ਅਰਹਰ ਦੀ ਕਾਸ਼ਤ ਦੇ ਢੰਗ

02/22/2018 3:36:04 PM

ਜਲੰਧਰ - ਅਰਹਰ ਦੀ ਕਾਸ਼ ਲਈ ਜ਼ਮੀਨ 2-3  ਵਾਰ ਵਾਹ ਕੇ ਚੰਗੀ ਤਰ੍ਹਾਂ ਤਿਆਰ ਕਰੋ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰੋ। ਬਿਜਾਈ ਸਮੇਂ ਖੇਤ ਨਦੀਨ ਰਹਿਤ ਹੋਣਾ ਚਾਹੀਦਾ ਹੈ।
ਅਰਹਰ ਲਈ ਰਾਈਜ਼ੋਬੀਅਮ ਦਾ ਟੀਕਾ
ਅਰਹਰ ਦੇ ਬੀਜ ਨੂੰ ਬੀਜਣ ਤੋਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾ ਲਓ। ਇਕ ਏਕੜ ਦੇ ਬੀਜ ਨੂੰ ਘੱਟੋਂ ਘੱਟ ਪਾਣੀ ਨਾਲ ਸਿੱਲਾ ਕਰ ਲਓ। ਟੀਕੇ ਦਾ ਇਕ ਪੈਕੇਟ ਇਸ ਭਿੱਜੇ ਹੋਏ ਬੀਜ ਨਾਲ ਰਲਾ ਦਿਉ। ਇਹ ਕੰਮ ਪੱਕੇ ਸਾਫ ਫਰਸ਼ ਉਪਰ ਕਰੋ । ਬੀਜ ਛਾਂ ਵਿਚ ਸੁਕਾ ਲਓ ਅਤੇ ਤੁਰੰਤ ਬੀਜ ਦਿਓ। ਇਸ ਟੀਕੇ ਦੀ ਵਰਤੋਂ ਨਾਲ ਅਰਹਰ ਦੀ ਉਪਜ ਵਿਚ 5-7 ਫੀਸਦੀ ਦਾ ਵਾਧਾ ਹੁੰਦਾ ਹੈ। ਰਾਈਜ਼ੋਬੀਅਮ ਅਤੇ ਬੀਜ ਸੋਧ ਦਵਾਈ ਨੂੰ ਇਕੱਠਾ ਲਗਾਇਆ ਜਾ ਸਕਦਾ ਹੈ। ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਪਾਸੋਂ ਮਿਲ ਜਾਂਦਾ ਹੈ।
ਬੀਜ ਦੀ ਸੋਧ
ਬੀਜ ਨੂੰ ਕੈਪਟਾਨ ਜਾਂ ਥੀਰਮ (3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ) ਲਗਾ ਕੇ ਬੀਜੋ।
ਬਿਜਾਈ ਦਾ ਸਮਾਂ ਅਤੇ ਢੰਗ
ਅਰਹਰ ਮਈ ਦੇ ਦੂਸਰੇ ਪੰਦਰ੍ਹਵਾੜੇ ਵਿਚ ਜਿਨਾਂ ਜਲਦੀ ਹੋ ਸਕੇ ਬੀਜ ਦਿਓ ਤਾਂ ਜੋ ਇਸ ਦਾ ਵਧੇਰੇ ਝਾੜ ਲਿਆ ਜਾ ਸਕੇ, ਫਸਲ ਜਲਦੀ ਪੱਕੇ ਅਤੇ ਅਗਲੀ ਫ਼ਸਲ ਵੇਲੇ ਸਿਰ ਬੀਜੀ ਜਾ ਸਕੇ। ਕਤਾਰਾਂ ਵਿਚ 50 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 25 ਸੈਂਟੀਮੀਟਰ ਫਾਸਲਾ ਰੱਖੋਂ। ਵੇਲੇ ਸਿਰ ਬਿਜਾਈ ਅਤੇ ਬੂਟਿਆਂ ਦੀ ਪੂਰੀ ਗਿਣਤੀ ਕਾਇਮ ਰੱਖਣੀ ਵਧੇਰੇ ਝਾੜ ਲੈਣ ਲਈ ਬਹੁਤ ਜ਼ਰੂਰੀ ਹੈ।
ਬਿਨ੍ਹਾਂ ਵਹਾਈ ਬੀਜਾਈ
ਅਰਹਰ ਬਿਨ੍ਹਾਂ ਵਾਹੇ ਜ਼ੀਰੋ ਟਿੱਲ ਡਰਿੱਲ ਨਾਲ ਵਾਹ ਕੇ ਜਾਂ ਬਿਨ੍ਹਾਂ ਵਹਾਈ ਬੀਜੀ ਕਣਕ ਤੋਂ ਬਾਅਦ ਬੀਜੀ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਵਿਚ ਨਦੀਨ ਜ਼ਿਆਦਾ ਹੋਣ ਉਥੇ ਅੱਧਾ ਲਿਟਰ ਗ੍ਰਾਮੈਕਸੋਨ 200 ਲਿਟਰ ਪਾਣੀ ਵਿਚ ਮਿਲਾ ਕੇ ਛਿੜਕਣ ਨਾਲ ਬੀਜਣ ਤੋਂ ਪਹਿਲਾਂ ਉਨ੍ਹਾਂ ਦੀ ਰੋਕਥਾਮ ਕਰ ਸਕਦੇ ਹਾਂ।
ਰਲਵੀਂ ਫਸਲ ਬੀਜਣਾ
ਥੋੜ੍ਹੇ ਅਰਸੇ ਵਾਲੀ ਮੂੰਗੀ ਦੀ ਐੱਮ. ਐੱਲ. 613 ਕਿਸਮ ਅਰਹਰ ਦੀਆਂ ਲਾਈਨਾਂ ਵਿਚਕਾਰ ਕਾਮਯਾਬੀ ਨਾਲ ਉਗਾਈ ਜਾ ਸਕਦੀ ਹੈ। ਇਸ ਫਸਲ ਤੋਂ ਤਕਰੀਬਨ 1, 2  ਕੁਇੰਟਲ ਉਪਜ ਪ੍ਰਤੀ ਏਕੜ ਮਿਲ ਜਾਂਦੀ ਹੈ ਅਤੇ ਅਰਹਰ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ।


Related News