ਗੁਰੂ ਨਾਨਕ-ਮੇਰੀ ਨਜ਼ਰ 'ਚ

08/17/2019 10:21:59 AM

ਗੁਰੂ ਨਾਨਕ ਦੇਵ ਜੀ ਦੀ ਜਯੰਤੀ ਮਨਾਉਣਾ ਸਾਡੇ ਸਭਨਾਂ ਲਈ ਇਕ ਬਹੁਤ ਵੱਡਾ ਮੌਕਾ ਹੈ ਉਨ੍ਹਾਂ ਦੇ ਸੰਦੇਸ਼ਾਂ 'ਤੇ ਚਿੰਤਨ ਮਨਨ ਕਰਨ ਦਾ। ਆਪਣੇ ਨਿੱਤ ਦੇ ਕੰਮਾਂ-ਕਾਰਾਂ ਦੌਰਾਨ ਅਸੀਂ ਧਰਮ ਦੀਆਂ ਮੁੱਢਲੀਆਂ ਕਦਰਾਂ-ਕੀਮਤਾਂ ਨੂੰ ਭੁੱਲ ਜਾਂਦੇ ਹਾਂ, ਜਿਹੜੀਆਂ ਆਪਣੀ ਅੰਤਸਚੇਤਨਾ ਦਾ ਹਿੱਸਾ ਬਣਾਉਣਾ ਕਿਸੇ ਵੀ ਧਰਮ ਦਾ ਮੂਲ ਮਕਸਦ ਹੁੰਦਾ ਹੈ। ਧਰਮ ਦਾ ਮਕਸਦ ਮਨ ਦੇ ਅਨੁਸ਼ਾਸਨ ਰਾਹੀਂ ਮਨੁੱਖ ਦੇ ਨਜ਼ਰੀਏ ਨੂੰ ਵਿਸ਼ਾਲ ਕਰਨਾ ਹੈ, ਜਿਸ ਦੇ ਸਿੱਟੇ ਵਜੋਂ ਅਸੀਂ ਸਮੁੱਚੀ ਮਨੁੱਖਤਾ ਦੇ ਨਾਲ ਇਕ-ਮਿਕ ਹੋ ਕੇ ਰਹਿੰਦੇ ਹਾਂ। ਗੁਰੂ ਨਾਨਕ ਕਹਿੰਦੇ ਹਨ :
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਉ।।

ਇਨ੍ਹਾਂ ਸਤਰਾਂ ਵਿਚ ਸਾਨੂੰ ਧਰਮ ਦੀ ਸੱਚੀ ਪਰਿਭਾਸ਼ਾ ਦੇਖਣ ਨੂੰ ਮਿਲਦੀ ਹੈ। ਗੁਰੂ ਜੀ ਧਰਮ ਨੂੰ ਕੱਟੜਤਾ ਅਤੇ ਅੰਧਵਿਸ਼ਵਾਸ ਤੋਂ ਨਿਖੇੜ ਕੇ ਦੇਖਦੇ ਸਨ। ਆਮ ਲੋਕਾਂ ਲਈ ਧਰਮ ਨੂੰ ਇੰਝ ਵਿਸਤ੍ਰਤ ਅਰਥਾਂ ਵਿਚ ਸਮਝ ਕੇ ਅੰਗੀਕਾਰ ਕਰਨਾ ਸੌਖਾ ਨਹੀਂ। ਇਸੇ ਕਰ ਕੇ ਗੁਰੂ ਨਾਨਕ ਦੇਵ ਜੀ ਜਿਹੇ ਬੁੱਧ ਪੁਰਸ਼ਾਂ ਦੀ ਜ਼ਰੂਰਤ ਪੈਂਦੀ ਹੈ, ਜੋ ਲੋਕਾਈ ਨੂੰ ਧਰਮ ਦੇ ਮਾਰਗ 'ਤੇ ਤੋਰ ਸਕਣ।

ਇਸ ਗੱਲ ਦਾ ਅਕਸਰ ਕਾਫ਼ੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਸ਼ੂਦਰਾਂ ਨੂੰ ਵੇਦ ਪੜ੍ਹਨ ਦੀ ਮਨਾਹੀ ਸੀ। ਅਜਿਹਾ ਕਰਨ 'ਤੇ ਉਨ੍ਹਾਂ ਦੇ ਕੰਨਾਂ ਵਿਚ ਸਿੱਕਾ ਢਾਲ ਦੇਣ ਦਾ ਵਿਧਾਨ ਸੀ ਵਗ਼ੈਰਾ-ਵਗ਼ੈਰਾ ਪਰ ਅਸੀਂ ਤਸਵੀਰ ਦਾ ਦੂਜਾ ਪਾਸਾ ਨਹੀਂ ਦੇਖਦੇ ਅਤੇ ਭੁੱਲ ਜਾਂਦੇ ਹਾਂ ਕਿ ਪੰਜਵਾਂ ਵੇਦ ਕਰ ਕੇ ਜਾਣੇ ਜਾਂਦੇ ਪੁਰਾਣਾਂ, ਵਾਣੀਆਂ, ਸਾਖੀਆਂ ਨੂੰ ਪੜ੍ਹਨ 'ਤੇ ਕੋਈ ਪਾਬੰਦੀ ਨਹੀਂ ਸੀ। ਇਸ ਸਾਹਿਤ ਵਿਚ ਬਹੁਤ ਸਾਰੇ ਵੈਦਿਕ ਮੰਤਰ ਵੀ ਸ਼ਾਮਲ ਹਨ। ਵੇਦਾਂ ਵਿਚ 'ਨਰਸਾਂਸੀ' ਨਾਂ ਦਾ ਇਕ ਇਹੋ ਜਿਹਾ ਹਿੱਸਾ ਵੀ ਹੈ, ਜੋ ਆਮ ਯਾਨੀ ਘੱਟ ਬੌਧਿਕ ਪੱਧਰ ਵਾਲੇ ਲੋਕਾਂ ਲਈ ਹੈ। ਇਸ ਵਿਚ ਧਾਰਮਿਕ ਤੇ ਸਦਾਚਾਰਕ ਕਥਾਵਾਂ ਹਨ।

ਗੁਰੂ ਨਾਨਕ ਦੇਵ ਜੀ ਨੇ ਵੀ ਧਰਮ ਦੀ ਸਰਬ-ਵਿਆਪਕਤਾ ਦੇ ਇਸ ਵੈਦਿਕ ਆਦਰਸ਼ ਦੇ ਪ੍ਰਸਾਰ ਲਈ ਆਪਣਾ ਸੰਦੇਸ਼ ਇਕ ਅਜਿਹੀ ਭਾਸ਼ਾ ਵਿਚ ਦਿੱਤਾ, ਜੋ ਸਭ ਦੇ ਸਮਝ ਆਉਣ ਵਾਲੀ ਸੀ। ਇਹ ਕਹਿਣ ਤੋਂ ਮੇਰਾ ਮਤਲਬ ਇਹ ਨਹੀਂ ਕਿ ਉਨ੍ਹਾਂ ਦੇ ਵਿਚਾਰਾਂ ਵਿਚ ਕਿਸੇ ਤਰ੍ਹਾਂ ਮੌਲਿਕਤਾ ਦੀ ਘਾਟ ਸੀ। ਪ੍ਰਾਚੀਨ ਸੱਚ ਨੂੰ ਆਧੁਨਿਕ ਪ੍ਰਸੰਗ ਦੇਣਾ ਵੀ ਮੌਲਿਕਤਾ ਦੇ ਦਾਇਰੇ ਵਿਚ ਹੀ ਆਉਂਦਾ ਹੈ। ਜਪੁਜੀ ਸਾਹਿਬ ਦਾ ਮੂਲ ਮੰਤਰ ਮੁਲਾਹਿਜ਼ਾ ਹੋਵੇ :

ਏਕ ਓਂਕਾਰ ਸਤਿਨਾਮੁ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪਰਸਾਦਿ
ਜਪੁ।। ਆਦਿ ਸਚ ਜੁਗਾਦਿ ਸਚ।। ਹੈ ਭੀ ਸਚ ਨਾਨਕ ਹੋਸੀ ਭੀ ਸਚ।।

(ਅਰਥਾਤ, ਓਂਕਾਰ ਨਾਮਕ ਪਰਮ ਸੱਚ ਸ੍ਰਿਸ਼ਟੀ ਦੇ ਮੁੱਢ ਵਿਚ ਵੀ ਸੀ, ਯੁਗਾਂ ਯੁਗਾਂਤਰਾਂ ਤੋਂ ਰਿਹਾ ਹੈ ਅਤੇ ਹਮੇਸ਼ਾ ਰਹੇਗਾ।)

ਉਪਨਿਸ਼ਦ ਅਨੁਸਾਰ, 'ਸਾਰੀ ਤਪ ਸਾਧਨਾ, ਧਾਰਮਿਕ ਕਿਰਿਆ ਕਲਾਪ ਦਾ ਆਦਰਸ਼ ਟੀਚਾ ਇਕੋ ਪਰਮ ਸੱਚ 'ਓਮ' ਦੀ ਤਲਾਸ਼ ਹੈ। ਇੰਝ ਗੁਰੂ ਨਾਨਕ ਦੇਵ ਜੀ ਨੇ ਪਰਮ ਸੱਚ ਨੂੰ ਮਨੁੱਖ ਦੇ ਨਿਤਨੇਮ ਦਾ ਹਿੱਸਾ ਬਣਾ ਦਿੱਤਾ। ਇਹੋ ਕਾਰਨ ਹੈ ਕਿ ਕੋਈ ਅਨਪੜ੍ਹ ਮਜ਼ਦੂਰ ਹੋਵੇ ਜਾਂ ਕਿਸਾਨ ਉਸ ਨੂੰ ਧਰਮ ਜਾਂ ਦਰਸ਼ਨ ਦੇ ਕੁੱਝ ਬੁਨਿਆਦੀ ਨੁਕਤੇ ਜ਼ਬਾਨੀ ਕੰਠ ਹੁੰਦੇ ਹਨ।

ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਵੱਲੋਂ ਗੁਰੂ ਦੀ ਮਹੱਤਤਾ ਦਰਸਾਏ ਜਾਣ ਤੋਂ ਸਾਨੂੰ ਗੀਤਾ ਅਤੇ ਉਪਨਿਸ਼ਦਾਂ ਦੀ ਯਾਦ ਆਉਂਦੀ ਹੈ। ਦਿੱਬ ਤੱਤ ਸਾਡੇ ਸਭ ਦੇ ਅੰਦਰ ਮੌਜੂਦ ਹੈ ਪਰ ਇਹ ਸਾਨੂੰ ਦਿਖਾਈ ਨਹੀਂ ਦਿੰਦਾ ਅਤੇ ਨਾ ਹੀ ਅਸੀਂ ਇਸ ਨੂੰ ਨਿਰੋਲ ਆਪਣੇ ਯਤਨਾਂ ਨਾਲ ਮਹਿਸੂਸ ਕਰ ਸਕਦੇ ਹਾਂ। ਇਸ ਦੇ ਲਈ ਸਾਨੂੰ ਕਿਸੇ ਰਾਹ ਦਸੇਰੇ ਯਾਨੀ ਗੁਰੂ ਦੀ ਲੋੜ ਪੈਂਦੀ ਹੈ, ਜੋ ਸਾਡੇ ਅੰਦਰ ਸੁੱਤੀ ਚੇਤਨਾ ਨੂੰ ਜਗਾਉਂਦਾ ਹੈ। ਚੇਤੇ ਰਹੇ ਕਿ ਕਿਸੇ ਨੂੰ ਗੁਰੂ ਮੰਨ ਕੇ ਵੀ ਅਸੀਂ ਵਿਚਾਰਧਾਰਕ ਤੌਰ 'ਤੇ ਉਸ ਦੇ ਗ਼ੁਲਾਮ ਨਹੀਂ ਹੋ ਜਾਂਦੇ। ਗੁਰੂ ਅਸਲ ਵਿਚ ਮਨੁੱਖ ਦੀ ਸ਼ਕਲ ਵਿਚ ਪਰਮਾਤਮਾ ਹੀ ਹੁੰਦਾ ਹੈ। ਗੁਰੂ ਜੀ ਕਹਿੰਦੇ ਹਨ :

ਗੁਰੁ ਈਸਰੂ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ।।
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ।।


ਇਸ ਤੋਂ ਸਾਨੂੰ ਉਹ ਸ਼ਲੋਕ ਵੀ ਯਾਦ ਆਉਂਦਾ ਹੈ, ਜਿਸ ਦੇ ਜ਼ਰੀਏ ਹਰ ਸ਼ਰਧਾਵਾਨ ਹਿੰਦੂ ਗੁਰੂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਾ ਹੈ :

ਗੁਰੂਰ ਬ੍ਰਹਮਾ, ਗੁਰੂਰ ਵਿਸ਼ਣੂੰ
ਗੁਰੂਰ ਦੇਵੋ ਮਹੇਸ਼ਵਰ :
ਗੁਰੂਰ ਸਾਕਸ਼ਾਤ ਪਾਰਬ੍ਰਹਮ
ਤਸਮੈ ਸ਼੍ਰੀ ਗੁਰਵੇ ਨਮ :


ਜਿੰਨਾ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚਿੰਤਨ ਮਨਨ ਕਰਾਂਗੇ, ਓਨਾ ਹੀ ਪਤਾ ਚੱਲੇਗਾ ਕਿ ਰੂਹਾਨੀ ਰਹਿਬਰਾਂ ਦੀ ਦ੍ਰਿਸ਼ਟੀ ਕਿਸੇ ਬਿੰਦੂ 'ਤੇ ਆ ਕੇ ਇਕ ਹੋ ਜਾਂਦੀ ਹੈ।

ਇਸ ਤੋਂ ਇਲਾਵਾ ਵੇਦਾਂਤਕ ਅਦ੍ਵੈਤਵਾਦ ਮਨੁੱਖੀ ਸੋਚ ਦੀ ਚਰਮ ਸੀਮਾ ਦਾ ਲਖਾਇਕ ਹੈ। ਇਹ ਅਨੁਭਵ ਕਿ ਘਾਹ ਦੀ ਪੱਤੀ ਤੋਂ ਲੈ ਕੇ ਉੱਚਤਮ ਸਵਰਗ ਤੱਕ ਵਿਚ ਉਹੋ ਪਰਮ ਸੱਚ ਸਮਾਇਆ ਹੋਇਆ ਹੈ ਮਨੁੱਖ ਦੇ ਅਧਿਆਤਮਕ ਵਿਕਾਸ ਦਾ ਸਬੂਤ ਹੈ। ਗੁਰੂ ਨਾਨਕ ਦੇਵ ਜੀ ਵੀ ਇਸੇ ਅਨੁਭਵ ਦਾ ਇਜ਼ਹਾਰ ਕਰਦੇ ਹਨ, ਜਦੋਂ ਉਹ ਕਹਿੰਦੇ ਹਨ :

ਨਾ ਕੋ ਬੈਰੀ ਨਾਹੀ ਬੇਗਾਨਾ
ਸਗਲ ਸੰਗ ਹਮ ਕਉ ਬਨਿ ਆਈ
ਜੋ ਪ੍ਰਭ ਕੀਨੋ ਸੋ ਭਲ ਮਾਨਿਉ
ਸਭ ਮਾਹੀ ਰਵਿ ਰਹਿਆ ਪ੍ਰਭ ਏਕਾਈ
ਪੇਖਿ ਪੇਖਿ ਨਾਨਕ ਬਿਗਸਾਈ।


ਇਸ ਸੱਚ ਤੱਕ ਪਹੁੰਚਣਾ ਹਰ ਇਕ ਦੀ ਆਪੋ-ਆਪਣੀ ਸਮਰੱਥਾ 'ਤੇ ਨਿਰਭਰ ਕਰਦਾ ਹੈ। ਅੱਜ ਦੇ ਪੁਲਾੜ ਯੁੱਗ ਵਿਚ ਜ਼ਰੂਰਤ ਹੈ ਮਨੁੱਖ ਮਾਤਰ ਦੀ ਇੱਕਤਾ ਵਾਲਾ ਨਜ਼ਰੀਆ ਅਖ਼ਤਿਆਰ ਕੀਤੇ ਜਾਣ ਦੀ। ਹੁਣ ਮਾਨਵਤਾ ਨੂੰ ਵੱਖ-ਵੱਖ ਰਖਣਿਆਂ ਵਿਚ ਕੈਦ ਕਰ ਕੇ ਰੱਖਣਾ ਮੁਨਾਸਬ ਨਹੀਂ। ਇਸ ਤੰਗ ਨਜ਼ਰੀ ਤੋਂ ਬਚਾਉਣ ਲਈ ਹੀ ਤਾਂ ਗੁਰੂ ਨਾਨਕ ਦੇ ਦਸਵੇਂ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਠਤ ਪਾਦਰੀਵਾਦ ਦਾ ਖ਼ਾਤਮਾ ਕਰ ਦਿੱਤਾ ਸੀ ਤਾਂ ਜੋ ਪ੍ਰੰਪਰਾ ਦੀ ਦੁਰਵਰਤੋਂ ਅਤੇ ਕੱਟੜਵਾਦ ਦੇ ਹੱਥੋਂ ਸਿੱਖੀ ਦੀ ਮੂਲ ਆਤਮਾ ਹੀ ਨਾ ਖ਼ਤਮ ਹੋ ਕੇ ਰਹਿ ਜਾਵੇ। ਇਸੇ ਲਈ ਉਨ੍ਹਾਂ ਨੇ ਸਾਨੂੰ ਜਗਤ ਜੋਤ ਸ਼ਬਦ ਗੁਰੂ ਦੇ ਲੜ ਲਾਇਆ, ਜੋ ਸਦੀਆਂ ਤੋਂ ਕਾਇਮ ਹੈ।

ਤਾਂ ਆਓ ਗੁਰੂ ਨਾਨਕ ਦੇਵ ਜੀ ਦੀ ਸਾਢੇ ਪੰਜ ਸੌਵੀਂ ਜਨਮ ਸ਼ਤਾਬਦੀ ਦੇ ਮੁਬਾਰਕ ਮੌਕੇ 'ਤੇ ਅਸੀਂ ਉਨ੍ਹਾਂ ਦੇ ਪ੍ਰੇਮ ਅਤੇ ਏਕੇ ਦੇ ਸੰਦੇਸ਼ 'ਤੇ ਪਹਿਰਾ ਦੇਣ ਦਾ ਹਲਫ਼ ਲਈਏ। ਅੰਤ ਵਿਚ ਮੈਂ ਗੁਰੂ ਜੀ ਦੇ ਸੰਦੇਸ਼ ਪ੍ਰਤੀ ਆਪਣੀ ਨਿਗੂਣੀ ਜਿਹੀ ਸਮਝ ਨੂੰ ਉਨ੍ਹਾਂ ਦੇ ਹੀ ਫਲਸਫੇ ਨੂੰ ਬਿਆਨ ਕਰਦੇ ਹੇਠ ਲਿਖੇ ਸ਼ਬਦ ਨਾਲ ਸਮੇਟਦਾ ਹਾਂ :

ਅਸੰਖ ਜਪ ਅਸੰਖ ਭਾਉ ।।
ਅਸੰਖ ਪੂਜਾ ਅਸੰਖ ਤਪ ਤਾਉ ।।
ਅਸੰਖ ਗਰੰਥ ਮੁਖਿ ਵੇਦ ਪਾਠ ।।
ਅਸੰਖ ਜੋਗ ਮਨਿ ਰਹਹਿ ਉਦਾਸ ।।
-ਜਪੁਜੀ ਸਾਹਿਬ ਪਉੜੀ 17ਵੀਂ


ਨੋਟ - ਸਵਾਮੀ ਬਨਗੋਬਿੰਦ ਪਰਮਪੰਥੀ ਦਾ ਇਹ ਲੇਖ ਅਸੀਂ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਸਹਿਯੋਗ ਨਾਲ 'ਦਿ ਸਿੱਖ ਰੀਵਿਊ' ਕੋਲਕਾਤਾ ਤੋਂ ਪਾਠਕਾਂ ਲਈ ਧੰਨਵਾਦ ਸਹਿਤ ਪ੍ਰਾਪਤ ਕੀਤਾ ਹੈ। ਗੁਰੂ ਨਾਨਕ ਉਸਤਤਿ ਨੂੰ ਸੰਸਾਰ 'ਚ ਕਈ ਵਿਦਵਾਨਾਂ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਇਸ ਲੇਖ ਨੂੰ ਤੁਸੀਂ ਮੂਲ ਰੂਪ 'ਚ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਵੈੱਬਸਾਈਟ ਤੋਂ ਪੜ੍ਹ ਸਕਦੇ ਹੋ।

-ਸਵਾਮੀ ਬਨਗੋਬਿੰਦ ਪਰਮਪੰਥੀ


Baljeet Kaur

Content Editor

Related News