ਕਰਜ਼ੇ ਦੇ ਮਾਰੇ ਕਿਸਾਨ ਨੇ ਵਿੱਤ ਮੰਤਰੀ ਦੀ ਕੋਠੀ ਅੱਗੇ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼

12/19/2016 4:22:09 PM

ਸੰਗਰੂਰ (ਬਾਵਾ)—ਕਰਜ਼ੇ ਤੋਂ ਸਤਾਏ ਕਿਸਾਨ ਨੇ ਕਰਜ਼ਾ ਮੁਆਫੀ ਲਈ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਅੱਗੇ ਦਿੱਤੇ ਜਾ ਰਹੇ ਧਰਨੇ ਦੌਰਾਨ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਧਰਨੇ ਦੇ ਰਹੇ ਕਿਸਾਨ ਆਗੂਆਂ ਨੇ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਆਂਦਾ, ਜਿਥੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਸੋਦੋਪੁਰ ਤਹਿਸੀਲ ਮਲੇਰਕੋਟਲਾ ਦੇ ਕਿਸਾਨ ਚੰਦ ਸਿੰਘ ਅਤੇ ਮੱਘਰ ਸਿੰਘ ਨੇ ਦੱਸਿਆ ਕਿ ਜ਼ਹਿਰੀਲੀ ਵਸਤੂ ਖਾਣ ਵਾਲਾ ਕਿਸਾਨ ਉਨ੍ਹਾਂ ਦੇ ਹੀ ਪਿੰਡ ਸੋਦੋਪੁਰ ਤਹਿਸੀਲ ਮਲੇਰਕੋਟਲਾ ਦਾ ਦਰਸ਼ਨ ਸਿੰਘ ਹੈ ਜੋ ਪਿੰਡ ਦੇ ਨੰਬਰਦਾਰ ਨਾਰੰਗ ਸਿੰਘ ਦਾ ਪੁੱਤਰ ਹੈ, ਜਿਸ ਉਤੇ ਕਰਜ਼ੇ ਦੀ ਕਾਫੀ ਮਾਰ ਪਈ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਦਰਸ਼ਨ ਸਿੰਘ ਧਰਨੇ ਦੌਰਾਨ ਉਲਟੀਆਂ ਕਰਨ ਲੱਗ ਪਿਆ ਅਤੇ ਉਸ ਵਿਚੋਂ ਬਹੁਤ ਭੈੜੀ ਬਦਬੋ ਆ ਰਹੀ ਸੀ, ਇਸ ਲਈ ਉਨ੍ਹਾਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਲਿਆਂਦਾ । ਉਨ੍ਹਾਂ ਦੱਸਿਆ ਕਿ ਦਰਸ਼ਨ ਸਿੰਘ ਉੱਤੇ 20-25 ਲੱਖ ਤੋਂ ਵੱਧ ਦਾ ਕਰਜ਼ਾ ਹੈ। ਸਿਵਲ ਹਸਪਤਾਲ ਵਿੱਚ ਤੈਨਾਤ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਜੇਰੇ ਇਲਾਜ ਕਿਸਾਨ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦੀ ਹਾਲਤ ਨੂੰ ਵੇਖਦਿਆਂ ਮੁੱਢਲੀ ਸਹਾਇਤਾ ਤੋਂ ਬਾਅਦ ਕਿਸਾਨ ਦਰਸ਼ਨ ਸਿੰਘ ਨੂੰ ਪਟਿਆਲੇ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।


Related News