ਕਬਾੜੀਆਂ ਵੱਲੋਂ ਸਾੜੇ ਜਾਂਦੇ ਕਬਾੜ ਦਾ ਧੂੰਆਂ ਦੇ ਰਿਹੈ ਬੀਮਾਰੀਆਂ ਨੂੰ ਸੱਦਾ

10/19/2017 1:43:32 AM

ਖਨੌਰੀ, (ਹਰਜੀਤ)- ਇਕ ਪਾਸੇ ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਆਏ ਦਿਨ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਕੋਈ ਨਾ ਕੋਈ ਹਦਾਇਤਾਂ ਜਾਰੀ ਕਰਦਾ ਰਹਿੰਦਾ ਹੈ ਅਤੇ ਦੂਜੇ ਪਾਸੇ ਸਰਕਾਰਾਂ ਲੱਖਾਂ ਰੁਪਏ ਖਰਚ ਕਰ ਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਪ੍ਰਦੂਸ਼ਣ ਦੀ ਰੋਕਥਾਮ ਲਈ ਕਦੇ ਦਿੱਲੀ ਵਰਗੇ ਮਹਾ ਨਗਰ ਵਿਚ ਪੁਰਾਣੀਆਂ ਗੱਡੀਆਂ 'ਤੇ ਪਾਬੰਦੀ ਲਾਈ ਜਾਂਦੀ ਹੈ ਕਦੇ ਪਟਾਕਿਆਂ 'ਤੇ ਪਾਬੰਦੀ ਲਾ ਕੇ ਪ੍ਰਦੂਸ਼ਣ ਨੂੰ ਕਾਬੂ ਪਾਉਣ ਲਈ ਵਿਓਂਤਾਂ ਘੜੀਆਂ ਜਾਂਦੀਆਂ ਹਨ ਅਤੇ ਇਕ ਪਾਸੇ ਦੇਸ਼ ਦੇ ਅੰਨਦਾਤਾ ਨੂੰ ਆਪਣੇ ਖੇਤਾਂ ਵਿਚ ਝੋਨੇ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਅੱਗ ਲਾਉਣ ਵਾਲੇ ਕਿਸਾਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ ਤਾਂ ਜੋ ਪ੍ਰਦੂਸ਼ਣ 'ਤੇ ਕਾਬੂ ਪਾਇਆ ਜਾ ਸਕੇ। ਉਥੇ ਹੀ ਸ਼ਹਿਰ ਅੰਦਰ ਬਿਨਾਂ ਮਨਜ਼ੂਰੀ ਤੋਂ ਟਰੱਕ ਤੋੜਨ ਲਈ ਮਸ਼ਹੂਰ ਪੰਜਾਬ ਦੀ ਸਭ ਤੋਂ ਵੱਡੀ ਕਬਾੜ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਟਰੱਕਾਂ ਦੇ ਪੁਰਾਣੇ ਟਾਇਰ, ਟਿਊਬਾਂ, ਪੁਰਾਣੀਆਂ ਤਾਰਾਂ, ਫਿਲਟਰ ਅਤੇ ਹੋਰ ਤੇਲ ਪਦਾਰਥਾਂ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ ਅਤੇ ਆਏ ਦਿਨ ਜ਼ਹਿਰੀਲੇ ਧੂੰਏਂ ਨਾਲ ਫੈਲਣ ਵਾਲੇ ਪ੍ਰਦੂਸ਼ਣ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ। ਜਿਸ ਕਾਰਨ ਲੋਕਾਂ ਨੂੰ ਭਿਆਨਕ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ।  ਇਸ ਸਬੰਧੀ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸਿੰਘ ਗੁਰਨੇ, ਅਮਰੀਕ ਸਿੰਘ ਢੀਂਡਸਾ, ਦਿਲਬਾਗ ਸਿੰਘ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ, ਹਿੰਮਤ ਸਿੰਘ, ਅਮਨ ਸਿੰਘ ਨੇ ਦੱਸਿਆ ਕਿ ਕਬਾੜ ਮਾਰਕੀਟ ਦੇ ਦੁਕਾਨਦਾਰ ਪੁਰਾਣੇ ਟਾਇਰ, ਟਿਊਬਾਂ, ਪੁਰਾਣੀਆਂ ਤਾਰਾਂ, ਫਿਲਟਰ ਤੇ ਹੋਰ ਤੇਲ ਪਦਾਰਥਾਂ ਨੂੰ ਅੱਗ ਲਾ ਦਿੰਦੇ ਹਨ ਜਿਨ੍ਹਾਂ 'ਚੋਂ ਨਿਕਲਦਾ ਜ਼ਹਿਰੀਲਾ ਧੂੰਆਂ ਪ੍ਰਦੂਸ਼ਣ ਫੈਲਾ ਰਿਹਾ ਹੈ।
ਪਿਛਲੇ ਇਕ ਸਾਲ ਤੋਂ ਵੱਖ-ਵੱਖ ਮਹਿਕਮੀਆਂ ਨੂੰ ਲਿਖਤੀ ਸ਼ਿਕਾਇਤਾਂ ਕਰ ਚੁੱਕੇ ਹਾਂ ਪਰ ਕਿਸੇ ਵੀ ਮਹਿਕਮੇ ਵੱਲੋਂ ਅੱਜ ਤੱਕ ਕਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ, ਪੁਲਸ ਅਤੇ ਨਗਰ ਪੰਚਾਇਤ ਨੂੰ ਕਈ ਵਾਰੀ ਚਿੱਠੀਆਂ ਲਿਖੀਆਂ ਜਾ ਚੁੱਕੀਆਂ ਹਨ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।  
ਮਾਰਕੀਟ ਦਾ ਇਕ ਪ੍ਰਧਾਨ ਸਾਨੂੰ ਸ਼ਰੇਆਮ ਚੈਲੰਜ ਕਰ ਰਿਹਾ ਹੈ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਵੋ ਪ੍ਰਸ਼ਾਸਨ ਤਾਂ ਸਾਡੀ ਜੇਬ 'ਚ ਹੈ ਅਸੀਂ ਮਹੀਨਾ ਦਿੰਦੇ ਹਾਂ। ਸਾਨੂੰ ਕਿਸੇ ਦਾ ਡਰ ਨਹੀਂ। ਉਨ੍ਹਾਂ ਦੱਸਿਆ ਕਿ ਅਸੀਂ ਇਸ ਸਬੰਧੀ ਨਗਰ ਪੰਚਾਇਤ ਦੇ ਪਹਿਲੇ ਈ. ਓ. ਅਤੇ ਹੁਣ ਆਏ ਈ. ਓ. ਨੂੰ ਵੀ ਮਿਲੇ ਹਾਂ ਉਨ੍ਹਾਂ ਸਾਨੂੰ ਕਾਰਵਾਈ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਇਹ ਮਾਮਲਾ ਸਾਡੇ ਨਹੀਂ ਪ੍ਰਦੂਸ਼ਣ ਬੋਰਡ ਦੇ ਅਧਿਕਾਰ ਹੇਠ ਆਉਂਦਾ ਹੈ। 
ਇਸ ਸਬੰਧੀ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਖਨੌਰੀ ਅੰਮ੍ਰਿਤ ਲਾਲ ਨੇ ਕਿਹਾ ਕਿ ਅਸੀਂ ਇਸ ਸਬੰਧੀ ਚੈੱਕ ਕਰਾਵਾਂਗੇ ਕਿ ਇਹ ਸੋਲਿਡ ਵੇਸਟ ਜਾਂ ਕਿਸ ਤਰ੍ਹਾਂ ਦੇ ਜੁਰਮ ਤਹਿਤ ਆਉਂਦਾ ਹੈ ਫਿਰ ਅਸੀਂ ਉਸੇ ਤਹਿਤ ਕਾਰਵਾਈ ਕਰਾਂਗੇ।  ਐੱਸ.ਐੱਚ. ਓ. ਇੰਸ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਸਖ਼ਤ ਹਦਾਇਤ ਕੀਤੀ ਹੋਈ ਹੈ ਕਿ ਕਿਸੇ ਨੂੰ ਅੱਗ ਲਾਉਣ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਸੜਕ 'ਤੇ ਕੋਈ ਗੱਡੀ ਖੜ੍ਹੀ ਕਰਨ ਦਿੱਤੀ ਜਾਂਦੀ ਹੈ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।


Related News