ਨਾਨਕਪੰਥੀਆਂ,ਸਿੰਧੀ,ਅਫ਼ਗਾਨੀ ਸਿੱਖਾਂ ਦੇ ਸੰਗ ਤੁਰਦਿਆਂ…

09/16/2019 10:53:30 AM

ਗੁਰੂ ਨਾਨਕ ਦਰਬਾਰ ਮਲੇਰਕੋਟਲਾ ਵਾਇਆ ਕੰਧਰਾ ਸਿੰਧ  

ਸਿੰਧ ਦੇ ਦੋ ਜੋੜੇ ਸ਼ਹਿਰ ਸੱਕਰ ਅਤੇ ਰੋਹੜੀ ਹਨ।ਇਹਨਾਂ ਸ਼ਹਿਰਾਂ ਦੇ ਨੇੜਲੇ ਇਲਾਕਿਆਂ 'ਚ ਸ਼ਿਕਾਰਪੁਰ,ਗੋਹਟਕੀ ਅਤੇ ਨਿੱਕਾ ਜਿਹਾ ਸ਼ਹਿਰ ਕੰਧਰਾ ਵੀ ਹੈ।ਸੱਕਰ ਅਤੇ ਰੋਹੜੀ ਸਿੰਧ ਦਰਿਆ ਦੇ ਕੰਢੇ ਆਬਾਦ ਸ਼ਹਿਰ ਹਨ ਅਤੇ ਇੱਥੇ ਪੁਰਾਤਨ ਇਤਿਹਾਸ ਤੋਂ ਹੀ ਹਿੰਦੂ ਅਬਾਦੀ ਦਾ ਵਾਸ ਰਿਹਾ ਹੈ।ਕੰਧਰਾ 'ਚ 1,000 ਹਿੰਦੂ ਪਰਿਵਾਰ ਹਨ ਅਤੇ ਇਹਨਾਂ 'ਚੋਂ 500 ਪਰਿਵਾਰ ਨਾਨਕਪੰਥੀ ਹਨ।ਦੱਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਹੁਣਾਂ ਆਪਣੇ ਸਮੇਂ 'ਚ ਬਾਵਾ ਗੁਰਦਾਸ ਨੂੰ ਇੱਥੇ ਸਿੱਖੀ ਦੇ ਪ੍ਰਚਾਰ ਪਸਾਰ ਲਈ ਭੇਜਿਆ ਸੀ।ਇਸੇ ਸਿਲਸਿਲੇ 'ਚ 18 ਵੀਂ ਸਦੀ 'ਚ ਬਾਵਾ ਗੁਰਦਾਸ ਨੇ ਇੱਥੇ ਦਰਬਾਰ ਬਣਾਇਆ ਸੀ।ਇੱਥੇ ਭਾਈ ਥਾਹਰਿਆ 19 ਵੀਂ ਸਦੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈਕੇ ਆਏ ਅਤੇ ਇਸ ਵੇਲੇ ਬਾਬਾ ਅੱਸਧਾ ਸਿੰਘ ਇੱਥੇ ਸੇਵਾ ਨਿਭਾ ਰਹੇ ਹਨ।ਹੁਣ ਇਹ ਗੁਰਦੁਆਰਾ ਗੁਰੂ ਨਾਨਕ ਦਰਬਾਰ ਡੇਰਾ ਸੰਤ ਬਾਬਾ ਥਾਹਰਿਆ ਸਿੰਘ ਵੱਜਦਾ ਹੈ। 47 ਦੀ ਵੰਡ ਤੋਂ ਬਾਅਦ ਨਾਨਕਪੰਥੀਆਂ 'ਚੋਂ ਜੋ ਪਰਿਵਾਰ ਭਾਰਤ ਆਏ ਉਹਨਾਂ ਨਾਲ ਇਸ ਡੇਰਾ ਦਾ ਰੂਪ ਵੀ ਆ ਗਿਆ।ਭਾਰਤ 'ਚ ਕੰਧਰਾ ਦੇ ਦਰਬਾਰ ਦਾ ਦੂਜਾ ਹਿੱਸਾ ਹੁਣ ਮੁੰਬਈ ਅਤੇ ਮਲੇਰਕੋਟਲਾ ਵਿਖੇ ਵੀ ਹੈ। 

PunjabKesari
ਬਾਬਾ ਥਾਹਰਿਆ ਸਿੰਘ ਦੀ ਪੀੜ੍ਹੀ 'ਚੋਂ ਅੱਗੇ ਬਾਬਾ ਦਾਦੂ ਸਿੰਘ ਅਤੇ ਬਾਬਾ ਦਾਦੂ ਸਿੰਘ ਦੇ ਅੱਗੇ ਚਾਰ ਪੁੱਤਰ ਸਨ। ਵੰਡ 47 'ਚ ਕੰਧਰਾ ਤੋਂ ਕਰਾਚੀ ਵਾਇਆ ਇਹ ਸਾਰੇ ਸਿੰਧੀ ਨਾਨਕਪੰਥੀ ਮੁੰਬਈ ਪਹੁੰਚੇ।ਮੁੰਬਈ ਗੁਰੂ ਨਾਨਕ ਦਰਬਾਰ ਦੀ ਬਹੁਤ ਵੱਡੀ ਮਾਣਤਾ ਹੈ ਅਤੇ ਅੱਜ ਵੀ ਇੱਥੇ ਸੰਗਤਾਂ ਦਾ ਵੱਡਾ ਇਕੱਠ ਭਰਦਾ ਹੈ।ਬਾਬਾ ਦਾਦੂ ਸਿੰਘ ਦੀ ਪੀੜ੍ਹੀ 'ਚੋਂ ਚਾਰੋ ਪੁੱਤਰ ਭਾਈ ਅਮੁਲ ਸਿੰਘ,ਭਾਈ ਸਹਿਜ ਸਿੰਘ,ਭਾਈ ਜੋਗਾ ਸਿੰਘ ਅਤੇ ਭਾਈ ਪਰਧਾਨ ਸਿੰਘ ਅਤੇ ਬਹੁਤਾਤ 'ਚ ਸਿੰਧੀ ਸੰਗਤ ਮਲੇਰਕੋਟਲੇ ਆ ਗਏ।ਭਾਈ ਜੋਗਾ ਸਿੰਘ ਦੇ  ਪੋਤਰੇ ਜੈਪਾਲ ਸਿੰਘ ਦੱਸਦੇ ਹਨ ਕਿ ਇਸ ਵੇਲੇ ਮਲੇਰਕੋਟਲਾ 'ਚ 250  ਤੋਂ ਵੱਧ ਸਿੰਧੀ ਪਰਿਵਾਰ ਹਨ।ਇਹਨਾਂ ਚੋਂ ਬਹੁਤੇ ਖ਼ਾਲਸਾ ਸਿੱਖ ਹੋ ਗਏ ਹਨ ਅਤੇ ਅਜੇ ਵੀ ਕਈ ਨਾਨਕਪੰਥੀ ਰਵਾਇਤ 'ਚ ਹਨ।ਗੁਰੂ ਨਾਨਕ ਦਰਬਾਰ ਤੋਂ ਇਲਾਵਾ ਮਲੇਰਕੋਟਲੇ ਭਾਈ ਅਮੁਲ ਸਿੰਘ, ਬਾਬਾ ਥਾਹਰਿਆ ਸਿੰਘ ਦੀ ਪੀੜ੍ਹੀ 'ਚੋਂ ਹੀ ਮਾਤਾ ਰਾਧਾ ਬਾਈ ਅਤੇ ਬਾਬਾ ਥਾਹਰਿਆ ਸਿੰਘ ਦੇ ਸੇਵਕ ਭਾਈ ਉੱਤਮ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਾਂ ਸਮੇਤ 3 ਗੁਰਦੁਆਰੇ ਹਨ।ਜੈ ਪਾਲ ਸਿੰਘ ਮੁਤਾਬਕ ਗੁਰੂ ਨਾਨਕ ਦਰਬਾਰ ਮਲੇਰਕੋਟਲੇ ਅਤੇ ਬਾਕੀ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਤੇ ਇੱਥੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਹੀ ਪਾਲਣ ਕੀਤਾ ਜਾਂਦਾ ਹੈ।ਜੈ ਪਾਲ ਸਿੰਘ ਹੁਣੀ ਆਪ ਅੰਮ੍ਰਿਤ ਛੱਕ ਕੇ ਖ਼ਾਲਸਾ ਸਿੱਖ ਬਣ ਗਏ ਹਨ।

PunjabKesari


ਕਵੇਟਾ,ਕਰਾਚੀ ਦਾ ਗੁਰਦੁਆਰਾ ਰਤਨ ਤਲਾਓ,ਸ਼੍ਰੀ ਸਵਾਮੀ ਨਰਾਇਣ ਮੰਦਰ ਅਤੇ ਆਰੀਆ ਸਮਾਜੀ ਮੰਦਰ

 ਅਮਰਦੀਪ ਸਿੰਘ ਦੀ ਕਿਤਾਬ 'ਦੀ ਕੁਇਸਟ ਕੰਟੀਨਿਊਸ-ਲੋਸਟ ਹੈਰੀਟੇਜ਼,ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' ਮੁਤਾਬਕ ਇਸ ਪੂਰੇ ਵਰਤਾਰੇ ਨੂੰ ਤੁਹਾਡੇ ਤੱਕ ਦੱਸਣਾ ਚਾਹੁੰਦੇ ਹਾਂ। 14 ਅਗਸਤ 1947 ਨੂੰ ਪਾਕਿਸਤਾਨ 'ਚ ਅਜ਼ਾਦੀ ਦਾ ਝੰਡਾ ਸਮਾਗਮ ਹੋਇਆ ਤਾਂ ਕਵੇਟਾ ਦੇ ਹਿੰਦੂ ਸਿੱਖ ਪਰਿਵਾਰਾਂ ਨੇ ਵੀ ਇਸ 'ਚ ਹਿੱਸਾ ਲਿਆ ਸੀ।ਇਸ ਖੁਸ਼ੀ ਦੇ ਓਹਲੇ ਵੰਡ ਦੀ ਖ਼ਬਰ ਉਹਨਾਂ ਨੂੰ ਪਤਾ ਨਹੀਂ ਸੀ। 20 ਅਗਸਤ ਦੀ ਹਿੰਸਾ ਨੇ ਸਭ ਕੁਝ ਬਦਲ ਦਿੱਤਾ ਜਦੋਂ ਭਾਰਤ ਤੋਂ ਮੁਸਲਿਮ ਰਫਿਊਜ਼ੀ ਲੁੱਟ ਪੁੱਟਕੇ ਅੱਲ੍ਹੇ ਜ਼ਖ਼ਮਾਂ ਦੇ ਨਾਲ ਨਫ਼ਰਤ ਦੇ ਵਹਿਣ 'ਚ ਵਹਿਕੇ ਪਹੁੰਚੇ।ਇਸ ਵੇਲੇ ਕਵੇਟਾ 'ਚ 1,25000 ਹਿੰਦੂ ਨਾਨਕਪੰਥੀ ਰਹਿ ਰਹੇ ਹਨ।ਇਹ ਬਹੁਤ ਖਾਸ ਹੈ ਕਿ ਨੇੜੇ ਤੇੜੇ ਬਲੋਚਿਸਤਾਨ ਦੇ ਕਲਾਤ,ਸਿਬੀ,ਮਸਤੰਗ,ਦੁੱਕੀ,ਦਲਬੰਦੀਨ,ਚਮਨ,ਗਾਂਡਵਾ ਦੇ ਨਾਨਕਪੰਥੀਆਂ ਦੇ ਸਮੁੱਚੇ ਪ੍ਰਬੰਧ ਨੂੰ ਭਾਈਚਾਰੇ ਨੇ ਖ਼ਾਲਸਾ ਪ੍ਰਬੰਧਕ ਕਮੇਟੀ ਕਵੇਟਾ ਤਹਿਤ ਇੱਕਤਰ ਕੀਤਾ ਹੈ।ਜਥੇਬੰਦੀ ਦਾ ਇਹ ਢਾਂਚਾ 47 ਤੋਂ ਬਾਅਦ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥੀ ਲੈਕੇ ਕਾਰਜ ਕਰ ਰਿਹਾ ਹੈ।ਇਸ ਤੋਂ ਇਲਾਵਾ ਇਹਨਾਂ ਦੇ ਨਿੱਜੀ ਸਕੂਲ ਹਨ ਅਤੇ ਇਹਨਾਂ ਸਕੂਲਾਂ 'ਚ ਗੁਰਮੁੱਖੀ ਅਤੇ ਗੁਰਬਾਣੀ ਦੀ ਤਾਲੀਮ ਦਿੱਤੀ ਜਾਂਦੀ ਹੈ।ਇਹਨਾਂ ਨੇ ਸਿੱਖ ਮੈਰਿਜ ਸ਼੍ਰੋਮਣੀ ਆਨੰਦ ਕਾਰਜ ਨੂੰ ਧਾਰਨ ਕਰ ਲਿਆ ਹੈ। 8 ਲੱਖ ਤੋਂ ਉੱਪਰ ਦੀ ਅਬਾਦੀ 'ਚ ਨਿੱਕੇ ਪੈਰਿਸ ਵਜੋਂ ਜਾਣੇ ਜਾਂਦੇ ਕਵੇਟਾ 'ਚ ਨਾਨਕਪੰਥੀਆਂ ਦੀ ਸ਼ਰਧਾ 'ਚ ਜੋ ਹੈ ਉਸ ਨੂੰ ਦਿਲੋਂ ਮਹਿਸੂਸ ਕਰਨ ਦੀ ਲੋੜ ਹੈ।ਇਹਨਾਂ ਸਭਨਾਂ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਨਾਲ ਭਗਵਤ ਗੀਤਾ ਦਾ ਪਾਠ ਅਤੇ ਸਿੰਧ ਦੇ ਸੰਤ ਜੂਲੇ ਲਾਲ ਦਾ ਇੱਕੋ ਛੱਤ ਥੱਲੇ ਵਾਸ ਨਾਨਕਪੰਥੀਆਂ ਦੀ ਸਾਂਝੀ ਤਹਿਜ਼ੀਬ ਦਾ ਹਿੱਸਾ ਹੈ।

ਜ਼ਾਹਿਦ ਚੌਧਰੀ ਦੀ ਸਿੰਧ ਮਸਲਾ-ਏ-ਖ਼ੁਦ ਮੁਖ਼ਤਿਆਰੀ ਕਾ ਆਗ਼ਾਜ਼ 'ਚ ਘਟਨਾ ਦਰਜ ਹੈ ਕਿ ਵੰਡ ਵੇਲੇ ਕਰਾਚੀ ਦੇ ਗੁਰਦੁਆਰਾ ਰਤਨ ਤਲਾਓ 'ਚ ਵੰਡ ਵੇਲੇ ਦੰਗੇ ਹੋ ਗਏ।ਇਸ ਦੌਰਾਨ 70 ਜਣੇ ਜ਼ਖ਼ਮੀ ਹੋਏ ਅਤੇ ਗੁਰਦੁਆਰੇ ਨੂੰ ਅੱਗ ਲਾ ਦਿੱਤੀ।ਇੱਥੇ ਬਾਅਦ 'ਚ ਹੀਰਾ ਸਿੰਘ ਦੀ ਅਗਵਾਈ 'ਚ ਸਿੰਧੀ ਸਿੱਖਾਂ ਨੇ ਕੇਸ ਲੜਿਆ ਅਤੇ ਗੁਰਦੁਆਰੇ ਲਈ ਇਸ ਦੌਰਾਨ ਗੁਲਸ਼ਨ-ਏ-ਮੇਮਾਰ ਮੁਸਲਿਮ ਭਾਈਚਾਰੇ ਦੀ ਜਥੇਬੰਦੀ ਨੇ ਸਾਥ ਦਿੱਤਾ।ਕਰਾਚੀ 'ਚ 200 ਸਾਲ ਪੁਰਾਣਾ ਸ਼੍ਰੀ ਨਰਾਇਣ ਮੰਦਰ ਹੈ।ਕਵੇਟਾ 'ਚ ਆਰੀਆ ਸਮਾਜੀਆਂ ਦਾ ਮੰਦਰ ਹੈ।ਇਹਨਾਂ ਮੰਦਰਾਂ 'ਚ ਗੁਰੂ ਗ੍ਰੰਥ ਸਾਹਿਬ,ਭਗਵਤ ਗੀਤਾ ਦਾ ਪ੍ਰਕਾਸ਼ ਹੈ ਅਤੇ ਨਾਲ ਸਿੰਧ ਦੇ ਸੰਤ ਜੂਲੇ ਲਾਲ ਦੀਆਂ ਤਸਵੀਰਾਂ ਮਿਲਣਗੀਆਂ।

ਸਾਂਝੀਵਾਲਤਾ : ਭਾਰਤ ਵਿੱਚ ਯੂਪੀ ਤੋਂ ਲੈਕੇ ਦੱਖਣ ਭਾਰਤ ਤੱਕ ਨਾਨਕਪੰਥੀ ਇੱਕ ਧਾਰਾ ਵਾਂਗ ਕਿਸੇ ਨਾ ਕਿਸੇ ਹਿੱਸੇ ਵੱਸ ਰਹੇ ਹਨ।ਆਸਾਮ,ਬਿਹਾਰ 'ਚ ਕਈ ਪਿੰਡ ਨਾਨਕਪੰਥੀਆਂ ਦੇ ਹਨ।ਨੇਪਾਲ ਬਾਰਡਰ ਤੇ ਨੇਗੀਆਂ ਦਾ ਇੱਕ ਪਿੰਡ 400 ਘਰਾਂ ਨਾਲ ਨਾਨਕਪੰਥੀ ਪਛਾਣ ਨਾਲ ਵੱਸਿਆ ਹੈ।ਮੱਧ ਭਾਰਤ ਦੇ ਜੰਗਲੀ ਇਲਾਕਿਆਂ ਵਿੱਚ ਹਾਲੇ ਵੀ ਆਦੀਵਾਸੀ ਖ਼ਾਨਾਬਦੋਸ਼ ਕਬੀਲੇ ਹਨ ਜੋ ਬਾਬਾ ਨਾਨਕ ਨਾਲ ਆਪਣਾ ਰਿਸ਼ਤਾ ਜੋੜਦੇ ਹਨ।ਇੰਡੀਅਨ ਟ੍ਰਾਈਬਲ ਇਨਸਾਈਕਲੋਪੀਡੀਆ 'ਚ ਅਜਿਹੇ ਕਈ ਹਵਾਲੇ ਹਨ।ਯੂਪੀ ਦੇ ਰਮੱਈਏ,ਤੇਲੰਗਾਣਾ ਅਤੇ ਮਹਾਂਰਾਸ਼ਟਰ ਦੇ ਜੋਹਰੀ ਸਿੱਖ,ਵਣਜਾਰੇ ਸਿੱਖ  ਗੁਰੂ ਨਾਨਕ ਦੀ ਵਿਰਾਸਤ ਹਨ।ਇਹਨਾਂ ਦੇ ਮਨਾਂ 'ਚ ਸਿਰਫ ਨਾਨਕ ਨਾਮ ਦੀ ਇਬਾਦਤ ਹੈ ਅਤੇ ਇਹਨਾਂ ਲਈ ਕੋਈ ਫਰਕ ਨਹੀਂ ਕਿ ਉਹ ਕਿਸ ਧਰਮ ਜਾਂ ਸੰਪਰਦਾ ਨਾਲ ਜੁੜੇ ਹਨ।ਸੋ ਇਸ ਕਥਾ 'ਚੋਂ ਕੀ ਲੱਭਣਾ ਅਤੇ ਮਹਿਸੂਸ ਕਰਨਾ ਚਾਹੋਗੇ।ਨਾਨਕਪੰਥੀਆਂ ਨਾਲ ਤੁਰਦਿਆਂ ਉਹਨਾਂ ਦੇ ਰੂਹਾਨੀ ਮਨ ਦੇ ਆਨੰਦ ਅਤੇ ਉਹਨਾਂ ਦੇ ਹਲਾਤ ਮਹਿਸੂਸ ਕਰਨ ਦੀ ਲੋੜ ਹੈ।ਜਦੋਂ ਵੰਡ ਦੀ ਸੁਲਗਦੀ ਜ਼ਮੀਨ ਨੇ ਬੰਦਿਆਂ 'ਚ ਵੰਡੀਆ ਪਾਈਆਂ ਤਾਂ ਨਾਨਕਪੰਥੀਆਂ ਨੇ ਆਪਣੀ ਸਾਂਝੀ ਤਹਿਜ਼ੀਬ ਨਾਲ ਉਹ ਕੁਝ ਸਾਂਭਣ ਦੀ ਕੌਸ਼ਿਸ਼ ਕੀਤੀ ਹੈ ਜੋ ਸਾਂਝੀਵਾਲਤਾ ਦਾ ਸਿਰਨਾਵਾਂ ਹੈ।ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਇਹਨਾਂ ਸਾਲਾਂ 'ਚ ਸਾਡਾ ਸੰਵਾਦ ਉਹਨਾਂ ਲਈ ਕੀ ਹੋਵੇਗਾ ਇਸ ਮੁਹੱਬਤ ਦਾ ਵੇਲਾ ਸਾਥੋਂ ਸਭ ਤੋਂ ਅਪਣਤ ਦੀ ਉਡੀਕ ਕਰ ਰਿਹਾ ਹੈ।ਗੁਰੂ ਨਾਨਕ ਸਿਰਫ ਉਹਨਾਂ ਥਾਵਾਂ 'ਤੇ ਤਾਂ ਨਹੀਂ ਜਿੰਨ੍ਹਾਂ ਦੀ ਅਸੀਂ ਪਛਾਣ ਕਰ ਲਈ ਹੈ (ਜਾਂ ਕੀ ਸੱਚੀ ਕੀਤੀ ਹੈ ?) ਗੁਰੂ ਨਾਨਕ ਸਾਹਿਬ ਦੀਆਂ ਉਹਨਾਂ ਥਾਵਾਂ ਉਹਨਾਂ ਕਥਾਵਾਂ ਨੂੰ ਲੱਭਣ ਤੁਰੀਏ ਜਿੱਥੇ ਉਹਨਾਂ ਹਿੰਦੂ ਮੁਸਲਾਮਾਨਾਂ ਜਾਂ ਹਰ ਧਰਮ ਦੇ ਬੰਦਿਆਂ ਨੂੰ ਇੱਕੋ ਥਾਂ ਬਿਠਾਕੇ ਸਾਂਝੀਵਾਲਤਾ ਦਾ ਉਪਦੇਸ਼ ਵੰਡਿਆ।

ਹਰਪ੍ਰੀਤ ਸਿੰਘ ਕਾਹਲੋਂ,ਆਸ਼ੀਆ ਪੰਜਾਬੀ
 


Related News