ਸਬਸਿਡੀ 'ਤੇ ਲਈਆਂ ਮਸ਼ੀਨਾਂ ਨਾਲ ਲੱਖਾਂ ਕਮਾ ਰਿਹੈ ਗੁਰਮੰਗਲ ਸਿੰਘ, ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਕੀਤੀ ਇਹ ਅਪੀਲ

06/09/2023 12:24:07 AM

ਗੁਰਦਾਸਪੁਰ (ਹਰਮਨ) : ਅਜੋਕੇ ਦੌਰ ’ਚ ਖੇਤੀਬਾੜੀ ਨੂੰ ਬਹੁਤ ਸਾਰੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਕਿਸਾਨ ਖੇਤੀਬਾੜੀ ਦਾ ਧੰਦਾ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਦੂਜੇ ਪਾਸੇ ਗੁਰਦਾਸਪੁਰ ਦੇ ਪਿੰਡ ਮਾੜੇ ਨਾਲ ਸਬੰਧਤ ਕਿਸਾਨ ਗੁਰਮੰਗਲ ਸਿੰਘ ਆਪਣੇ ਹੱਥੀਂ ਟਰੈਕਟਰ ਚਲਾ ਕੇ ਲੱਖਾਂ ਰੁਪਏ ਕਮਾ ਰਿਹਾ ਹੈ। ਕਿਸਾਨ ਗੁਰਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸੁਪਰਸੀਡਰ, ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ, ਤੂੜੀ ਅਤੇ ਪਰਾਲੀ ਬਣਾਉਣ ਵਾਲੀ ਮਸ਼ੀਨ ਹੈ। ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਸਾਲ 2015 ’ਚ ਖਰੀਦੀ ਸੀ, ਪਹਿਲੇ ਸਾਲ ਹੀ ਉਨ੍ਹਾਂ ਨੇ ਲੋਕਾਂ ਦੇ 75 ਕਿੱਲਿਆਂ ’ਚ ਸਿੱਧੀ ਬਿਜਾਈ ਕੀਤੀ ਸੀ, ਜਿਸ ਨਾਲ ਮਿਲੇ ਕਿਰਾਏ ਤੋਂ ਮਸ਼ੀਨ ਦੇ ਪੈਸੇ ਪਹਿਲੇ ਸੀਜ਼ਨ ਦੌਰਾਨ ਹੀ ਪੂਰੇ ਹੋ ਗਏ ਸਨ। ਲਾਕਡਾਊਨ ਦੌਰਾਨ ਉਨ੍ਹਾਂ ਨੇ 210 ਕਿੱਲਿਆਂ ’ਚ ਸਿੱਧੀ ਬਿਜਾਈ ਕੀਤੀ ਸੀ।

ਇਹ ਵੀ ਪੜ੍ਹੋ : 'ਹਰਿਆਣਾ ਮੇਰੀ ਜਨਮ ਭੂਮੀ, ਤੁਸੀਂ ਮੇਰੇ ਰਿਸ਼ਤੇਦਾਰ', ਜੀਂਦ 'ਚ ਤਿਰੰਗਾ ਯਾਤਰਾ ਦੌਰਾਨ ਬੋਲੇ ਅਰਵਿੰਦ ਕੇਜਰੀਵਾਲ

ਉਨ੍ਹਾਂ ਦੱਸਿਆ ਕਿ ਉਹ ਵੱਖ-ਵੱਖ ਕਿਸਾਨਾਂ ਦੇ ਖੇਤਾਂ 'ਚ ਲਗਭਗ 100 ਤੋਂ 125 ਏਕੜ ਰਕਬੇ ਵਿੱਚ ਹਰ ਸੀਜ਼ਨ ਦੌਰਾਨ ਸਿੱਧੀ ਬਿਜਾਈ ਕਰਦਾ ਹੈ। ਸਿੱਧੀ ਬਿਜਾਈ ਵਾਲੀ ਮਸ਼ੀਨ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ 70 ਹਜ਼ਾਰ ਰੁਪਏ 'ਚ ਖਰੀਦੀ ਸੀ, ਜਿਸ ’ਤੇ 19 ਹਜ਼ਾਰ ਰੁਪਏ ਸਬਸਿਡੀ ਆਈ ਸੀ। ਹਰੇਕ ਸੀਜ਼ਨ ਦੌਰਾਨ ਉਹ ਇਸ ਮਸ਼ੀਨ ਨਾਲ 1 ਲੱਖ ਤੋਂ ਡੇਢ ਲੱਖ ਰੁਪਏ ਤੱਕ ਕਮਾਈ ਕਰ ਲੈਂਦੇ ਹਨ, ਜਿਸ ਤੋਂ ਹੁਣ ਤੱਕ ਕਰੀਬ 8 ਲੱਖ ਰੁਪਏ ਦੀ ਕਮਾਈ ਕਰ ਚੁੱਕੇ ਹਨ।

PunjabKesari

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸੁਪਰਸੀਡਰ ਵੀ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਖਰੀਦਿਆ ਸੀ, ਜਿਸ ਤੋਂ ਉਹ ਕਰੀਬ 15 ਤੋਂ 20 ਦਿਨਾਂ ’ਚ 2 ਤੋਂ ਢਾਈ ਲੱਖ ਰੁਪਏ ਦੀ ਕਮਾ ਲੈਂਦੇ ਹਨ। ਉਨ੍ਹਾਂ ਕੋਲ ਇਕ ਰੀਪਰ ਵੀ ਹੈ, ਜਿਸ ਤੋਂ ਵੀ ਉਹ ਕਰੀਬ 15 ਦਿਨਾਂ ’ਚ ਲੱਖ ਤੋਂ ਡੇਢ ਲੱਖ ਰੁਪਏ ਕਮਾ ਲੈਂਦਾ ਹੈ। ਸੀਜ਼ਨ ਦੌਰਾਨ ਸਖਤ ਮਿਹਨਤ ਕਰਕੇ ਉਹ ਇਕ ਮਹੀਨੇ ਅੰਦਰ ਕਰੀਬ 4 ਲੱਖ ਰੁਪਏ ਕਮਾਈ ਕਰ ਲੈਂਦਾ ਹੈ।

ਇਹ ਵੀ ਪੜ੍ਹੋ : PM ਮੋਦੀ ਤੋਂ ਪਹਿਲਾਂ ਰਾਹੁਲ ਗਾਂਧੀ ਵੱਲੋਂ ਵ੍ਹਾਈਟ ਹਾਊਸ ਦਾ 'ਸੀਕ੍ਰੇਟ' ਦੌਰਾ! ਉੱਠਣ ਲੱਗੇ ਸਵਾਲ

ਉਨ੍ਹਾਂ ਕੋਲ 6 ਤੋਂ 7 ਏਕੜ ਖੇਤੀਯੋਗ ਜ਼ਮੀਨ ਹੈ, ਜਿੱਥੇ ਉਹ ਗੰਨਾ, ਕਣਕ-ਝੋਨਾ, ਘਰ ਖਾਣ ਲਈ ਸਬਜ਼ੀਆਂ, ਸੌਂਫ ਅਤੇ ਅਜਵੈਣ ਦੀ ਵੀ ਬਿਜਾਈ ਕਰਦੇ ਹਨ। ਉਨ੍ਹਾਂ ਕਿਸਾਨਾਂ ਨੂੰ ਵਿਦੇਸ਼ਾਂ ’ਚ ਜਾਣ ਦੀ ਬਜਾਏ ਹੱਥੀਂ ਮਿਹਨਤ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਜੇਕਰ ਇੱਥੇ ਹੀ ਸਖਤ ਮਿਹਨਤ ਕੀਤੀ ਜਾਵੇ ਤਾਂ ਪੈਸਿਆਂ ਦੀ ਵੀ ਘਾਟ ਨਹੀਂ ਰਹਿੰਦੀ ਅਤੇ ਨਾ ਹੀ ਕਿਸਾਨਾਂ ਨੂੰ ਕੋਈ ਕਰਜ਼ਾ ਲੈਣ ਜਾਂ ਵਿਦੇਸ਼ ਜਾਣ ਦੀ ਲੋੜ ਪਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News