ਕਰਜ਼ੇ ਤੋਂ ਤੰਗ ਆ ਕੇ ਔਰਤ ਕਿਸਾਨ ਨੇ ਕੀਤੀ ਖੁਦਕੁਸ਼ੀ

04/12/2017 3:54:19 PM

ਮਾਨਸਾ (ਜੱਸਲ)- ਪਿੰਡ ਬੱਪੀਆਣਾ ਦੀ ਕਿਸਾਨ ਔਰਤ ਬਲਵੰਤ ਕੌਰ ਪਤਨੀ ਬਾਰਾ ਸਿੰਘ ਵੱਲੋਂ ਕਰਜ਼ੇ ਤੋਂ ਤੰਗ ਪ੍ਰੇਸ਼ਾਨ ਹੋਕੇ ਖੁਦਕੁਸ਼ੀ ਕਰ ਲਈ ਗਈ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸਰਕਲ ਪ੍ਰਧਾਨ ਜੀਵਨ ਭਾਰਦਵਾਜ ਨੇ ਦੱਸਿਆ ਕਿ ਬੈਕਾਂ ਅਤੇ ਆੜ੍ਹਤੀਏ ਦੇ ਕਰਜ਼ੇ ਕਾਰਨ ਪ੍ਰੀਵਾਰ ਦੀ ਆਰਥਿਕ ਹਾਲਤ ਬਹੁਤ ਮੰਦੀ ਹੋ ਚੁੱਕੀ ਸੀ। ਬਲਵੰਤ ਕੌਰ ਦੇ ਪ੍ਰੀਵਾਰ ਨੇ ਬਹੁਤ ਮਿਹਨਤ ਕੀਤੀ ਪਰ ਘਰ ਦੀ ਹਾਲਤ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੀ ਗਈ ਅਤੇ ਮੰਦੇ ਆਰਥਿਕ ਹਾਲਾਤ ਤੋਂ ਤੰਗ ਆਕੇ ਆਖਿਰ ਬਲਵੰਤ ਕੌਰ ਜ਼ਿੰਦਗੀ ਦੀ ਜੰਗ ਹਾਰ ਗਈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਦੇ ਹਾਲਾਤ ਦਿਨੋਂ ਦਿਨ ਮਾੜੇ ਹੁੰਦੇ ਜਾ ਰਹੇ ਹਨ ਜਿਸਦੇ ਸਿੱਟੇ ਵਜੋਂ ਹਰ ਰੋਜ਼ ਕਿਸਾਨਾਂ ਵਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮਾਫ ਕਰਨ ਦੀ ਪਾਲਿਸੀ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਵੇ ਤਾਂ ਕਿ ਕਿਸਾਨਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੀੜਿਤ ਕਿਸਾਨ ਪਰਿਵਾਰ ਦਾ ਕਰਜ਼ਾ ਤੁਰੰਤ ਮਾਫ ਕੀਤਾ ਜਾਵੇ ਅਤੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਵੀ ਤੁਰੰਤ ਦਿੱਤਾ ਜਾਵੇ। 

Related News