਲਈ ਜ਼ਰੂਰੀ ਹੈ ਬੀਜ/ਪਨੀਰੀ ਦੀ ਸੋਧ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਅਨੁਸਾਰ ਬਾਸਮਤੀ ਦੀ ਫਸਲ ਵਿਚ ਪੈਰਾਂ ਦੇ ਗਲਣ ਦਾ ਰੋਗ ਬੇਹੱਦ ਵੱਡੀ ਸਮੱਸਿਆ ਪੈਦਾ ਕਰਦਾ ਹੈ, ਜਿਸ ਨਾਲ ਕਈ ਵਾਰ ਪੂਰੀ ਫਸਲ ਵੀ ਤਬਾਹ ਹੋ ਜਾਂਦੀ ਹੈ। ਇਹ ਇਕ ਅਜਿਹਾ ਰੋਗ ਹੈ, ਜਿਸ ਦਾ ਹਮਲਾ ਹੋਣ ਦੀ ਸੂਰਤ ਵਿਚ ਕੋਈ ਵੀ ਦਵਾਈ ਕੰਮ ਨਹੀਂ ਕਰਦੀ ਅਤੇ ਖਰਾਬ ਹੋਏ ਬੂਟਿਆਂ ਨੂੰ ਪੁੱਟ ਕੇ ਸੁੱਟਣਾ ਪੈਂਦਾ ਹੈ। ਇਸ ਲਈ ਖੇਤੀਬਾੜੀ ਮਾਹਿਰ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਬਾਸਮਤੀ ਦੀ ਪਨੀਰੀ ਬੀਜਣ ਤੋਂ ਪਹਿਲਾਂ ਇਕ ਕਿੱਲੋ ਬੀਜ ਨੂੰ 15 ਗਰਾਮ ਟ੍ਰਾਈਕੋਡਰਮਾ ਹਰਜੇਨੀਅਮ ਨਾਲ ਸੋਧ ਲੈਣ। ਇਸ ਦੇ ਬਾਅਦ ਜਦੋਂ ਪਨੀਰੀ ਲਗਾਉਣ ਵੇਲੇ ਬਾਸਮਤੀ ਦੀ ਪਨੀਰੀ ਨੂੰ ਵੀ 15 ਗਰਾਮ ਟਰ੍ਰਾਈਕੋਡਰਮਾ ਹਰਜੇਨੀਅਮ ਅਤੇ ਇਕ ਲਿਟਰ ਪਾਣੀ ਦੇ ਅਨੁਪਾਤ ਵਿਚ ਘੋਲ ਤਿਆਰ ਕਰ ਕੇ ਸੋਧ ਲੈਣਾ ਚਾਹੀਦਾ ਹੈ। ਇਸ ਮਕਸਦ ਲਈ ਪਨੀਰੀ ਦੀਆਂ ਜੜਾਂ ਨੂੰ ਮਿੱਟੀ ਨਾਲ ਧੋ ਕੇ ਘੱਟ ਘੱਟ 6 ਘੰਟੇ ਲਈ ਉਕਤ ਘੋਲ ਵਿਚ ਡੁਬੋ ਕੇ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਮੁੱਢ ਗਲਣ/ਝੰਡਾ ਰੋਗ/ਬੂਟਾ ਲੰਮਾ ਹੋ ਕੇ ਸੁੱਕਣ ਵਾਲੇ ਰੋਗ ਤੋਂ ਕਾਫੀ ਹੱਦ ਤੱਕ ਛੁਟਕਾਰਾ ਪਾਇਆ ਜਾ ਸਕਦਾ ਹੈ।
ਵੱਡੇ ਨੁਕਸਾਨ ਤੋਂ ਬਚਾਉਂਦਾ ਹੈ ਸਿਰਫ 30 ਰੁਪਏ ਦਾ ਖਰਚ
ਖੇਤੀ ਮਾਹਿਰਾਂ ਨੇ ਦੱਸਿਆ ਕਿ ਜੇਕਰ ਅੱਜ ਕੱਲ ਝੋਨੇ ਦੀ ਸਿੱਧੀ ਬਿਜਾਈ ਕਰਨ ਰਹੇ ਕਿਸਾਨ ਅਤੇ ਬਾਸਮਤੀ ਦੀ ਪਨੀਰੀ ਬੀਜਣ ਵਾਲੇ ਕਿਸਾਨ ਸਿਰਫ 30 ਰੁਪਏ ਖਰਚ ਕਰਕੇ ਇਕ ਏਕੜ ਦਾ ਬੀਜ ਸੋਧ ਲੈਣ ਤਾਂ ਉਹ ਫਸਲ ਨੂੰ ਕਈ ਰੋਗਾਂ ਤੋਂ ਮੁਕਤ ਕਰਨ ਵਿਚ ਸਫਲਤਾ ਹਾਸਿਲ ਕਰ ਸਕਦੇ ਹਨ। ਅੱਜ ਕੱਲ ਝੋਨੇ ਦੀ ਲਵਾਈ ਦਾ ਕੰਮ ਤੇਜੀ ਨਾਲ ਚਲ ਰਿਹਾ ਹੈ। ਪਰ ਕਈ ਕਿਸਾਨ ਅਜੇ ਵੀ ਸਿੱਧੀ ਬਿਜਾਈ ਕਰ ਰਹੇ ਹਨ। ਅਜਿਹੇ ਕਿਸਾਨਾਂ ਨੂੰ ਇਕ ਏਕੜ ਲਈ ਨਿਰੋਗ ਤੇ ਸਾਫ ਸੁਥਰਾ ਬੀਜ ਲੈ ਕੇ ਉਸ ਨੂੰ ਕਰੀਬ 10 ਲਿਟਰ ਪਾਣੀ ਵਿਚ ਡੁਬੋ ਲੈਣ ਤੇ ਜਿਹੜਾ ਬੀਜ ਤਰ ਜਾਵੇ ਉਸ ਨੂੰ ਬਾਹਰ ਕੱਡ ਦੇਣਾ ਚਾਹੀਦਾ ਹੈ। ਬੀਜ ਨੂੰ ਕਰੀਬ 10 ਘੰਟੇ ਪਾਣੀ 'ਚ ਡੁਬੋ ਕੇ ਰੱਖਣ ਉਪਰੰਤ ਬੀਜ ਨੂੰ ਛਾਂ ਵਿਚ ਸੁਕਾ ਲੈਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ 8 ਕਿਲੋ ਬੀਜ ਨੂੰ 24 ਗ੍ਰਾਮ ਸਪਰਿੰਟ 75 ਡਬਲਯੂ. ਐੱਸ ਨਾਲ ਸੋਧਣਾ ਚਾਹੀਦਾ ਹੈ। ਇਸ ਮਕਸਦ ਲਈ 24 ਗ੍ਰਾਮ ਸਪਰਿੰਟ ਦਵਾਈ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਉਕਤ ਦਵਾਈ ਬੀਜ ਤੇ ਮਲ ਲੈਣੀ ਚਾਹੀਦੀ ਹੈ।