ਆਰਗੈਨਿਕ ਤਰੀਕੇ ਨਾਲ ਕੀਤੀ ਗਈ ਖੇਤੀ ''ਚ ਵਧੇਰੇ ਝਾੜ ਸੰਭਵ

09/24/2016 2:32:46 PM

ਬਠਿੰਡਾ (ਸੁਖਵਿੰਦਰ)—ਆਰਗੈਨਿਕ ਖੇਤੀ ਦੀ ਉਪਜ ਨੂੰ ਵਧਾਵਾ ਦੇਣ ਲਈ ਵਿੱਤ ਕਮਿਸ਼ਨਰ ਪੰਜਾਬ ਐਨ.ਐਸ. ਕਲਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਦਾ ਇਕ ਵਫ਼ਦ  ਆਰਗੈਨਿਕ ਇੰਸਟੀਚਿਊਟ (ਗੰਗਟੱਕ) ਸਿਕੱਮ ਵਿਖੇ ਆਰਗੈਨਿਕ ਖੇਤੀ ਵੇਖਣ ਲਈ ਗਿਆ ਹੋਇਆ ਹੈ। ਇਹ 7 ਮੈਂਬਰੀ ਵਫ਼ਦ 13 ਸਤੰਬਰ ਨੂੰ ਸਿੱਕਮ ਰਵਾਨਾ ਹੋਇਆ ਸੀ ਅਤੇ 25 ਸਤੰਬਰ ਨੂੰ ਵਾਪਸ ਆਵੇਗਾ। ਇਸ ਵਫ਼ਦ ਵਿਚ ਬਲਜੀਤ ਸਿੰਘ ਗੋਬਿੰਦਪੁਰ, ਕੁਲਵੰਤ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ ਆਦਿ ਖੇਤੀ ਦੇ ਅਗਾਂਹ ਵਧੂ ਕਿਸਾਨ ਸ਼ਾਮਲ ਹਨ। 

ਇਸ ਵਫ਼ਦ ਦੀ ਅਗਵਾਈ ਬਲਜੀਤ ਸਿੰਘ ਗੋਬਿੰਦਪੁਰ ਨੇ ਕੀਤੀ ਅਤੇ ਪੰਜਾਬ ਖੇਤੀਬਾੜੀ ਵਿਭਾਗ ਪੰਜਾਬ ਚੰਡੀਗੜ੍ਹ ਦੇ ਕੋਆਰਡੀਨੇਟਰ ਡਾ. ਬਹਾਦਰ ਸਿੰਘ ਵਫ਼ਦ ਦੀ ਨਿਗਰਾਨੀ ਕਰ ਰਹੇ ਹਨ। ਵਫ਼ਦ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਪਿਆਜ਼, ਗਾਜਰ, ਪਾਲਕ, ਮੂਲੀ, ਚੌਲਾਈ, ਹਲਦੀ, ਅਦਰਕ, ਮੂੰਗੀ, ਚਾਵਲ, ਰਾਜਮਾਂ ਆਦਿ ਦੀ ਆਰਗੈਨਿਕ ਤਰੀਕੇ ਨਾਲ ਕੀਤੀ ਗਈ ਫ਼ਸਲ ਨੂੰ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਏ। ਇਸ ਵਫ਼ਦ ਵਲੋਂ ਉਥੇ ਵੱਖ-ਵੱਖ ਫਾਰਮਾਂ ''ਚ ਜਾ ਕੇ ਬੀਜੀਆਂ ਜਾਂਦੀਆਂ ਫ਼ਸਲਾਂ ਵੇਖਿਆ। ਉਥੇ ਵੇਖਿਆ ਕਿ ਆਰਗੈਨਿਕ ਤਰੀਕੇ ਨਾਲ ਕੀਤੀ ਖੇਤੀ ਵਿਚ ਕੋਈ ਸਪਰੇਅ ਨਹੀਂ ਕੀਤੀ ਜਾਂਦੀ ਅਤੇ ਮਲਮੂਤਰ, ਗੋਹਾ ਅਤੇ ਵੱਖ-ਵੱਖ ਤਰ੍ਹਾਂ ਦੇ ਪੱਤਿਆਂ ਨਾਲ ਤਿਆਰ ਕੀਤੀ ਗਈ ਦੇਸੀ ਖਾਦ ਹੀ ਵਰਤੀ ਜਾਂਦੀ ਹੈ, ਜਿਸ ਨਾਲ ਵਧੇਰੇ ਝਾੜ ਪੈਦਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਦੇਸੀ ਖਾਦ ਕੀ ਵਰਤੋਂ ਕਰਨ ਨਾਲ ਚਾਵਲ 40 ਕੁਇੰਟਲ ਪ੍ਰਤੀ ਹੈਕਟੇਅਰ, ਅਦਰਕ 4-5 ਟਨ ਪ੍ਰਤੀ ਹੈਕਟੇਅਰ  ਦਾ ਝਾੜ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਵਫ਼ਤ ਉਨ੍ਹਾਂ ਦੀ ਫ਼ਸਲ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਪੰਜਾਬ ਆ ਕੇ ਆਰਗੈਨਿਕ ਖੇਤੀ ਦੇ ਵਧਾਵੇ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨਗੇ।


Related News