ਸ਼ਾਹਕੋਟ ਦੀ ਟੀਮ ਨੇ ਕੀਤਾ ਕਬੱਡੀ ਟੂਰਨਾਮੈਂਟ ''ਤੇ ਕਬਜ਼ਾ

12/11/2017 3:33:09 AM

ਲਹਿਰਾਗਾਗਾ (ਗੋਇਲ)-  ਸਵ. ਲਾਲ ਸਿੰਘ ਲਾਲੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਪਤੀ ਮਰਹੂਮ ਲਾਲ ਸਿੰਘ ਲਾਲੀ ਦੀ ਯਾਦ 'ਚ ਚੌਥਾ ਕਬੱਡੀ ਟੂਰਨਾਮੈਂਟ ਯੂਥ ਕਾਂਗਰਸ ਦੇ ਲੋਕ ਸਭਾ ਪ੍ਰਧਾਨ ਰਾਹੁਲ ਸਿੱਧੂ ਦੀ ਅਗਵਾਈ ਹੇਠ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ । 
ਇਸ ਦੌਰਾਨ 75 ਕਿਲੋ, ਓਪਨ ਅਕੈਡਮੀਆਂ ਤੇ ਲੜਕੀਆਂ ਦੇ ਮੁਕਾਬਲੇ ਹੋਏ। 75 ਕਿਲੋ ਵਿਚ 34 ਟੀਮਾਂ, ਓਪਨ ਵਿਚ 38 ਟੀਮਾਂ, 8 ਅਕੈਡਮੀਆਂ ਤੇ 10 ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ। ਨਾਰਥ ਜ਼ੋਨ ਦੀਆਂ ਅਕੈਡਮੀਆਂ ਦੇ ਫਸਵੇ ਮੁਕਾਬਲਿਆਂ 'ਚ ਸ਼ਾਹਕੋਟ ਦੀ ਟੀਮ ਨੇ ਟੂਰਨਾਮੈਂਟ 'ਤੇ ਕਬਜ਼ਾ ਕੀਤਾ ਅਤੇ 1.50 ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ, ਜਦਕਿ ਰਾਇਲ ਕਲੱਬ ਯੂ. ਐੱਸ. ਏ. ਦੀ ਟੀਮ ਦੂਜੇ ਨੰਬਰ 'ਤੇ ਰਹੀ ਤੇ 1 ਲੱਖ ਰੁਪਏ ਦਾ ਇਨਾਮ ਜਿੱਤਿਆ । ਇਸੇ ਤਰ੍ਹਾਂ 75 ਕਿਲੋ ਦੇ ਮੁਕਾਬਲਿਆਂ 'ਚ ਪਿੰਡ ਭੂਲਣ ਦੀ ਟੀਮ ਨੇ ਪਹਿਲਾ, ਪਿੰਡ ਸ਼ਾਤਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਓਪਨ ਦੇ ਮੁਕਾਬਲਿਆਂ 'ਚ ਪਿੰਡ ਘਨੌਰੀ ਦੀ ਟੀਮ ਨੇ ਪਹਿਲਾ, ਪਿੰਡ ਸ਼ੀਹ (ਹਰਿਆਣਾ) ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲਿਆਂ 'ਚ ਜਗਤਪੁਰਾ ਦੀ ਟੀਮ ਨੇ ਪਹਿਲਾ ਤੇ ਸ਼ਹੀਦ ਭਗਤ ਸਿੰਘ ਅਕੈਡਮੀ ਘੋੜੇਨਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।


Related News