ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ ਜਾਜਾ

12/13/2017 12:29:04 AM

ਜਾਜਾ, (ਸ਼ਰਮਾ)- ਪਹਿਲਾਂ 10 ਸਾਲ ਸੂਬੇ 'ਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਰਹੀ ਅਤੇ ਹੁਣ ਕਾਂਗਰਸ ਦੀ ਸਰਕਾਰ ਸੱਤਾ 'ਚ ਹੈ ਪਰ ਬਲਾਕ ਟਾਂਡਾ ਦਾ ਕਰੀਬ 4 ਹਜ਼ਾਰ ਤੋਂ ਵੱਧ ਆਬਾਦੀ ਵਾਲਾ ਪਿੰਡ ਜਾਜਾ ਅੱਜ ਵੀ ਕਈ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ। 
ਵੈਟਰਨਰੀ ਹਸਪਤਾਲ ਦੀ ਸਹੂਲਤ ਨਹੀਂ : ਪਿੰਡ 'ਚ ਕਾਫੀ ਲੋਕ ਖੇਤੀਬਾੜੀ ਕਰਦੇ ਹਨ ਅਤੇ ਕਈ ਲੋਕਾਂ ਨੇ ਆਪਣੇ ਘਰਾਂ 'ਚ ਪਸ਼ੂ ਰੱਖੇ ਹੋਏ ਹਨ। ਪਰ ਇਥੇ ਵੈਟਰਨਰੀ ਹਸਪਤਾਲ ਨਹੀਂ ਹੈ। ਪਸ਼ੂਆਂ ਦੇ ਬੀਮਾਰ ਹੋ ਜਾਣ 'ਤੇ ਪਸ਼ੂ ਪਾਲਕਾਂ ਨੂੰ ਕਰੀਬ 2 ਕਿਲੋਮੀਟਰ ਦੂਰ ਟਾਂਡਾ ਦੇ ਵੈਟਰਨਰੀ ਹਸਪਤਾਲ ਵਿਖੇ ਆਪਣੇ ਪਸ਼ੂਆਂ ਨੂੰ ਇਲਾਜ ਲਈ ਲਿਜਾਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ।
ਗੰਦੇ ਪਾਣੀ ਦੀ ਨਿਕਾਸੀ ਤੇ ਲਿੰਕ ਸੜਕਾਂ ਦੀ ਹਾਲਤ ਮਾੜੀ : ਪਿੰਡ 'ਚ ਲੋਕਾਂ ਨੂੰ ਘਰਾਂ ਅਤੇ ਪਿੰਡ ਦੇ ਆਲੇ-ਦੁਆਲੇ ਗੰਦੇ ਪਾਣੀ ਦੀ ਨਿਕਾਸੀ ਦੀ ਸਹੂਲਤ ਨਾ ਹੋਣ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਰਸਾਤ ਦੇ ਦਿਨਾਂ 'ਚ ਇਹ ਹਾਲਤ ਹੋਰ ਵੀ ਖ਼ਰਾਬ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪਿੰਡ ਅੰਦਰੋਂ ਲੰਘਦੀਆਂ ਲਿੰਕ ਸੜਕਾਂ ਦੀ ਹਾਲਤ ਵੀ ਬਹੁਤ ਖ਼ਰਾਬ ਹੋ ਚੁੱਕੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਘਰਾਂ ਦਾ ਕੂੜਾ-ਕਰਕਟ ਸੁੱਟਣ ਦੀ ਪ੍ਰੇਸ਼ਾਨੀ : ਪਿੰਡ ਦੀ ਪੰਚਾਇਤ ਨੇ ਵੀ ਪਿੰਡ 'ਚ ਕੋਈ ਇਹੋ ਜਿਹੀ ਥਾਂ ਉਪਲੱਬਧ ਨਹੀਂ ਕਰਵਾਈ, ਜਿੱਥੇ ਕਿ ਉਹ ਆਪਣੇ ਘਰਾਂ ਦਾ ਕੂੜਾ-ਕਰਕਟ ਸੁੱਟ ਸਕਣ। ਲੋਕ ਮੌਕਾ ਦੇਖ ਕੇ ਇਹ ਕੂੜਾ ਆਪਣੇ ਘਰਾਂ ਦੇ ਆਲੇ-ਦੁਆਲੇ, ਗਲੀਆਂ ਜਾਂ ਸੜਕਾਂ ਕੰਢੇ ਸੁੱਟ ਦਿੰਦੇ ਹਨ, ਜਿੱਥੇ ਕਈ ਵਾਰ ਮੱਛਰ-ਮੱਖੀਆਂ ਪੈਦਾ ਹੋਣ ਕਾਰਨ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ।
ਕੀ ਕਹਿੰਦੇ ਹਨ ਸਰਪੰਚ : ਪਿੰਡ ਵਾਸੀਆਂ ਦੀਆਂ ਉਕਤ ਸਮੱਸਿਆਵਾਂ ਸਬੰਧੀ ਜਦੋਂ ਪਿੰਡ ਦੇ ਸਰਪੰਚ ਜਰਨੈਲ ਸਿੰਘ ਜਾਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਵੈਟਰਨਰੀ ਹਸਪਤਾਲ ਲਈ ਪੰਚਾਇਤ ਸਰਕਾਰ ਨੂੰ ਥਾਂ ਦੇਣ ਲਈ ਤਿਆਰ ਹੈ। ਗਲੀਆਂ-ਨਾਲੀਆਂ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਉਚਿਤ ਵਿਵਸਥਾ ਕਰਨ ਲਈ ਅਜੇ ਤੱਕ ਸਰਕਾਰ ਵੱਲੋਂ ਪਿੰਡ ਦੀ ਪੰਚਾਇਤ ਨੂੰ ਕੋਈ ਗ੍ਰਾਂਟ ਨਹੀਂ ਮਿਲੀ, ਜਦੋਂ ਵੀ ਗ੍ਰਾਂਟ ਆਈ ਤਾਂ ਇਸ ਸਮੱਸਿਆ ਦਾ ਹੱਲ ਜ਼ਰੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ ਦਾ ਕੂੜਾ ਸੁੱਟਣ ਲਈ ਪੰਚਾਇਤ ਕੋਲ ਕੋਈ ਵੀ ਫਾਲਤੂ ਜਗ੍ਹਾ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਪੰਚਾਇਤ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਲਿੰਕ ਸੜਕਾਂ ਦੀ ਰਿਪੇਅਰ ਦਾ ਕੰਮ ਪੀ. ਡਬਲਯੂ. ਡੀ. ਮਹਿਕਮੇ ਵੱਲੋਂ ਕੀਤਾ ਜਾਣਾ ਹੈ, ਇਸ ਬਾਰੇ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਜਾਵੇਗੀ।


Related News