ਭਾਰਤੀ ਮਹਿਲਾ ਕ੍ਰਿਕਟ ਟੀਮ ਬਣੀ ਸਾਲ ਦੀ ਸਰਵਸ੍ਰੇਸ਼ਠ ਟੀਮ

11/27/2017 11:44:50 PM

ਮੁੰਬਈ— ਇੰਗਲੈਂਡ ਵਿਚ ਮਹਿਲਾ ਵਿਸ਼ਵ ਕੱਪ ਵਿਚ ਉਪ-ਜੇਤੂ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਭਾਰਤੀ ਖੇਡ ਸਨਮਾਨ ਸਮਾਰੋਹ ਵਿਚ ਸਾਲ ਦੀ ਸਰਵਸ੍ਰੇਸ਼ਠ ਟੀਮ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।ਦੇਸ਼ 'ਚ ਖੇਡਾਂ ਦੇ ਖੇਤਰ ਵਿਚ ਆਪਣਾ ਅਹਿਮ ਯੋਗਦਾਨ ਦੇਣ ਲਈ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਤੇ ਪ੍ਰਸਿੱਧ ਉਦਯੋਗਪਤੀ ਸੰਜੀਵ ਗੋਇਨਕਾ ਨੇ ਪਹਿਲੇ ਭਾਰਤੀ ਖੇਡ ਐਵਾਰਡਾਂ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ 'ਤੇ ਕੀਤਾ ਗਿਆ ਸੀ।
ਨਿੱਜੀ ਖੇਡ ਪੁਰਸਕਾਰ ਵਰਗ ਵਿਚ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਨੂੰ ਕ੍ਰਮਵਾਰ 'ਸਪੋਰਟਸ ਵੂਮੈਨ ਤੇ ਸਪੋਰਟਸਮੈਨ ਆਫ ਦਿ ਯੀਅਰ' ਦੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਆਰ. ਅਸ਼ਵਿਨ ਤੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੂੰ ਟੀਮ ਖੇਡ ਪੁਰਸਕਾਰ ਵਰਗ ਵਿਚ ਕ੍ਰਮਵਾਰ 'ਸਪੋਰਟਸਮੈਨ ਤੇ ਸਪੋਰਟਸ ਵੂਮੈਨ ਆਫ ਦਿ ਯੀਅਰ' ਦਾ ਪੁਰਸਕਾਰ ਮਿਲਿਆ। 
ਟੈਨਿਸ ਦੀ ਧਾਕੜ ਸਾਨੀਆ ਮਿਰਜ਼ਾ ਨੂੰ ਪ੍ਰੇਰਣਾਸਰੋਤ ਸਨਮਾਨ ਤੇ ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੂੰ ਖੇਡਾਂ ਵਿਚ 'ਟ੍ਰਾਂਸਫਾਰਮੇਸ਼ਨਲ' ਯੋਗਦਾਨ ਦਾ ਐਵਾਰਡ ਦਿੱਤਾ। ਪਾਪੂਲਰ ਚੁਆਇਸ ਐਵਾਰਡਾਂ ਵਿਚ 'ਬ੍ਰੇਕਥਰੂ ਪ੍ਰਫਾਰਮੈਂਸ ਆਫ ਦਿ ਯੀਅਰ' ਲਈ ਆਲਰਾਊਂਡਰ ਹਾਰਦਿਕ ਪੰਡਯਾ, ਕਮਬੈਕ ਆਫ ਦਿ ਯੀਅਰ ਲਈ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ, ਸਪਿਰਟ ਆਫ ਸਪੋਰਟਸ ਲਈ ਪਹਿਲਵਾਨ ਯੋਗੇਸ਼ਵਰ ਦੱਤ ਨੂੰ ਪੁਰਸਕਾਰ ਦਿੱਤੇ ਗਏ। 
ਇਸ ਤੋਂ ਇਲਾਵਾ 'ਪਲੇਅਰ ਆਫ ਦਿ ਯੀਅਰ' ਲਈ ਫੁੱਟਬਾਲ ਕਪਤਾਨ ਸੁਨੀਲ ਸ਼ੇਤਰੀ, ਸਰਵਸ੍ਰੇਸ਼ਠ ਕੋਚ ਬਿਸੇਸ਼ਵਰ ਨੰਦੀ, ਉੱਭਰਦੀ ਮਹਿਲਾ ਖਿਡਾਰੀ ਅਦਿਤੀ ਅਸ਼ੋਕ, ਉੱਭਰਦਾ ਪੁਰਸ਼ ਖਿਡਾਰੀ ਨੀਰਜ ਚੋਪੜਾ, ਸਾਲ ਦਾ ਦਿਵਿਆਂਗ ਪੁਰਸ਼ ਖਿਡਾਰੀ ਦੇਵੇਂਦ੍ਰ ਝਾਝਰੀਆ ਤੇ ਦਿਵਿਆਂਗ ਮਹਿਲਾ ਖਿਡਾਰੀ ਦਾ ਪੁਰਸਕਾਰ ਦੀਪਾ ਮਲਿਕ ਨੂੰ ਦਿੱਤਾ ਗਿਆ।
ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਹਾਕੀ ਦੇ ਲੀਜੈਂਡ ਬਲਬੀਰ ਸਿੰਘ ਨੂੰ ਮਿਲਿਆ। 'ਕਲੱਬ ਆਫ ਦਿ ਯੀਅਰ' ਲਈ ਆਈ. ਪੀ. ਐੱਲ. ਦੇ 10ਵੇਂ ਸੈਸ਼ਨ ਦੇ ਜੇਤੂ ਮੁੰਬਈ ਇੰਡੀਅਨਜ਼ ਤੇ ਬੈਸਟ ਫੈਨ ਕਲੱਬ ਦਾ ਪੁਰਸਕਾਰ ਮਾਂਜਾਪਾਡੱਡਾ ਕੇਰਲ ਬਲਾਸਟਰ ਨੂੰ ਮਿਲਿਆ।


Related News