8 ਦਿਨਾਂ ਤੋਂ ਸੰਸਕਾਰ ਦੀ ਉਡੀਕ ''ਚ ਕਿਸਾਨ ਦੀ ਲਾਸ਼

08/17/2017 8:25:56 AM

ਚਾਉਕੇ, (ਰਜਿੰਦਰ)- ਪਿਛਲੀ 9 ਤਰੀਕ ਨੂੰ ਪਿੰਡ ਜਿਊਦ ਦੇ ਕਿਸਾਨ ਟੇਕ ਸਿੰਘ ਨੇ ਕੀੜੇਮਾਰ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਸੀ। ਆਤਮ ਹੱਤਿਆ ਤੋਂ ਪਹਿਲਾ ਉਸ ਨੇ ਸੁਸਾਈਡ ਨੋਟ ਲਿਖਿਆ ਜਿਸ ਵਿਚ ਰਾਮਪੁਰੇ ਦੇ ਆੜ੍ਹਤੀਏ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ। ਮ੍ਰਿਤਕ ਕਿਸਾਨ ਟੇਕ ਸਿੰਘ ਨੇ ਆਪਣੇ ਸੁਸਾਈਡ ਨੋਟ 'ਚ ਪੰਜਾਬ ਦੀ ਕੈਪਟਨ ਸਰਕਾਰ ਅਤੇ ਭਾਰਤੀ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਸੀ ਕਿ ਮੈਂ ਰਾਮਪੁਰੇ ਦੇ ਆੜ੍ਹਤੀਏ ਦੇ ਕੋਰਟ ਕੇਸ ਦੇ ਡਰੋਂ ਖੁਦਕੁਸ਼ੀ ਕਰਨ ਜਾ ਰਿਹਾ ਹਾਂ। ਕੋਰਟ ਮੇਰੇ ਕੋਲੋਂ ਪੇਮਂੈਟ ਦੀ ਡਿਮਾਂਡ ਕਰੇਗੀ, ਜੋ ਮੇਰੇ ਕੋਲ ਨਹੀਂ ਹੈ। ਮੈਂ ਪੰਜਾਬ ਦੀ ਕੈਪਟਨ ਸਰਕਾਰ ਅਤੇ ਭਾਰਤੀ ਕਿਸਾਨ ਯੂਨੀਅਨਾਂ ਨੂੰ ਅਪੀਲ ਕਰਦਾ ਹਾਂ ਕਿ ਮੇਰੇ ਲੜਕੇ ਨੂੰ ਨੌਕਰੀ ਦੇ ਦੇਣਾ ਅਤੇ ਮੇਰਾ ਸਾਰਾ ਕਰਜ਼ਾ ਮੁਆਫ ਕਰਾ ਦੇਣਾ। ਕਿਉਂਕਿ ਵੋਟਾਂ ਤੋਂ ਪਹਿਲਾ ਪੰਜਾਬ ਦੀ ਕੈਪਟਨ ਸਰਕਾਰ ਨੇ ਸਾਡੇ ਕੋਲੋਂ ਫਾਰਮ ਭਰਵਾਏ ਸਨ ਕਿ ਤੁਹਾਡਾ ਸਾਰਾ ਕਰਜ਼ਾ ਪੰਜਾਬ ਸਰਕਾਰ ਦੇਵੇਗੀ। 
ਇਸੇ ਸੁਸਾਈਡ ਨੋਟ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਆਸ-ਪਾਸ ਦੇ ਪਿੰਡ ਵਾਸੀਆਂ ਨੇ ਪਿੰਡ ਜੇਠੂਕੇ ਲਾਗੇ ਬਠਿੰਡਾ-ਚੰਡੀਗੜ੍ਹ ਰੋਡ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸਾਮ 8 ਵਜੇ ਤੱਕ ਜਾਮ  ਜਾਰੀ ਰੱਖਿਆ। ਉਧਰ ਦੂਜੇ ਪਾਸੇ ਰਾਮਪੁਰੇ ਦੇ ਆੜ੍ਹਤੀਏ 'ਤੇ ਹੋਏ ਕੇਸ ਸਬੰਧੀ 24 ਮੈਂਬਰੀ ਸੰਘਰਸ਼ ਕਮੇਟੀ ਅਤੇ ਪੰਜਾਬ ਦੀ ਆੜ੍ਹਤ ਐਸੋਸੀਏਸ਼ਨ ਨੇ ਪੰਜਾਬ ਪੁਲਸ 'ਤੇ ਦੋਸ਼ ਲਾਏ ਹਨ ਕਿ ਆੜ੍ਹਤੀਏ ਨੇ ਕਾਨੂੰਨ ਦੁਆਰਾ ਕੋਰਟ ਰਾਹੀਂ ਆਪਣੀ ਦਿੱਤੀ ਹੋਈ ਪੇਮੈਟ ਦੀ ਡਿਮਾਂਡ ਕੀਤੀ। ਇਸ ਵਿਚ ਆੜ੍ਹਤੀਏ ਦਾ ਕੀ ਕਸੂਰ ਹੈ। 
ਦੋਵਾਂ ਧਿਰਾਂ ਦੀ ਲੜਾਈ ਜਾਰੀ ਹੈ। ਪਰ ਇਸ ਸਮੇ ਅੰਦਰ ਮ੍ਰਿਤਕ ਦੀ ਲਾਸ਼ ਨੂੰ ਪਏ ਅੱਜ 8 ਦਿਨ ਹੋ ਗਏ ਹਨ। ਇਸ ਮੌਕੇ ਮਾਸਟਰ ਸੁਖਦੇਵ ਸਿੰਘ, ਨਿੱਕਾ ਸਿੰਘ ਆਦਿ ਨੇ ਕਿਹਾ ਕਿ ਪੰਜਾਬ  ਸਰਕਾਰ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀ। ਪੂਰਾ ਪ੍ਰਸ਼ਾਸਨ ਦੇਖੋ ਅਤੇ ਉਡੀਕ ਕਰੋ ਦੇ ਰਾਹ 'ਤੇ ਚੱਲ ਰਿਹਾ ਹੈ। ਹਰ ਰੋਜ਼ ਰੋਡ ਜਾਮ ਹੋ ਜਾਣ ਨਾਲ ਲੋਕਾਂ ਨੂੰ ਆਪਣੇ ਸਫਰ ਨੂੰ ਪੂਰਾ ਕਰਨ ਲਈ ਦੂਰ-ਦਰਾਡੇ ਤੋਂ ਜਾਣ ਲਈ ਮਜਬੂਰ ਹਨ। ਐਂਮਰਜੈਂਸੀ ਵਾਲੇ ਮਰੀਜ਼ ਵੀ ਮੇਨ ਹਾਈਵੇ ਨੂੰ ਛੱਡ ਕੇ ਦੂਸਰੇ ਸ਼ਹਿਰਾਂ ਵੱਲ ਹੋ ਕੇ ਪੀ. ਜੀ. ਆਈ.ਅਤੇ ਡੀ. ਐੱਮ. ਸੀ.  ਪੁੱਜਦੇ ਹਨ। ਜੇਕਰ ਇਸ ਸਮੇਂ ਸ਼ਹਿਰ ਅੰਦਰ ਕਿਸੇ ਪਾਸੇ ਅੱਗ ਲੱਗਣ ਦੀ ਘਟਨਾ ਵਾਪਰ ਜਾਵੇ ਅਤੇ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਕਦੋਂ ਪੁੱਜੇਗੀ। ਲੋਕਾਂ ਦਾ ਸਬਰ ਟੁੱਟਣ ਦੀ ਉਡੀਕ ਕਦੋਂ ਤੱਕ ਸਰਕਾਰ ਕਰੇਗੀ ਇਹ ਦੇਖਣ ਵਾਲੀ ਗੱਲ ਹੈ।


Related News