ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਵਿਖਾਵਾ

10/19/2017 5:40:06 AM

ਹਰਿਆਣਾ, (ਰਾਜਪੂਤ)- ਸ਼ਹੀਦ ਕਿਰਨਜੀਤ ਕੌਰ ਈ. ਜੀ. ਐੱਸ./ਏ. ਆਈ. ਈ./ਐੱਸ. ਟੀ. ਆਰ. ਅਧਿਆਪਕ ਯੂਨੀਅਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਬਲਾਕ ਭੂੰਗਾ-1 ਦੇ ਵੱਖ-ਵੱਖ ਸਕੂਲਾਂ 'ਚ ਸੇਵਾ ਨਿਭਾਉਣ ਦੇ ਬਾਵਜੂਦ ਪੱਕਾ ਨਾ ਕੀਤੇ ਜਾਣ ਦੇ ਵਿਰੋਧ 'ਚ ਪਿੰਡ ਕਬੀਰਪੁਰ ਦੇ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਦੇ ਬਾਹਰ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬਲਾਕ ਪ੍ਰਧਾਨ ਭੂੰਗਾ ਅਨੂ ਠਾਕੁਰ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਨਿਗੂਣੀ ਜਿਹੀ ਤਨਖ਼ਾਹ 'ਤੇ ਸਕੂਲਾਂ ਵਿਚ ਕੰਮ ਕਰ ਰਹੇ ਹਨ ਅਤੇ ਦੀਵਾਲੀ ਵਰਗੇ ਤਿਉਹਾਰ ਵੀ ਆਰਥਿਕ ਮੰਦਹਾਲੀ ਦੇ ਦੌਰ 'ਚ ਮਨਾਉਣ ਲਈ ਮਜਬੂਰ ਹਨ। 
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਲਾਰਿਆਂ ਦੇ ਬਾਵਜੂਦ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ ਅਤੇ ਕਾਂਗਰਸ ਦੀ ਸਰਕਾਰ ਦੇ ਬਣਨ 'ਤੇ ਉਨ੍ਹਾਂ ਨੂੰ ਪੱਕੇ ਹੋਣ ਦੀ ਆਸ ਬੱਝੀ ਸੀ ਪਰ ਅਜੇ ਤੱਕ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਉਨ੍ਹਾਂ ਮੰਗ ਕੀਤੀ ਕਿ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਹੋਣ ਦਾ ਨੋਟੀਫਿਕੇਸ਼ਨ ਸਰਕਾਰ ਤੁਰੰਤ ਜਾਰੀ ਕਰੇ ਅਤੇ ਇਨ੍ਹਾਂ ਜਮਾਤਾਂ ਨੂੰ ਪੱਕੇ ਤੌਰ 'ਤੇ ਰੈਗੂਲਰ ਕਰ ਕੇ ਉਕਤ ਅਧਿਆਪਕਾਂ ਨੂੰ ਪੜ੍ਹਾਉਣ ਦਾ ਮੌਕਾ ਦਿੱਤਾ ਜਾਵੇ। ਇਸ ਮੌਕੇ ਰਣਜੀਤ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਸੁਰਿੰਦਰ ਸਿੰਘ, ਰਵੀ ਕੁਮਾਰ, ਸੁਖਦੀਪ ਸਿੰਘ ਆਦਿ ਨੇ ਵੀ ਉਕਤ ਅਧਿਆਪਕਾਂ ਪੱਕੇ ਕਰਨ ਦੀ ਸਰਕਾਰ ਤੋਂ ਮੰਗ ਕੀਤੀ।


Related News