ਪੇਂਡੂ ਮਜ਼ਦੂਰ ਯੂਨੀਅਨ ਨੇ ਕੀਤਾ ਡੀ.ਸੀ. ਦਫਤਰ ਦਾ ਘਿਰਾਓ

10/18/2017 7:25:53 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਪੇਂਡੂ ਮਜ਼ਦੂਰ ਯੂਨੀਅਨ ਨੇ ਅੱਜ ਲੋੜਵੰਦ ਮਜ਼ਦੂਰਾਂ ਨੂੰ ਪਲਾਟ ਦੇਣ ਦੀ ਸਰਕਾਰੀ ਸਕੀਮ ਲਈ ਬਿਨੈ ਪੱਤਰ ਜਮ੍ਹਾ ਕਰਵਾਉਣ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਨੂੰ ਲੈ ਕੇ ਡੀ.ਸੀ. ਦਫਤਰ ਦਾ ਘਿਰਾਓ ਕੀਤਾ।  ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਕਮਲਜੀਤ ਸਨਾਵਾ, ਹਰੀ ਸਿੰਘ ਰਸੂਲਪੁਰੀ, ਗੁਰਦਿਆਲ ਰਕੜ, ਅਸ਼ੋਕ ਜਨਾਗਲ ਤੇ ਜਸਵੀਰ ਸਿੰਘ ਦੀਪ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪਿਛਲੇ ਲੰਮੇ ਸਮੇਂ ਤੋਂ ਹੋਰ ਸਹਿਯੋਗੀ ਜਥੇਬੰਦੀਆਂ ਦੇ ਨਾਲ ਮਿਲ ਕੇ ਬੇਘਰ ਲੋਕਾਂ ਨੂੰ ਪਲਾਟ ਦੇਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਹੈ। 
ਇਸ ਸਬੰਧੀ ਸਾਲ 2001 'ਚ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪਰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਨੂੰ ਲਾਗੂ ਨਹੀਂ ਹੋਣ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ 29 ਅਗਸਤ, 2017 ਨੂੰ ਸਰਕਾਰ ਨੇ ਇਸ਼ਤਿਹਾਰ ਜਾਰੀ ਕਰ ਕੇ ਜ਼ਰੂਰਤਮੰਦ ਮਜ਼ਦੂਰਾਂ ਤੋਂ ਬਲਾਕ ਪੱਧਰ 'ਤੇ ਪੰਚਾਇਤ ਅਧਿਕਾਰੀਆਂ ਦੇ ਦਫ਼ਤਰਾਂ ਵਿਖੇ 30 ਸਤੰਬਰ ਤੱਕ ਬਿਨੈ-ਪੱਤਰ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਸਨ ਪਰ ਮਹੀਨਾ ਭਰ ਸਰਕਾਰੀ ਅਧਿਕਾਰੀਆਂ ਵੱਲੋਂ ਕੋਈ ਜਾਣਕਾਰੀ ਜ਼ਰੂਰਤਮੰਦ ਨੂੰ ਨਹੀਂ ਦਿੱਤੀ ਗਈ ਜਿਸ ਕਾਰਨ ਵੱਡੀ ਗਿਣਤੀ ਵਿਚ ਬੇਘਰ ਮਜ਼ਦੂਰ ਆਪਣੇ ਬਿਨੈ-ਪੱਤਰ ਜਮ੍ਹਾ ਕਰਵਾਉਣ ਤੋਂ ਵਾਂਝੇ ਰਹਿ ਗਏ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਭੇਜੇ ਮੰਗ ਪੱਤਰ 'ਚ ਮੰਗ ਕੀਤੀ ਕਿ ਬਿਨੈ-ਪੱਤਰ ਜਮ੍ਹਾ ਕਰਵਾਉਣ ਦੀ ਤਰੀਖ ਵਧਾਈ ਜਾਵੇ, 8-8 ਮਰਲੇ ਦੇ ਪਲਾਟ ਦੇਣਾ ਯਕੀਨੀ ਬਣਾਇਆ ਜਾਵੇ, ਪੱਤਰ ਨੂੰ ਗੁਪਤ ਰੱਖਣ ਤੇ ਇਸ ਦੀ ਸੂਚਨਾ ਲੋਕਾਂ ਤੱਕ ਨਾ ਦੇਣ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ, ਪਲਾਟਾਂ ਸਬੰਧੀ ਅਧਿਕਾਰ ਅਫਸਰਸ਼ਾਹੀ ਤੋਂ ਵਾਪਸ ਲੈ ਕੇ ਗ੍ਰਾਮ ਸਭਾਵਾਂ ਨੂੰ ਦਿੱਤਾ ਜਾਵੇ, ਗ੍ਰਾਮ ਸਭਾਵਾਂ 'ਚ ਪਾਸ ਕੀਤੇ ਪ੍ਰਸਤਾਵਾਂ ਦੇ ਆਧਾਰ 'ਤੇ ਪਲਾਟਾਂ ਦੀ ਅਲਾਟਮੈਂਟ ਕੀਤੀ ਜਾਵੇ ਤੇ ਅਲਾਟ ਹੋਏ ਪਲਾਟਾਂ ਦੇ ਕਬਜ਼ੇ ਕਿਰਤੀਆਂ ਨੂੰ ਦੇਣ ਦੀ ਮੰਗ ਕੀਤੀ। 
ਇਸ ਮੌਕੇ ਜਸਵਿੰਦਰ ਵਿੱਕੀ  ਬਲਾਚੌਰ, ਪ੍ਰੇਮ ਸਿੰਘ ਸਹਾਬਪੁਰ, ਸਤਨਾਮ ਲਾਧੀ, ਪਾਖਰ ਸਿੰਘ, ਜਸਵਿੰਦਰ ਸਿਆਣ, ਨਿਰਮਲ ਜੰਡੀ, ਪਰਮਜੀਤ ਆਦਿ ਹਾਜ਼ਰ ਸਨ। 


Related News