ਮੱਕੀ ਦੀ ਕਾਸ਼ਤ ਸੂਬੇ ''ਚ ਧਰਤੀ ਹੇਠਲਾ ਪਾਣੀ ਬਚਾਉਣ ਲਈ ਅਹਿਮ ਯੋਗਦਾਨ ਪਾ ਰਹੀ ਹੈ

08/12/2019 4:16:59 PM

ਜਲੰਧਰ— ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿਚ ਪਾਣੀ ਦੇ ਡਿੱਗਦੇ ਪੱਧਰ ਅਤੇ ਝੋਨੇ ਦੀ ਫਸਲ ਤੋਂ ਕਿਸਾਨਾਂ ਨੂੰ ਮੱਕੀ ਦੀ ਖੇਤੀ ਵੱਲ ਉਤਸ਼ਾਹਤ ਕਰਨ ਹਿੱਤ ਸੂਬੇ ਵਿਚ 120 ਮੱਕੀ ਦੀਆਂ ਕਲਸਟੱਰ ਪ੍ਰਦਰਸ਼ਨੀਆਂ ਬਿਜਵਾਈਆਂ ਗਈਆਂ ਹਨ। ਇਨ੍ਹਾਂ ਕਲਸਟਰਾਂ ਅਧੀਨ ਪ੍ਰਤੀ ਕਲਸਟੱਰ 10 ਹੈਕਟੇਅਰ ਦੇ ਪ੍ਰਦਰਸ਼ਨੀ ਪਲਾਟ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮੱਕੀ ਦਾ ਬੀਜ ਅਤੇ ਵੱਖ-ਵੱਖ ਖਾਦਾਂ ਤੇ ਦਵਾਈਆਂ ਪ੍ਰਦਰਸ਼ਨੀ ਲਗਾਉਣ ਹਿੱਤ ਕਿਸਾਨ ਨੂੰ ਮਹੁੱਈਆ ਕਰਵਾਈਆਂ ਜਾਣਗੀਆਂ। ਡਾ. ਸੁਤੰਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲਾ ਜਲੰਧਰ ਵਿਚ ਮੱਕੀ ਕਲੱਸਟਰ ਪਲਾਟਾਂ ਦੀ ਕੀਤੀ ਬਿਜਾਈ ਦੀ ਚੈਕਿੰਗ ਕੀਤੀ ਗਈ। ਇਸ ਸੰਦਰਭ 'ਚ ਕਰਤਾਰਪੁਰ ਵਿਖੇ ਇਸ ਸਕੀਮ ਅਧੀਨ 30 ਹੈਕਟੇਅਰ ਰਕਬੇ ਵਿਚ ਮੱਕੀ ਦੇ ਤਿੰਨ ਕਲਸਟਰਾਂ ਦੀ ਚੈਕਿੰਗ ਤੇ ਤਸੱਲੀ ਪ੍ਰਗਟਾਉਂਦੇ ਹੋਏ ਡਾ. ਐਰੀ ਨੇ ਦੱਸਿਆ ਕਿ ਮੱਕੀ ਫਸਲਾਂ ਦੀ ਰਾਣੀ ਵਜੋਂ ਜਾਣੀ ਜਾਂਦੀ ਹੈ।

PunjabKesari

ਉਨ੍ਹਾਂ ਨੇ ਪਾਣੀ ਦੇ ਡਿੱਗਦੇ ਪੱਧਰ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਮੱਕੀ ਦੀ ਫਸਲ ਝੋਨੇ ਨਾਲੋਂ ਬਹੁਤ ਘੱਟ ਪਾਣੀ ਲੈਂਦੀ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੱਕੀ ਤੋਂ ਬਹੁਤ ਸਾਰੇ ਪ੍ਰੋਡਕਟਸ ਅਤੇ ਹਜ਼ਾਰਾਂ ਬਾਈ ਪ੍ਰੋਡਕਟਸ ਬਣਾਏ ਜਾਂਦੇ ਹਨ, ਜਦੋਂ ਕਿ ਝੋਨੇ ਵਿਚ 1-4 ਪ੍ਰੋਡਕਟਸ ਤੋਂ ਵਧ ਕੇ ਕੁਝ ਨਹੀਂ ਬਣ ਪਾਉਂਦਾ। ਪਕਾਂਵੀ ਮੱਕੀ ਅਤੇ ਸਾਇਲੇਜ ਹਰੇ-ਚਾਰੇ ਵਜੋਂ ਵੀ ਕਿਸਾਨ  ਵਧੀਆ ਆਮਦਨ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨੀ ਹਿੱਤਾਂ ਵਿਚ 90 ਰੁਪਏ ਕਿਲੋ ਸਬਸਿਡੀ ਅਤੇ ਕਿਸਾਨਾਂ ਨੂੰ ਵੱਖ-ਵੱਖ ਕਿਸਮਾਂ ਦਾ ਬੀਜ ਉਪਲੱਬਧ ਕਰਵਾਇਆ ਜਾਵੇਗਾ। ਡਾ. ਐਰੀ ਵਲੋਂ ਬੀਜਾਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਇਸ ਮੌਕੇ ਤੇ ਪਨਸੀਡ ਕਰਤਾਰਪੁਰ ਦਾ ਵੀ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਤੇ ਕਣਕ ਦੇ ਬੀਜ ਦੀ ਹੋ ਰਹੀ ਪੈਕਿੰਗ, ਦਰਾਜਬੰਦੀ ਦੀ ਚੈਕਿੰਗ ਦੌਰਾਨ ਡਾ. ਐਰੀ ਨੇ ਦੱਸਿਆ ਕਿ ਹਰੇਕ ਦਾਣਾ ਬੀਜ ਨਹੀਂ ਹੁੰਦਾ ਹੈ। ਇਸ ਗੱਲ ਨੂੰ ਸਪੱਸ਼ਟ ਕਰਨ ਲਈ ਮਹਿਕਮਾ ਖੇਤੀਬਾੜੀ ਵਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪਨਸੀਡ ਪੰਜਾਬ ਵਲੋਂ ਕਿਸਾਨਾਂ ਦੀ ਸਹੂਲਤ ਲਈ ਤਸਦੀਕ ਸ਼ੁਦਾ ਬੀਜਾਂ ਦੀ ਸਪਲਾਈ ਸਮੇਂ ਸਿਰ ਅਤੇ ਸਰਕਾਰੀ ਨੌਰਮਸ ਅਨੁਸਾਰ ਕਰਨ ਦਾ ਯਕੀਨ ਵੀ ਦੁਵਾਇਆ ਹੈ। ਇਸ ਮੌਕੇ ਡਾ. ਸੁਰਿੰਦਰ ਸਿੰਘ ਖੇਤੀਬਾੜੀ ਅਫ਼ਸਰ, ਡਾ. ਅਰੁਣ ਕੋਹਲੀ ਖੇਤੀਬਾੜੀ ਅਫ਼ਸਰ, ਡਾ. ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਸ਼੍ਰੀ ਜਸਵੰਤ ਸਿੰਘ ਖੇਤੀਬਾੜੀ ਉੱਪ ਨਿਰੀਖਕ ਅਤੇ ਇਲਾਕੇ ਦੇ ਉਘੇ ਕਿਸਾਨ ਸ਼੍ਰੀ ਅਮਰਿੰਦਰ ਸਿੰਘ ਸੋਢੀ, ਸ਼੍ਰੀ ਸਤਨਾਮ ਸਿੰਘ, ਸ਼੍ਰੀ ਜਗਮੋਹਨ ਸਿੰਘ, ਸ਼੍ਰੀ ਗੁਰਦੇਵ ਸਿੰਘ, ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਸਰਬਜੀ ਸਿੰਘ ਅਤੇ ਸ਼੍ਰੀ ਦਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਸੰਪਰਕ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 
ਜਲੰਧਰ
ਨਰੇਸ਼ ਗੁਲਾਟੀ


DIsha

Content Editor

Related News