5000 ਨਾਲ ਸ਼ੁਰੂ ਸੋਨਾਲੀਕਾ ਕਿੰਝ ਬਣੀ 10,000 ਕਰੋੜੀ ਕੰਪਨੀ

08/15/2017 1:35:31 PM

ਹੁਸ਼ਿਆਰਪੁਰ - 'ਆਕਾਸ਼ ਹਮਾਰੀ ਸੀਮਾ ਨਹੀਂ, ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ' ਵਰਗੇ ਮਹਾਨ ਵਾਕ ਨੂੰ ਆਪਣੇ ਜੀਵਨ ਦਾ ਆਦਰਸ਼ ਬਣਾਉਣ ਵਾਲੇ ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐੱਲ. ਡੀ. ਮਿੱਤਲ ਜਦੋਂ ਆਪਣੀ ਐੱਲ. ਆਈ. ਸੀ. ਸਰਵਿਸ ਦੌਰਾਨ ਬ੍ਰਾਂਚ ਮੈਨੇਜਰ ਸਨ, ਉਸ ਵੇਲੇ 1968-69 'ਚ ਉਨ੍ਹਾਂ ਦੀ ਟਰਾਂਸਫਰ ਹੁਸ਼ਿਆਰਪੁਰ 'ਚ ਹੋਈ। 1969 'ਚ ਭਾਰਤ 'ਚ ਹਰੀ ਕ੍ਰਾਂਤੀ ਦਾ ਯੁੱਗ ਆਰੰਭ ਹੋਇਆ ਤਾਂ ਕਣਕ ਦੀ ਲਹਿਲਹਾਉਂਦੀ ਫ਼ਸਲ ਨੇ ਦੇਸ਼ ਭਰ 'ਚ ਧੁੰਮ ਮਚਾ ਦਿੱਤੀ। ਕਣਕ ਦੇ ਉਸ ਵਿਸ਼ੇਸ਼ ਬੀਜ ਦਾ ਨਾਂ ਸੀ ਸੋਨਾਲੀਕਾ ਅਰਥਾਤ ਸੋਨੇ ਦੀਆਂ ਲਕੀਰਾਂ। ਇਸ ਨਾਂ ਤੋਂ ਪ੍ਰਭਾਵਿਤ ਹੋ ਕੇ ਅਤੇ ਭਾਰਤੀ ਕਿਸਾਨਾਂ ਨੂੰ ਹਰੀ ਕ੍ਰਾਂਤੀ 'ਚ ਪੂਰੀ ਤਰ੍ਹਾਂ ਮਸ਼ੀਨੀਕ੍ਰਿਤ ਕਰ ਕੇ ਜੋੜਨ ਦਾ ਸੁਪਨਾ ਲੈ ਕੇ ਐੱਲ. ਡੀ. ਮਿੱਤਲ ਨੇ ਇਕ ਗਰੁੱਪ ਦੀ ਸਥਾਪਨਾ ਕੀਤੀ, ਜਿਸ ਦਾ ਨਾਂ ਰੱਖਿਆ 'ਸੋਨਾਲੀਕਾ'।
ਸੋਨਾਲੀਕਾ ਦੇ ਯੋਗ ਤੇ ਤਜਰਬੇਕਾਰ ਚੇਅਰਮੈਨ ਐੱਲ. ਡੀ. ਮਿੱਤਲ ਦੇ ਸੁਪਨੇ ਨੂੰ ਅੱਗੇ ਵਧਾਉਣ 'ਚ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਭਰਪੂਰ ਸਹਿਯੋਗ ਦਿੱਤਾ। ਜਿਸ ਸਮਾਜ 'ਚ ਬੇਟੀਆਂ ਨੂੰ ਘੱਟ ਮਹੱਤਵ ਦਿੱਤਾ ਜਾਂਦਾ ਸੀ, ਉਸੇ ਸਮਾਜ 'ਚ ਉਨ੍ਹਾਂ ਦੀਆਂ ਬੇਟੀਆਂ ਨੇ ਆਪਣੀ ਯੋਗਤਾ ਨੂੰ ਸਾਬਿਤ ਕਰ ਦਿਖਾਇਆ। ਜਿਸ ਕੰਪਨੀ 'ਚ ਚੇਅਰਮੈਨ ਸਾਹਿਬ ਨੇ ਸਰਵਿਸ ਕੀਤੀ, ਉਸੇ ਕੰਪਨੀ ਐੱਲ. ਆਈ. ਸੀ. 'ਚ ਅੱਜ ਉਨ੍ਹਾਂ ਦੀ ਛੋਟੀ ਬੇਟੀ ਸ਼੍ਰੀਮਤੀ ਊਸ਼ਾ ਸਾਂਗਵਾਨ ਮੈਨੇਜਿੰਗ ਡਾਇਰੈਕਟਰ ਦੇ ਰੂਪ 'ਚ ਬਿਰਾਜਮਾਨ ਹੈ। ਉਨ੍ਹਾਂ ਦੀ ਵੱਡੀ ਬੇਟੀ ਸ਼੍ਰੀਮਤੀ ਪ੍ਰਵੀਨ ਮਿੱਤਲ ਪਟਿਆਲਾ ਦੇ ਮੈਡੀਕਲ ਕਾਲਜ 'ਚ ਪੇਡੀਆਟ੍ਰਿਕ ਸਪੈਸ਼ਲਿਸਟ ਹੈ। ਉਨ੍ਹਾਂ ਦੇ ਦੋਨੋਂ ਬੇਟੇ ਤੇ ਨੂੰਹਾਂ ਸਿਵਲ ਸਰਵਿਸਿਜ਼ 'ਚ ਉੱਚ ਅਹੁਦਿਆਂ 'ਤੇ ਬਿਰਾਜਮਾਨ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਐੱਲ. ਡੀ. ਮਿੱਤਲ ਦੇ ਵਿਚਕਾਰਲੇ ਬੇਟੇ ਕੁਸ਼ ਮਿੱਤਲ ਅਮਰੀਕਾ 'ਚ ਡਾਕਟਰ ਹਨ। ਉਨ੍ਹਾਂ ਦੇ ਦੋਨੋਂ ਹੋਣਹਾਰ ਬੇਟੇ ਅੰਮ੍ਰਿਤ ਸਾਗਰ ਮਿੱਤਲ ਤੇ ਦੀਪਕ ਮਿੱਤਲ ਨੇ ਆਪਣੀ ਮਿਹਨਤ ਤੇ ਲਗਨ ਨਾਲ ਅੱਜ ਸੋਨਾਲੀਕਾ ਦੀ ਜਿੱਤ ਦਾ ਝੰਡਾ ਸਾਰੇ ਸੰਸਾਰ 'ਚ ਲਹਿਰਾਅ ਦਿੱਤਾ ਹੈ। ਖੁਦ ਐੱਲ. ਡੀ. ਮਿੱਤਲ ਭਾਰਤ 'ਚ ਮੈਕੇਡੋਨੀਆ ਦੇ ਆਨਰੇਰੀ ਮਹਾ-ਵਣਜ ਦੂਤ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਤਰੱਕੀ ਦੇ ਰਾਹ 'ਤੇ ਵਧਦੇ ਕਦਮ
ਸਮੇਂ ਦੀ ਰਫ਼ਤਾਰ ਦੇ ਨਾਲ-ਨਾਲ ਸੋਨਾਲੀਕਾ ਸਮੂਹ ਵੀ ਤਰੱਕੀ ਦੇ ਨਵੇਂ ਰਿਕਾਰਡ ਸਥਾਪਤ ਕਰਦਾ ਰਿਹਾ। ਸਿਰਫ 5 ਹਜ਼ਾਰ ਰੁਪਏ ਨਾਲ ਸ਼ੁਰੂ ਹੋਇਆ ਕਾਰੋਬਾਰ ਅੱਜ 10,000 ਕਰੋੜ ਦੇ ਅੰਕੜੇ ਤੱਕ ਪਹੁੰਚ ਚੁੱਕਿਆ ਹੈ। ਜਾਪਾਨ ਦੀ ਪ੍ਰਮੁੱਖ ਆਟੋ-ਮੋਬਾਇਲ ਕੰਪਨੀ ਯਾਨਮਾਰ ਨੇ ਸੋਨਾਲੀਕਾ ਦੀ ਕੁਲ ਪੂੰਜੀ 'ਚ 10,000 ਕਰੋੜ ਦੇ ਆਧਾਰ 'ਤੇ ਇਸ ਦੇ 17 ਫੀਸਦੀ ਸ਼ੇਅਰ 1700 ਕਰੋੜ 'ਚ ਖਰੀਦੇ। ਵਿਸ਼ਵ ਦੇ 83 ਦੇਸ਼ਾਂ 'ਚ ਨਿਰਯਾਤ ਕਰਨ ਵਾਲੀ ਕੰਪਨੀ ਸੋਨਾਲੀਕਾ ਦੀ ਗਿਣਤੀ ਅੱਜ ਦੇਸ਼ ਦੀਆਂ ਤਿੰਨ ਵੱਡੀਆਂ ਟਰੈਕਟਰ ਨਿਰਮਾਤਾ ਕੰਪਨੀਆਂ 'ਚ ਹੁੰਦੀ ਹੈ। ਕੰਪਨੀ ਦੇ ਵਧੀਆ ਪ੍ਰਦਰਸ਼ਨ ਦੇ ਆਧਾਰ 'ਤੇ ਕੰਪਨੀ ਚੇਅਰਮੈਨ ਦਾ ਨਾਂ ਫੋਬਰਸ ਦੀ ਵਿਸ਼ਵ ਦੇ ਅਮੀਰਾਂ ਦੀ ਲਿਸਟ 'ਚ ²ਸ਼ਾਮਲ ਕੀਤਾ ਗਿਆ ਹੈ।
ਵਿਸ਼ਵ ਪੱਧਰੀ ਪਲਾਂਟ ਦੀ ਸਥਾਪਨਾ
ਤਰੱਕੀ ਦੇ ਨਵੇਂ ਕੀਰਤੀਮਾਨ ਸਥਾਪਤ ਕਰਦੇ ਹੋਏ ਕੰਪਨੀ ਨੇ ਹਾਲ 'ਚ ਹੀ 3 ਲੱਖ ਟਰੈਕਟਰਾਂ ਦੇ ਨਿਰਮਾਣ ਵਾਲਾ ਵਿਸ਼ਵ ਦਾ ਨੰਬਰ 1 ਪਲਾਂਟ ਹੁਸ਼ਿਆਰਪੁਰ 'ਚ ਸਥਾਪਤ ਕੀਤਾ ਹੈ, ਜਿਸ ਦਾ ਉਦਘਾਟਨ ਹਾਲ ਹੀ 'ਚ ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਕੀਤਾ ਹੈ।
ਰੋਜ਼ਗਾਰ ਦੇ ਮੌਕਿਆਂ ਦਾ ਨਿਰਮਾਣ 
ਸੋਨਾਲੀਕਾ ਸਮੂਹ ਵੱਲੋਂ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕੀਤੇ ਜਾ ਰਹੇ ਹਨ। ਸ਼ਹਿਰ ਦੇ ਲਗਭਗ 5000 ਪਰਿਵਾਰ ਸਿੱਧੇ ਜਾਂ ਅਸਿੱਧੇ ਤੌਰ 'ਤੇ ਰੋਜ਼ਗਾਰ ਦੇ ਸਬੰਧ 'ਚ ਸੋਨਾਲੀਕਾ ਸਮੂਹ ਨਾਲ ਜੁੜੇ ਹੋਏ ਹਨ। ਇਨ੍ਹਾਂ ਦੇ ਨਾਲ ਹੀ 25 ਸਮਾਲ ਸਕੇਲ ਯੂਨਿਟ ਵੀ ਸੋਨਾਲੀਕਾ ਨੂੰ ਕੱਚਾ ਮਾਲ ਸਪਲਾਈ ਕਰਦੇ ਹਨ। ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਇਥੇ ਇੰਡਸਟ੍ਰੀਅਲ ਪਾਰਕ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ, ਜਿਸ ਨਾਲ ਰੋਜ਼ਗਾਰ 'ਚ ਵਾਧਾ ਹੋਵੇਗਾ ਅਤੇ ਕਈ ਛੋਟੇ ਤੇ ਮੱਧ ਉਦਯੋਗਾਂ ਦੀ ਸਥਾਪਨਾ ਹੋਵੇਗੀ। ਇਹ ਉਦਯੋਗਿਕ ਇਕਾਈਆਂ ਮੁੱਖ ਟਰੈਕਟਰ ਪਲਾਂਟ ਨੂੰ ਸਪਲਾਈ ਚੇਨ ਦਾ ਕੰਮ ਕਰਨਗੀਆਂ।
ਸੋਨਾਲੀਕਾ ਸਮੂਹ ਵੱਲੋਂ ਸਟੇਟ ਤੇ ਇੰਡਸਟ੍ਰੀਅਲ ਪੱਧਰ 'ਤੇ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਚਾਲੂ ਮਾਲੀ ਸਾਲ 'ਚ ਕੰਪਨੀ ਜੀ. ਐੱਸ. ਟੀ. ਦੇ 600 ਕਰੋੜ ਰੁਪਏ ਜਮ੍ਹਾ ਕਰਵਾਏਗੀ, ਜਦਕਿ ਇਨਕਮ ਟੈਕਸ ਦੇ ਤੌਰ 'ਤੇ 300 ਕਰੋੜ ਰੁਪਏ ਜਮ੍ਹਾ ਕਰਵਾ ਰਹੀ ਹੈ।
ਸਮਾਜਿਕ ਜ਼ਿੰਮੇਵਾਰੀਆਂ 'ਚ ਹੈ ਮੋਢੀ
ਸੋਨਾਲੀਕਾ ਕੰਪਨੀ ਆਪਣੀ ਕਾਰਪੋਰੇਟ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਭਲੀਭਾਂਤ ਨਿਭਾ ਰਹੀ ਹੈ। ਦਿੱਲੀ 'ਚ ਮਹਿਲਾ ਸਸ਼ਕਤੀਕਰਨ ਤੇ ਕਲਿਆਣ ਲਈ ਉਡਾਨ ਸੰਸਥਾ, ਸੀਨੀਅਰ ਲੋਕਾਂ ਦੇ ਜੀਵਨ ਆਨੰਦ ਲਈ ਜੀਵਨ ਉਤਸਵ, ਜਲ ਬਚਾਉਣ ਤੇ ਸਵੱਛਤਾ ਲਈ ਸਵੱਛ ਧਾਰਾ, ਨੌਜਵਾਨਾਂ ਤੇ ਬਾਲ ਕਲਿਆਣ ਲਈ ਕਿਲਕਾਰੀ ਤੇ ਪੰਜਾਬ 'ਚ ਵਾਤਾਵਰਣ ਰੱਖਿਆ ਲਈ ਕਲੀਨ ਐਂਡ ਗਰੀਨ, ਨੌਜਵਾਨਾਂ ਲਈ ਨਸ਼ਾ-ਮੁਕਤੀ ਕੇਂਦਰ, ਬੇਸਹਾਰਾ ਤੇ ਜ਼ਰੂਰਤਮੰਦ ਬੱਚਿਆਂ ਲਈ ਆਨੰਦ ਆਸ਼ਰਮ ਅਤੇ ਬਜ਼ੁਰਗਾਂ ਲਈ ਸੰਜੀਵਨੀ ਸ਼ਰਨਮ ਸਫਲਤਾਪੂਰਵਕ ਚਲਾਏ ਜਾ ਰਹੇ ਹਨ। ਚੱਬੇਵਾਲ 'ਚ ਸ਼ੂਟਿੰਗ ਰੇਂਜ ਸਥਾਪਤ ਕੀਤੀ ਗਈ ਹੈ, ਜਿੱਥੇ ਹੋਣਹਾਰ ਬੱਚਿਆਂ ਨੂੰ ਸਰਕਾਰੀ ਨੌਕਰੀ, ਫੌਜ ਤੇ ਪੁਲਸ 'ਚ ਸਪੋਰਟਸ ਕੋਟੇ ਵਿਚ ਪਹਿਲ ਮਿਲੇਗੀ। ਹੋਣਹਾਰ ਬੱਚਿਆਂ ਨੂੰ ਪੜ੍ਹਾਈ ਲਈ ਵਜ਼ੀਫੇ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪਿੰਡ ਛਾਉਣੀ ਕਲਾਂ ਨੂੰ ਆਦਰਸ਼ ਪਿੰਡ ਬਣਾਉਣ ਲਈ ਕੰਪਨੀ ਵੱਲੋਂ ਅਡਾਪਟ ਕੀਤਾ ਗਿਆ ਹੈ।
ਸੋਨਾਲੀਕਾ ਗਰੁੱਪ ਵੱਲੋਂ ਨੌਜਵਾਨਾਂ ਲਈ ਜਲਦੀ ਹੀ ਸਕਿੱਲ ਡਿਵੈੱਲਪਮੈਂਟ ਸੈਂਟਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ 'ਚ ਸਹਾਇਤਾ ਮਿਲ ਸਕੇਗੀ।


Related News