ਕਿਸਾਨ ਨਾਲ ਕੁੱਟਮਾਰ ਮਾਮਲੇ ''ਚ ਅੱਗੇ ਆਈਆਂ ਜਥੇਬੰਦੀਆਂ

03/27/2017 4:05:21 PM

ਫ਼ਰੀਦਕੋਟ (ਹਾਲੀ)- ਭਾਰਤੀ ਕਿਸਾਨ ਯੂਨੀਅਨ ਏਕਤਾ, ਸਿੱਧੂਪੁਰ ਅਤੇ ਇੰਡੀਆ ਫ਼ਾਰਮਰਜ਼ ਐਸੋਸੀਏਸ਼ਨ ਆਗੂਆਂ ਵੱਲੋਂ ਨੇੜਲੇ ਪਿੰਡ ਕਾਬਲਵਾਲਾ ਵਿਖੇ ਬੈਂਕ ਮੁਲਾਜ਼ਮਾਂ ਦੀ ਮਾਰਕੁੱਟ ਦਾ ਸ਼ਿਕਾਰ ਹੋਏ ਕਿਸਾਨ ਦੀ ਹਮਾਇਤ ਅਤੇ ਉਸ ਨੂੰ ਇਨਸਾਫ਼ ਦਿਵਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਕਿਸਾਨ ਆਗੂਆਂ ਨੇ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਾਖਲ ਕਿਸਾਨ ਜੀਤ ਸਿੰਘ ਦਾ ਹਾਲ ਵੀ ਜਾਣਿਆ। ਇਸ ਸਮੇਂ ਮੈਡੀਕਲ ਹਸਪਤਾਲ ਪੁੱਜੇ ਆਗੂਆਂ ਵਿਚ ਭਾਕਿਯੂ ਏਕਤਾ, ਸਿੱਧੂਪੁਰ ਦੇ ਜ਼ਿਲਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ, ਇੰਡੀਆ ਫ਼ਾਰਮਰਜ ਐਸੋਸੀਏਸ਼ਨ ਦੇ ਸੂਬਾ ਸਕੱਤਰ ਮਾਸਟਰ ਸ਼ਵਿੰਦਰ ਸਿੰਘ ਰਾਜੋਵਾਲਾ ਅਤੇ ਜ਼ਿਲਾ ਪ੍ਰਧਾਨ ਬਲਦੀਪ ਸਿੰਘ ਰੋਮਾਣਾ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਟਰੈਕਟਰ ਕਰਜ਼ੇ ਦੀ ਰਿਕਰਵਰੀ ਲਈ ਸਬੰਧਤ ਕਿਸਾਨ ਦੀ ਗੰਭੀਰ ਮਾਰਕੁੱਟ ਕੀਤੇ ਜਾਣਾ ਨਿੰਦਾਯੋਗਾ ਹੈ, ਜਿਸ ਲਈ ਬੈਂਕ ਮੁਲਾਜ਼ਮਾਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਮੰਦਹਾਲ ਦਾ ਸਾਹਮਣਾ ਕਰਨ ਰਹੇ ਇਸ ਕਿਸਾਨ ਦੀ ਮਜ਼ਬੂਰੀ ਸਮਝਣ ਦੀ ਬਜਾਏ ਧੱਕੇ ਨਾਲ ਉਸ ਦਾ ਟਰੈਕਟਰ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਪ੍ਰਗਟਾਉਣ ''ਤੇ ਮੁਲਾਜ਼ਮਾਂ ਵੱਲੋਂ ਉਸ ਨੂੰ ਮਾਰਕੁੱਟ ਦਾ ਸ਼ਿਕਾਰ ਬਣਾਉਂਦਿਆਂ ਉਸ ਦੇ ਰਿਸ਼ਤੇਦਾਰ ਦਾ ਮੋਟਰਸਾਈਕਲ ਵੀ ਖੋਹ ਲਿਆ। ਉਕਤ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਪੁਲਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ ਥਾਣਾ ਗੋਲੇਵਾਲਾ ਦੇ ਏ. ਐਸ. ਆਈ. ਵੱਲੋਂ ਮਾਮਲੇ ਸਬੰਧੀ ਦਿੱਤੀ ਗਈ ਰਿਪੋਰਟ ਨੂੰ ਪੂਰੀ ਤਰ੍ਹਾਂ ਇਸ ਸਬੰਧਤ ਵਿਅਕਤੀਆਂ ਦੇ ਹੱਕ ਵਿਚ ਪੂਰਿਆ ਗਿਆ ਹੈ, ਜਿਸ ਵਿੱਚ ਬੈਂਕ ਮੁਲਾਜ਼ਮਾਂ ਵੱਲੋਂ ਧੱਕੇ ਨਾਲ ਟਰੈਕਟਰ ਖੋਹਣ, ਕਿਸਾਨ ਦੀ ਮਾਰਕੁੱਟ ਕਰਨ ਅਤੇ ਮੋਟਰਸਾਈਕਲ ਖੋਹਣ ਲੈਣ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਦੋਸ਼ੀਆਂ ਨੂੰ ਬਚਾਉਣ ਲਈ ਉਨ੍ਹਾਂ ਦੇ ਹੱਕ ਵਿਚ ਵੀ ਕਹਾਣੀ ਬਣਾ ਦਿੱਤੀ ਗਈ ਹੈ, ਜਿਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਸਬੰਧਤ ਵਿਅਕਤੀਆਂ ਖਿਲਾਫ਼ ਹਰ ਹੀਲੇ ਕਾਰਵਾਈ ਕਰਵਾਈ ਜਾਵੇਗੀ। ਕਿਸਾਨ ਆਗੂਆਂ ਨੇ ਵਫ਼ਦ ਦੇ ਰੂਪ ਵਿਚ ਥਾਣਾ ਸਦਰ ਦੇ ਐਸ. ਐਚ. ਓ. ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਮੰਗ ਪੱਤਰ ਦੇ ਕੇ ਸਬੰਧਤ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੀੜਤ ਕਿਸਾਨ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨੋਂ ਵੀ ਪਿੱਛੇ ਨਹੀਂ ਰਹਿਣਗੇ।

Related News