ਮਿਡਲ ਸਕੂਲਾਂ ''ਚੋਂ ਪੋਸਟਾਂ ਘਟਾਉਣ ਦੇ ਫਰਮਾਨ ਦਾ ਅਧਿਆਪਕਾਂ ਵਲੋਂ ਵਿਰੋਧ

01/17/2018 7:48:32 AM

ਲੋਹੀਆਂ ਖਾਸ, (ਮਨਜੀਤ)- ਪੰਜਾਬ ਸਰਕਾਰ ਵੱਲੋਂ ਮਿਡਲ ਸਕੂਲਾਂ 'ਚੋਂ ਅਧਿਆਪਕਾਂ ਦੀਆਂ ਪੋਸਟਾਂ ਨੂੰ ਘਟਾਉਣ ਦੇ ਫਰਮਾਨ ਦੇ ਵਿਰੋਧ ਵਿਚ ਅੱਜ ਬਲਾਕ ਦੇ ਕੁਝ ਮਿਡਲ ਸਕੂਲਾਂ ਦੇ ਅਧਿਆਪਕਾਂ ਨੇ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਆਗੂ ਮਾ. ਦਿਲਬਾਗ ਸਿੰਘ ਅਤੇ ਮਾ. ਕੁਲਵਿੰਦਰ ਸਿੰਘ ਦੋਸਨ ਦੀ ਅਗਵਾਈ ਵਿਚ ਸਥਾਨਕ ਸਰਕਾਰੀ ਗਰਲਜ਼ ਸਕੂਲ 'ਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਾ. ਦਿਲਬਾਗ ਸਿੰਘ ਨੇ ਕਿਹਾ ਕਿ ਮਿਡਲ ਸਕੂਲਾਂ 'ਚੋਂ ਸਰਕਾਰ ਪੋਸਟਾਂ ਖਤਮ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਕਰਨ ਜਾ ਰਹੀ ਹੈ, ਜਦਕਿ ਸਕੂਲਾਂ ਵਿਚ ਤਾਂ ਅਧਿਆਪਕਾਂ ਦੀ ਘਾਟ ਕਰ ਕੇ ਪਹਿਲਾਂ ਹੀ ਸਰਕਾਰੀ ਸਕੂਲਾਂ 'ਚੋਂ ਬੱਚਿਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ ਤੇ ਹੁਣ ਸਰਕਾਰ ਮਿਡਲ ਸਕੂਲਾਂ ਵਿਚੋਂ ਚਾਰ ਪੋਸਟਾਂ ਤੋਂ ਵੱਧ ਪੋਸਟਾਂ ਖਤਮ ਕਰਨ ਜਾ ਰਹੀ ਹੈ, ਜਿਸ ਦਾ ਡੈਮੋਕਰੇਟਿਕ ਟੀਚਰਜ਼ ਫਰੰਟ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ। ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਫਰੰਟ ਵੱਡੇ ਪੱਧਰ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਅਧਿਆਪਕਾਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ, ਡੀ. ਏ., ਏ. ਸੀ. ਪੀ.ਐੱਫ. ਆਦਿ ਦੇ ਬਿੱਲ ਤੁਰੰਤ ਪਾਸ ਕੀਤੇ ਜਾਣ ਅਤੇ ਸਕੂਲਾਂ ਨੂੰ ਬਿਜਲੀ ਦੇ ਬਿੱਲ ਭਰਨ ਲਈ ਗ੍ਰਾਂਟ ਜਾਰੀ ਕੀਤੀ ਜਾਵੇ ਅਤੇ ਹੋਰ ਗ੍ਰਾਂਟਾਂ ਤੁਰੰਤ ਜਾਰੀ ਕੀਤੀਆਂ ਜਾਣ। 
ਇਸ ਮੌਕੇ ਮਾ. ਨਿਰਮਲ ਸਿੰਘ, ਮਨਜੀਤ ਸਿੰਘ, ਭੁਪਿੰਦਰਪਾਲ ਸਿੰਘ, ਹਰਪਿੰਦਰ ਸਿੰਘ, ਰੁਪਿੰਦਰਜੀਤ ਸਿੰਘ, ਜਤਿੰਦਰ ਸ਼ਰਮਾ, ਨਿਰਮਲ ਸਿੰਘ ਸੰਧੂ, ਜਸਬੀਰ ਸਿੰਘ ਸੰਧੂ, ਰਾਜੇਸ਼, ਮੰਗਤ ਰਾਜ, ਮੈਡਮ ਸਤਵਿੰਦਰ ਕੌਰ, ਨਿਧੀ, ਪ੍ਰਦੀਪ ਕੌਰ, ਸੰਦੀਪ ਕੌਰ, ਮਨਿੰਦਰ ਕੌਰ, ਕੁਲਦੀਪ ਕੌਰ ਤੇ ਰੀਟਾ ਸ਼ਰਮਾ ਆਦਿ ਸਨ।    


Related News