ਸਿਹਤ ਦੀ ਤੰਦਰੁਸਤੀ ਦਾ ਖਜ਼ਾਨਾ: ਪੌਸ਼ਟਿਕ ਫਲਾਂ ਦੀ ਬਗੀਚੀ

08/19/2020 1:19:24 PM

ਸਰਵਪ੍ਰਿਆ ਸਿੰਘ ਅਤੇ ਅਜੀਤਪਾਲ ਧਾਲੀਵਾਲ

ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ

ਮਨੁੱਖੀ ਲੋੜਾਂ ਦੀ ਪੂਰਤੀ ਲਈ ਸਾਨੂੰ ਰੋਜ਼ਾਨਾ ਖੁਰਾਕ ਦੀ ਜ਼ਰੂਰਤ ਹੈ। ਇਸ ਖੁਰਾਕ ਵਿੱਚ ਸਾਰੇ ਤਰ੍ਹਾਂ ਦੇ ਪ੍ਰੋਟੀਨ, ਮਿਨਰਲ, ਵਿਟਾਮਿਨ ਦੀ ਪੂਰਤੀ ਹੋਣਾ ਬਹੁਤ ਜ਼ਰੂਰੀ ਹੈ। ਫਲਾਂ ਨੂੰ ਰੋਜ਼ਾਨਾ ਖੁਰਾਕ ਵਿੱਚ ਮਹਿੰਗੇ ਸਰੋਤ ਵਜੋਂ ਜਾਣਿਆ ਜਾਂਦਾ ਹੈ, ਜਦਕਿ ਇਸਨੂੰ ਰੋਜ਼ਾਨਾ ਖੁਰਾਕ ਵਿੱਚ ਰੱਖਣ ਨਾਲ ਮੁਨੱਖ ਬੀਮਾਰੀਆਂ ਤੋਂ ਬੱਚਿਆ ਰਹਿੰਦਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਮੁਤਾਬਕ ਮੁਨੱਖ ਨੂੰ ਫਲਾਂ ਦੀ ਰੋਜ਼ਾਨਾ ਪੂਰਤੀ ਲਈ 120 ਗ੍ਰਾਮ ਪ੍ਰਤੀ ਦਿਨ ਪ੍ਰਤੀ ਵਿਅਕਤੀ ਖਾਣੇ ਚਾਹੀਦੇ ਹਨ। ਪਰ ਦੇਖਣ ਵਿੱਚ ਆਇਆ ਹੈ ਕਿ ਭਾਰਤ ਵਿੱਚ ਇਸ ਦੀ ਪ੍ਰਾਪਤੀ 60 ਗ੍ਰਾਮ ਪ੍ਰਤੀ ਦਿਨ ਪ੍ਰਤੀ ਵਿਅਕਤੀ ਪੈਦਾਵਾਰ ਹੋ ਰਹੀ ਹੈ। ਫਲਾਂ ਵਿੱਚ ਬਹੁਤ ਸਾਰੇ ਵਿਟਾਮਿਨ (ਏ, ਬੀ1, ਬੀ12, a ਅਤੇ ਸੀ) ਐਂਟੀਆਕਸੀਡੈਂਟ, ਖਣਿਜ, ਮਿਨਰਲ ਅਤੇ ਹੋਰ ਲੋੜੀਂਦੇ ਤੱਤ ਹੁੰਦੇ ਹਨ। ਜਿਸ ਨਾਲ ਮਨੁੱਖੀ ਜੀਵਨ ਨਿਰੋਗ ਅਤੇ ਤੰਦਰੁਸਤ ਰਹਿੰਦਾ ਹੈ। ਪੰਜਾਬ ਵਿੱਚ ਵੱਖ-ਵੱਖ ਫਲਾਂ ਹੇਠ 86673 ਹੈਕਟੇਅਰ ਰਕਬੇ ਵਿੱਚੋ 18.5 ਲੱਖ ਮੀਟ੍ਰਿਕ ਟਨ ਪ੍ਰਾਪਤ ਹੁੰਦੇ ਹਨ। ਜਿਹੜਾ ਕਿ ਆਮ ਫਸਲਾਂ ਅਤੇ ਸਬਜ਼ੀਆਂ ਦੇ ਮੁਕਾਬਲੇ ਬਹੁਤ ਘੱਟ ਹੈ।

ਆਮ ਹੀ ਦੇਖਿਆ ਜਾਂਦਾ ਹੈ ਪਿੰਡਾਂ ਵਿੱਚ ਸ਼ਹਿਰਾਂ ਨਾਲੋਂ ਘਰ ਖੁੱਲੇ ਹੁੰਦੇ ਹਨ, ਜਿਸ ਕਰਕੇ ਪਿੰਡਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਫਲਦਾਰ ਬੂਟੇ ਲਗਾ ਕੇ ਅਸੀਂ ਸਾਰਾ ਸਾਲ ਫ਼ਲ ਲੈ ਸਕਦੇ ਹਾਂ। ਅਜੋਕੇ ਸਮੇਂ ਵਿੱਚ ਵੱਧ ਰਹੀ ਫ਼ਲਾਂ ਦੀ ਖਪਤ ਅਤੇ ਇਸ ਦੀ ਗੁਣਵਣਤਾ ਬਾਰੇ ਹਰ ਕੋਈ ਜਾਣੂ ਹੋ ਚੁੱਕਾ ਹੈ। ਇਸੇ ਕਾਰਨ ਫ਼ਲਦਾਰ ਬੂਟੇ ਲਗਾਉਣ ਦਾ ਰੁਝਾਣ ਸ਼ਹਿਰਾਂ ਵਿੱਚ ਪਈਆਂ ਖਾਲੀ ਥਾਵਾਂ ’ਤੇ ਵੀ ਲਗਾਉਣ ਲੱਗ ਪਏ ਹਨ, ਤਾਂ ਜੋ ਤਾਜੇ ਫਲਾਂ ਦੀ ਖਪਤ ਕਰਕੇ ਆਪਣੇ ਸਰੀਰ ਨੂੰ ਤਰੋਤਾਜ਼ਾ ਰੱਖ ਸਕਣ। ਸਾਰਾ ਸਾਲ ਮਿਲਣ ਵਾਲੇ ਫਲਾਂ ਦਾ ਵੇਰਵਾ ਹੇਠ ਲਿਖੀ ਸਾਰਣੀ 1 ਵਿੱਚ ਦਰਸਾਇਆ ਗਿਆ ਹੈ।

ਸਾਰਣੀ 1:‘ਸਾਰਾ ਸਾਲ ਮਿਲਣ ਵਾਲੇ ਫ਼ਲਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:’

ਮਹੀਨੇ ਸਾਰਾ ਸਾਲ ਮਿਲਣ ਵਾਲੇ ਫਲਾਂ ਦਾ ਵੇਰਵਾ
ਜਨਵਰੀ ਕਿੰਨੂ, ਡਬਲਿਯੂ ਮਰਕਟ
ਫਰਵਰੀ ਕਿੰਨੂ, ਡਬਲਿਯੂ ਮਰਕਟ
ਮਾਰਚ ਬੇਰ, ਲੁਕਾਠ
ਅਪ੍ਰੈਲ ਬੇਰ, ਲੁਕਾਠ, ਆੜੂ
ਮਈ ਆੜੂ, ਅਲੂਚਾ, ਚੀਕੂ, ਅੰਜੀਰ, ਬੇਲ ਅਤੇ ਫਾਲਸਾਂ
ਜੂਨ ਲੀਚੀ, ਅੰਗੂਰ, ਚੀਕੂ, ਅੰਜੀਰ
ਜੁਲਾਈ ਅਮਰੂਦ, ਅੰਬ, ਜਾਮੁਨ, ਬਾਰਾਮਾਸੀ ਨਿੰਬੂ, ਨਾਸ਼ਪਾਤੀ
ਅਗਸਤ ਅਮਰੂਦ, ਬਾਰਾਮਾਸੀ ਨਿੰਬੂ, ਅਨਾਰ
ਸਤੰਬਰ ਮਿੱਠਾ,ਕਰੌਂਦਾ, ਪਪੀਤਾ
ਅਕਤੂਬਰ ਡੈਜੀ, ਕਰੌਂਦਾ,ਪਪੀਤਾ
ਨਵੰਬਰ ਮਾਲਟਾ, ਬਾਰਾਮਾਸੀ ਨਿੰਬੂ, ਅਮਰੂਦ, ਕੇਲਾ,ਆਂਵਲਾ,ਗਰੇਪਫਰੂਟ
ਦਸੰਬਰ ਬਾਰਾਮਾਸੀ ਨਿੰਬੂ, ਅਮਰੂਦ, ਆਂਵਲਾ, ਗਰੇਪਫਰੂਟ

ਫਲਦਾਰ ਬੂਟੇ ਲਗਾਉਣ ਤੋਂ ਪਹਿਲਾਂ ਸਾਨੂੰ ਕੁਝ ਹੇਠ ਦੱਸੀਆਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ...

ਫਲਦਾਰ ਬੂਟਿਆਂ ਦੀ ਪੋਸ਼ਟਿਕ ਬਗੀਚੀ ਲਈ ਸਹੀ ਚੋਣ: 
ਪੌਸ਼ਟਿਕ ਬਗੀਚੀ ਵਿੱਚ ਫਲਦਾਰ ਬੂਟਿਆਂ ਦੀ ਸਹੀ ਚੋਣ ਕਰਨਾ ਬਹੁਤ ਜ਼ਰੂਰੀ ਹੈ। ਇਸ ਬਗੀਚੀ ਵਿੱਚ ਉੁਹ ਫਲਦਾਰ ਬੂਟੇ ਲਗਾਉਣੇ ਚਾਹੀਦੇ ਹਨ, ਜਿਨ੍ਹਾਂ ਦਾ ਫੈਲਾਅ ਘੱਟ ਹੋਵੇ ਅਤੇ ਗਿਣਤੀ ਵਿੱਚ ਵੱਧ ਹੋਵੇ ਤਾਂ ਜੋ ਘੱਟ ਜਗ੍ਹਾ ਵਿੱਚ ਵੱਧ ਤੋਂ ਵੱਧ ਬੂਟੇ ਲਗਾ ਸਾਰਾ ਸਾਲ ਤਾਜੇ ਫਲ ਮਿਲ ਸਕਣ। ਇਨ੍ਹਾਂ ਬੂਟਿਆਂ ਦੀ ਗਿਣਤੀ ਆਪਦੇ ਪਰਿਵਾਰ ਦੇ ਮੈਬਰਾਂ ਮੁਤਾਬਿਕ ਵਧਾ ਘਟਾ ਸਕਦੇ ਹਾਂ। ਆਮ ਤੌਰ ’ਤੇ ਪੌਸ਼ਟਿਕ ਬਗੀਚੀ ਵਿੱਚ ਨਿੰਬੂ ਜਾਤੀ ਦੇ ਫਲ, ਪਪੀਤਾ, ਅਮਰੂਦ, ਅੰਗੂਰ, ਆੜੂ, ਅਲੂਚਾ, ਲੁਕਾਠ, ਫਾਲਸਾ, ਅਨਾਰ, ਕਰੌਂਦਾ ਆਦਿ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਨਾਸ਼ਪਾਤੀ, ਬੇਰ, ਅੰਬ, ਲੀਚੀ, ਆਂਵਲਾ ਵੀ ਲਗਾ ਸਕਦੇ ਹਾਂ ਪਰ ਇਨ੍ਹਾਂ ਵਿੱਚ ਸਾਨੂੰ ਵੱਧ ਜਗ੍ਹਾ ਦੀ ਲੋੜ ਪੈਂਦੀ ਹੈ। ਆਮ ਹੀ ਵੇਖਿਆ ਜਾਂਦਾ ਹੈ ਕਿ ਪਿੰਡਾਂ ਵਿੱਚ ਕਿਸਾਨ ਵੀਰ ਫਲਦਾਰ ਬੂਟੇ ਮੋਟਰਾਂ ਦੇ ਕੋਲ ਪਈ ਜਗ੍ਹਾ ’ਤੇ ਲਗਾਉਦੇ ਹਨ। ਇਸ ਲਈ ਸਹੀ ਜਗ੍ਹਾ ਦੀ ਚੋਣ ਵਿੱਚ ਕਿਸਾਨ ਸਭ ਤੋਂ ਵੱਧ ਅਹਿਮ ਭੂਮਿਕਾ ਨਿਭਾ ਰਿਹਾ ਹੈ, ਤਾਂ ਜੋ ਇਨ੍ਹਾਂ ਫਲਦਾਰ ਪੌਦਿਆਂ ਦੀ ਸਮੁੱਚੀ ਸਾਂਭ-ਸੰਭਾਲ ਘੱਟ ਖ਼ਰਚੇ ਨਾਲ ਕੀਤੀ ਜਾ ਸਕੇ। ਕਿਸਾਨ ਵੀਰਾਂ ਨੂੰ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਿਭਾਗ ਫ਼ਲ ਵਿਗਿਆਨ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਅਤੇ ਬੂਟੇ ਲਗਾਉਣੇ ਚਾਹੀਦੇ ਹਨ। 

ਫ਼ਲਦਾਰ ਬੂਟਿਆਂ ਦੀ ਕਿਸਮਾਂ ਦੀ ਚੋਣ:
ਫ਼ਲਦਾਰ ਬੂਟਿਆਂ ਦੀ ਸਹੀ ਕਿਸਮ ਦੀ ਸਹੀ ਚੋਣ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਕਿਸਮ ਦੀ ਚੋਣ ਸਹੀ ਨਹੀਂ ਕੀਤੀ ਜਾਂਦੀ ਤਾਂ ਫ਼ਲਦਾਰ ਬੂਟੇ ਦਾ ਝਾੜ ਅਤੇ ਮਿਕਦਾਰ ਵਿੱਚ ਨਹੀਂ ਆਉਂਦੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਪੋਸ਼ਟਿਕ ਬਗੀਚੀ ਦੀ ਵਿਉਂਤਬੰਦੀ:
ਫ਼ਲਦਾਰ ਬੂਟਿਆਂ ਦੀ ਬਗੀਚੀ ਬਣਾਉਣ ਲਈ ਬੂਟਿਆਂ ਦੀ ਸਹੀ ਚੋਣ, ਸਹੀ ਕਿਸਮਾਂ, ਸਹੀ ਜਗ੍ਹਾ ਮਿੱਟੀ ਦੀ ਪਰਖ, ਪਾਣੀ ਦੀ ਪਰਖ ਬਹੁਤ ਜ਼ਰੂਰੀ ਹੈ। ਫ਼ਲਦਾਰ ਬੂਟਿਆਂ ਦਾ ਆਪਸੀ ਫਾਂਸਲਾ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਗਏ ਦੇ ਫਾਸਲੇ ਦੇ ਆਧਾਰ’ਤੇ ਕਰਨਾ ਚਾਹੀਦਾ ਹੈ, ਤਾਂ ਜੋ ਬੂਟੇ ਆਪਸ ਵਿੱਚ ਨਾ ਫਸਣ ਅਤੇ ਹਵਾ ਅਤੇ ਸੂਰਜੀ ਕਿਰਨਾਂ ਦਾ ਨਿਕਾਸ ਸਹੀ ਹੋ ਸਕੇ। ਫ਼ਲਦਾਰ ਬੂਟਿਆਂ ਦੀ ਵਿਉਤਬੰਦੀ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਵੇਂ ਬੂਟੇ ਦਾ ਆਕਾਰ ਵੱਡਾ, ਦਰਮਿਆਨਾ ਅਤੇ ਛੋਟਾ ਹੋਵੇ। ਉਦਾਹਰਣ ਦੇ ਤੌਰ ’ਤੇ ਨਾਸ਼ਪਾਤੀ, ਬੇਰ, ਅੰਬ, ਲੀਚੀ, ਅਮਰੂਦ ਆਦਿ ਨੂੰ ਪੋਸ਼ਟਿਕ ਬਗੀਚੀ ਵਿੱਚ ਅਖੀਰ ’ਤੇ ਲਗਾਉਣਾ ਚਾਹੀਦਾ ਹੈ। ਜਦਕਿ ਛੋਟੇ ਆਕਾਰ ਦੇ ਬੂਟੇ ਜਿਵੇਂ ਕਿੰਨੂ, ਬਾਰਾਮਾਸੀ ਨਿੰਬੂ, ਪਪੀਤਾ, ਅੰਗੂਰ, ਫਾਲਸਾ, ਅਨਾਰ, ਕਰੌਂਦਾ ਆਦਿ ਨੂੰ ਅਗਲੇ ਪਾਸੇ ਲਾਉਣਾ ਚਾਹੀਦਾ ਹੈ। ਆੜੂ ਅਤੇ ਅਲੂਚੇ ਨੂੰ ਘਰ ਦੀ ਰਸੋਈ ਅਤੇ ਖਿੜਕੀ ਦੀ ਦੱਖਣ ਦਿਸ਼ਾ ਵੱਲ ਲਗਾਉਣਾ ਚਾਹੀਦਾ ਹੈ ਤਾਂ ਜੋ ਗਰਮ ਰੁੱਤ ਵਿੱਚ ਵੱਧੀਆਂ ਛਾਂ ਦੇ ਸਕਣ। ਕਿਉਂਕਿ ਇਹ ਬੂਟੇ ਸਰਦ ਰੁੱਤ ਵਿੱਚ ਪੱਤੇ ਸੁੱਟ ਦਿੰਦੇ ਹਨ। ਇਸ ਤਰ੍ਹਾਂ ਸਰਦ ਰੁੱਤ ਵਿੱਚ ਸੂਰਜੀ ਕਿਰਨਾਂ ਰਸੋਈ ਵੱਲ ਆ ਜਾਂਦੀਆਂ ਹਨ, ਜਦੋਂ ਤੱਕ ਫ਼ਲਦਾਰ ਬੂਟੇ ਚੰਗੀ ਤਰ੍ਹਾਂ ਫ਼ਲ ਦੇਣਾ ਸ਼ੁਰੂ ਨਹੀਂ ਕਰਦੇ। ਇਨ੍ਹਾਂ ਵਿੱਚ ਅੰਤਰ ਫ਼ਸਲਾਂ ਜਿਵੇਂ ਛੋਲੇ, ਮਾਂਹ, ਮੂੰਗੀ ਅਤੇ ਸਬਜ਼ੀਆਂ ਨੂੰ ਲਗਾ ਕੇ ਘਰੇਲੂ ਲੋੜਾਂ ਪੂਰੀਆਂ ਕਰ ਸਕਦੇ ਹਾਂ। 

ਫ਼ਲਦਾਰ ਬੂਟੇ ਲਗਾਉਣ ਦਾ ਸਮਾਂ

ਸਦਾਬਹਾਰ ਫਲਦਾਰ ਬੂਟੇ: 
ਸਦਾਬਹਾਰ ਫਲਦਾਰ ਬੂਟੇ ਲਾਉਣ ਦਾ ਸਮਾਂ ਫਰਵਰੀ-ਮਾਰਚ ਅਤੇ ਅਗਸਤ-ਅੱਧ ਅਕਤੂਬਰ ਹੈ। ਨਿੰਬੂ ਜਾਤੀ ਦੇ ਬੂਟੇ, ਅੰਬ ਅਤੇ ਲੀਚੀ ਸਤੰਬਰ-ਅਕਤੂਬਰ ਵਿੱਚ ਲਗਾਉਣੇ ਚਾਹੀਦੇ ਹਨ।

ਪੱਤਝੜ ਫ਼ਲਦਾਰ ਬੂਟੇ:
ਪੱਤਝੜ ਫ਼ਲਦਾਰ ਬੂਟੇ ਸਰਦੀਆਂ ਵਿੱਚ ਜਦੋਂ ਸਥਿਰ ਅਵਸਥਾ ਵਿੱਚ ਹੋਣ ਲਗਾਉਣੇ ਚਾਹੀਦੇ ਹਨ। ਇਹ ਬੂਟੇ ਨਵੀਂ ਪੁੰਗਾਰ ਸ਼ੁਰੂ ਹੋਣ ਤੋਂ ਪਹਿਲਾਂ ਅੱਧ ਜਨਵਰੀ ਤੱਕ ਲਾ ਦਿਉ। ਜਿਵੇਂ ਆੜੂ ਅਤੇ ਅਲੂਚਾ। ਜਦਕਿ ਨਾਸ਼ਪਾਤੀ ਅਤੇ ਅੰਗੂਰ ਅੱਧ ਫਰਵਰੀ ਤੱਕ ਲਗਾਏ ਜਾ ਸਕਦੇ ਹਨ।

ਨਰਸਰੀ ਤੋਂ ਫ਼ਲਦਾਰ ਬੂਟਿਆਂ ਦੀ ਚੋਣ:
ਫ਼ਲਦਾਰ ਬੂਟੇ ਹਮੇਸ਼ਾ ਕਿਸੇ ਭਰੋਸੇ ਯੋਗ ਨਰਸਰੀ ਤੋਂ ਲੈਣੇ ਚਾਹੀਦੇ ਹਨ। ਇਨ੍ਹਾਂ ਵਿੱਚੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਦਾਰਿਆਂ, ਪੰਜਾਬ ਸਰਕਾਰ ਦੇ ਬਾਗਬਾਨੀ ਅਦਾਰਿਆਂ ਦੀਆਂ ਨਰਸਰੀਆਂ ਜਾਂ ਫਿਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਿੱਜੀ ਨਰਸਰੀਆਂ ਤੋਂ ਲੈਣੇ ਚਾਹੀਦੇ ਹਨ। ਇਸ ਦੇ ਨਾਲ-ਨਾਲ ਇਸ ਗੱਲ ਦਾ ਧਿਆਨ ਰੱਖੋ ਕਿ ਪਿਉਂਦ ਸਹੀ ਜੜ੍ਹ ਮੁਢ ’ਤੇ ਕੀਤੀ ਗਈ ਹੋਵੇ ਅਤੇ ਜ਼ੋੜ ਪੱਧਰਾ ਅਤੇ ਬਹੁਤ ਉੱਚਾ ਨਾ ਹੋਵੇ।

ਫ਼ਲਦਾਰ ਬੂਟੇ ਲਗਾਉਣ ਦੀ ਵਿਧੀ:
ਬੂਟੇ ਲਾਉਣ ਤੋਂ ਪਹਿਲਾਂ ਬਗੀਚੀ ਦੀ ਵਿਉਂਤਬੰਦੀ ਕਰ ਲਵੋ, ਜਿਵੇਂ ਪਾਣੀ ਵਾਸਤੇ ਖਾਲੀਆਂ, ਬੂਟਿਆਂ ਅਤੇ ਕਤਾਰਾਂ ਵਿਚਕਾਰ ਦਾ ਫਾਸਲਾ ਆਦਿ। ਹਰ ਬੂਟੇ ਵਾਸਤੇ ਇੱਕ ਮੀਟਰ ਲੰਬਾ, ਇੱਕ ਮੀਟਰ ਚੌੜਾ ਅਤੇ ਇੱਕ ਮੀਟਰ ਡੂੰਘਾ ਟੋਏ ਜਰੂਰ ਪੁੱਟ ਲਵੋ। ਇਨ੍ਹਾਂ ਟੋਇਆਂ ਵਿੱਚ ਉਪਰਲੀ ਮਿੱਟੀ ਅਤੇ ਸੁੱਕੀ ਰੂੜੀ ਬਰਾਬਰ ਮਾਤਰਾ ਵਿੱਚ ਪਾਉ। ਇਨ੍ਹਾਂ ਟੋਇਆਂ ਵਿੱਚ ਬੂਟਾ ਲਾਉਣ ਤੋਂ ਪਹਿਲਾਂ ਪਾਣੀ ਲਗਾ ਦਿਉ, ਤਾਂ ਜੋ ਟੋਏ ਤੋਂ ਉਪਰ ਵਾਲੀ ਮਿੱਟੀ ਜ਼ਮੀਨ ਦੇ ਬਰਾਬਰ ਹੋ ਜਾਵੇ। ਹਰੇਕ ਟੋਏ ਵਿੱਚ 15 ਮਿਲੀਮੀਟਰ ਕਲੋਰੋਪਾਈਫਾਰਸ 20 ਈ.ਸੀ 2 ਕਿਲੋ ਮਿੱਟੀ ਵਿੱਚ ਰਲਾ ਕੇ ਸਿਉਂਕ ਤੋਂ ਬਚਾਇਆ ਜਾ ਸਕਦਾ ਹੈ। ਫ਼ਲਦਾਰ ਬੂਟੇ ਲਗਾਉਣ ਸਮੇਂ ਧਿਆਨ ਰੱਖੋ ਕਿ ਪਿਉਂਤ ਵਾਲਾ ਹਿੱਸਾ ਜ਼ਮੀਨ ਤੋਂ 6 ਤੋਂ 9 ਇੰਚ ਜ਼ਰੂਰ ਉਂਚਾ ਹੋਵੇ। ਨਵੇਂ ਬੂਟੇ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਸੋਟੀ ਦਾ ਸਹਾਰਾ ਦਿਉ ਤਾਂ ਜੋ ਉਨ੍ਹਾਂ ਦੀ ਸਹੀ ਸਿਧਾਈ ਹੋ ਸਕੇ।

ਨਵੇਂ ਫ਼ਲਦਾਰ ਬੂਟਿਆਂ ਦੀ ਮੁੱਢਲੀ ਦੇਖਭਾਲ:
ਨਵੇਂ ਲਗਾਏ ਹੋਏ ਬੂਟਿਆਂ ਨੂੰ 2 ਤੋਂ 3 ਵਾਰ ਸਿੰਚਾਈ ਕਰੋ। ਸਦਾਬਹਾਰ ਫ਼ਲਦਾਰ ਬੂਟਿਆਂ ਵਿੱਚ ਪਹਿਲਾਂ ਕੁੱਝ ਸਾਲ ਕਾਂਟ-ਛਾਂਟ ਨਾ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਜਿਹੜੀਆਂ ਟਾਹਣੀਆਂ ਜੜ੍ਹਾਂ ਮੁੱਢ ਤੋਂ ਨਿਕਲਦੀਆਂ ਹੋਣ। ਉਨ੍ਹਾਂ ਨੂੰ ਤੁਰੰਤ ਕੱਟੋ ਅਤੇ ਨਾਲ ਦੀ ਨਾਲ ਸੁੱਕੀਆਂ ਅਤੇ ਬੀਮਾਰ ਟਾਹਣੀਆਂ ਵੀ ਕੱਟ ਦਿਉ। ਪੱਤਝੜ ਫ਼ਲਦਾਰ ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ ਸ਼ੁਰੂ ਤੋਂ ਹੀ ਕਰਦੇ ਰਹੋ। ਇਨ੍ਹਾਂ ਬੂਟਿਆਂ ਦਾ ਉੱਪਰਲਾ ਸਿਰਾ 90 ਸੈਂਟੀਮੀਟਰ ਜ਼ਮੀਨ ਤੋਂ ਕੱਟ ਕੇ ਸਹੀ ਤਰ੍ਹਾਂ ਸਿਧਾਈ ਅਤੇ ਤਿੰਨ ਤੋਂ ਚਾਰ ਪ੍ਰਮੁੱਖ ਟਾਹਣੀਆਂ ਦੀ ਚੋਣ ਕਰੋ, ਤਾਂ ਜੋ ਫ਼ਲਦਾਰ ਬੂਟਿਆਂ ਦਾ ਆਕਾਰ ਅਤੇ ਫ਼ਲਾਂ ਦੀ ਗੁਣਵੱਣਤਾ ਵਿੱਚ ਵਾਧਾ ਹੋ ਸਕੇ। ਅੰਤ ਵਿੱਚ ਕਿਸਾਨ ਵੀਰਾਂ ਨੂੰ ਸਿਫਾਰਸ਼ ਕੀਤੀ ਜਾਂਦੀ ਹੈ ਕਿ ਇਸ ਕੰਮ ਵਿੱਚ ਵੱਧ ਦਿਲਚਸਪੀ ਦਿਖਾਉਣ ਕਿਉੁਂਕਿ ਉਹ ਹਰ ਰੋਜ਼ ਸ਼ਹਿਰ ਆ ਕੇ ਇਸ ਤਰ੍ਹਾਂ ਦੇ ਫ਼ਲਾਂ ਦੀ ਖਰੀਦ ਨਹੀਂ ਕਰ ਸਕਦੇ ਅਤੇ ਇਨ੍ਹਾਂ ਤੋਂ ਪ੍ਰਾਪਤ ਹੋਣ ਵਾਲੇ ਤੱਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਸੋ ਸਭ ਨੂੰ ਬੇਨਤੀ ਹੈ ਕਿ ਦਿਸ਼ਾ ਵੱਲ ਕਦਮ ਪੁੱਟੀਏੇ ਅਤੇ ਇਨ੍ਹਾਂ ਫ਼ਲਦਾਰ ਬੂਟਿਆਂ ਦੀ ਸਹੀ ਚੋਣ ਅਤੇ ਸਮੁੱਚੀ ਸਾਂਭ-ਸੰਭਾਲ ਕਰੀਏ। ਇਹ ਸਭ ਤਰੀਕੇ ਸਾਡੀ ਪੋਸ਼ਟਿਕ ਆਹਾਰ ਦੀ ਪ੍ਰਾਪਤੀ ਲਈ ਅਤਿ ਜ਼ਰੂਰੀ ਹਨ।


rajwinder kaur

Content Editor

Related News