ਬੇਰੋਜ਼ਗਾਰ ਹੋ ਸਕਦੇ ਹਨ ਆਸਟਰੇਲੀਆ ਦੇ 200 ਕ੍ਰਿਕਟਰ, ਭਾਰਤ ਦਾ ਦੌਰਾ ਵੀ ਖਤਰੇ ''ਚ

06/27/2017 3:46:10 PM

ਨਵੀਂ ਦਿੱਲੀ— ਭੁਗਤਾਨ ਵਿਵਾਦ ਦੇ ਚਲਦੇ ਅਗਲੇ ਮਹੀਨੇ ਤੋਂ 200 ਤੋਂ ਜ਼ਿਆਦਾ ਆਸਟਰੇਲੀਆਈ ਕ੍ਰਿਕਟਰਸ ਨੂੰ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਪਵੇਗਾ। ਆਸਟਰੇਲੀਅਨ ਕ੍ਰਿਕਟਰਸ ਐਸੋਸੀਏਸ਼ਨ ਦੇ ਪ੍ਰਧਾਨ ਗ੍ਰੇਗ ਡਾਇਰ ਦਾ ਕਹਿਣਾ ਹੈ ਕਿ ਡੈੱਡਲਾਈਨ 'ਤੇ ਖਿਡਾਰੀਆਂ ਦਾ ਤਨਖਾਹ ਵਿਵਾਦ ਬੇਹੱਦ ਮੁਸ਼ਕਲ ਨਜ਼ਰ ਆ ਰਿਹਾ ਹੈ। ਸਮਝੌਤੇ ਦੀਆਂ ਬੁਨਿਆਦੀ ਗੱਲਾਂ ਸੁਲਝਦੀਆਂ ਹੋਈਆਂ ਨਹੀਂ ਦਿਸ ਰਹੀਆਂ ਹਨ। 200 ਤੋਂ ਜ਼ਿਆਦਾ ਆਸਟਰੇਲੀਆ ਦੇ ਸਭ ਤੋਂ ਸੀਨੀਅਰ ਕ੍ਰਿਕਟਰਸ 1 ਜੁਲਾਈ ਤੋਂ ਬੇਰੋਜ਼ਗਾਰ ਹੋ ਸਕਦੇ ਹਨ। ਅਸੀਂ ਹਰ ਸੰਭਾਵਨਾ ਨੂੰ ਧਿਆਨ 'ਚ ਰਖਦੇ ਹੋਏ ਮਦਦ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ, ਪਰ ਉਹ ਬੇਰੋਜ਼ਗਾਰ ਹੋਣਗੇ।

ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਆਸਟਰੇਲੀਆਈ ਕ੍ਰਿਕਟਰ ਅਤੇ ਆਸਟਰੇਲੀਆਈ ਕ੍ਰਿਕਟ ਬੋਰਡ ਵਿਚਾਲੇ ਸੈਲਰੀ ਨੂੰ ਲੈ ਕੇ ਵਿਵਾਦ ਜਾਰੀ ਹੈ। ਆਸਟਰੇਲੀਆਈ ਖਿਡਾਰੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਤਨਖਾਹ ਇਕ ਨਿਰਧਾਰਤ ਢਾਂਚੇ ਦੇ ਮੁਤਾਬਕ ਚਲੇ ਪਰ ਕ੍ਰਿਕਟ ਆਸਟਰੇਲੀਆ ਇਸ ਦੇ ਪੱਖ 'ਚ ਨਹੀਂ ਹੈ। ਜਦਕਿ 30 ਜੂਨ ਨੂੰ ਸੈਂਟਰਲ ਕਾਂਟ੍ਰੈਕਟ (ਕੇਂਦਰੀ ਕਰਾਰ) 'ਚ ਸ਼ਾਮਲ ਸਾਰੇ ਖਿਡਾਰੀਆਂ ਦਾ ਬੋਰਡ ਦੇ ਨਾਲ ਕਰਾਰ ਖਤਮ ਹੋ ਰਿਹਾ ਹੈ।

ਇਸ ਦੇ ਚਲਦੇ ਡੇਵਿਡ ਵਾਰਨਰ ਸਮੇਤ ਕਈ ਦਿੱਗਜ ਖਿਡਾਰੀਆਂ ਨੇ ਕਿਹਾ ਕਿ ਜੇਕਰ ਕ੍ਰਿਕਟ ਆਸਟਰੇਲੀਆ ਉਨ੍ਹਾਂ ਦੀਆਂ ਗੱਲਾਂ ਨਹੀਂ ਮੰਨਦਾ ਤਾਂ ਉਹ ਨਾ ਤਾਂ ਬੰਗਲਾਦੇਸ਼ ਦੌਰੇ 'ਤੇ ਜਾਣਗੇ ਅਤੇ ਨਾ ਹੀ ਇੰਗਲੈਂਡ ਦੇ ਖਿਲਾਫ ਏਸ਼ੇਜ਼ ਸੀਰੀਜ਼ ਖੇਡਣ ਲਈ ਮੈਦਾਨ 'ਤੇ ਉਤਰਨਗੇ। ਜਦਕਿ ਅੰਗਰੇਜ਼ੀ ਅਖਬਾਰ ਦਿ ਆਸਟਰੇਲੀਅਨ ਦੇ ਮੁਤਾਬਕ ਆਸਟਰੇਲੀਆ ਨੂੰ ਭਾਰਤ 'ਚ 5 ਮੈਚਾਂ ਦੀ ਵਨਡੇ ਸੀਰੀਜ਼ ਖੇਡਣੀ ਹੈ। ਜੇਕਰ ਇਹ ਵਿਵਾਦ ਨਹੀਂ ਸੁਲਝਿਆ ਤਾਂ ਭਾਰਤ ਦੌਰਾ ਵੀ ਰੱਦ ਹੋ ਸਕਦਾ ਹੈ।


Related News