ਰੇਲਵੇ ਵਿਭਾਗ ਨੇ ਲੋਕਾਂ ਨੂੰ ਦਿੱਤਾ ਝਟਕਾ, ਤਿਉਹਾਰੀ ਸੀਜ਼ਨ ''ਚ ਪਲੇਟਫਾਰਮ ਟਿਕਟ ਦੇ ਰੇਟ ਕੀਤੇ ਦੁੱਗਣੇ

10/18/2017 7:05:27 PM

ਜਲੰਧਰ(ਗੁਲਸ਼ਨ)— ਤਿਉਹਾਰੀ ਸੀਜ਼ਨ ਵਿਚ ਜਿੱਥੇ ਇਕ ਪਾਸੇ ਹਰ ਸ਼ਾਪਿੰਗ 'ਤੇ ਬੰਪਰ ਛੋਟ ਮਿਲ ਰਹੀ ਹੈ, ਉਥੇ ਰੇਲਵੇ ਵਿਭਾਗ ਨੇ ਆਪਣੇ ਗਾਹਕਾਂ ਨੂੰ ਪਲੇਟਫਾਰਮ ਟਿਕਟ ਦੇ ਰੇਟ ਵਧਾ ਕੇ ਵੱਡਾ ਝਟਕਾ ਦਿੱਤਾ ਹੈ। ਫਿਰੋਜ਼ਪੁਰ ਰੇਲ ਮੰਡਲ ਦੇ ਅਧਿਕਾਰੀਆਂ ਵੱਲੋਂ ਦੀਵਾਲੀ ਅਤੇ ਛਠ ਉਤਸਵ ਨੂੰ ਲੈ ਕੇ ਸਟੇਸ਼ਨਾਂ 'ਤੇ ਵਧਣ ਵਾਲੀ ਭੀੜ 'ਤੇ ਰੋਕ ਲਗਾਉਣ ਦੇ ਉਦੇਸ਼ ਨਾਲ ਪਲੇਟਫਾਰਮ ਟਿਕਟ ਦੇ ਰੇਟ ਦੁੱਗਣੇ ਕਰ ਦਿੱਤੇ ਗਏ ਹਨ। ਭਾਵ 10 ਰੁਪਏ 'ਚ ਮਿਲਣ ਵਾਲੀ ਪਲੇਟਫਾਰਮ ਟਿਕਟ 20 ਰੁਪਏ ਵਿਚ ਮਿਲੇਗੀ।
ਫਿਰੋਜ਼ਪੁਰ ਮੰਡਲ ਦੇ ਡੀ. ਆਰ. ਐੱਮ. ਆਫਿਸ ਤੋਂ ਜਾਰੀ ਹੋਏ ਸਰਕੂਲਰ ਬਾਰੇ ਜਾਣਕਾਰੀ ਦਿੰਦਿਆਂ ਡਵੀਜ਼ਨਲ ਕਮਿਸ਼ਨਰ ਮੈਨੇਜਰ ਰਜਨੀਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਪਲੇਟਫਾਰਮ ਟਿਕਟ ਦਾ ਰੇਟ 31 ਅਕਤੂਬਰ ਤੱਕ ਵਧਾਇਆ ਗਿਆ ਹੈ। ਇਸ ਦਾ ਮੁੱਖ ਕਾਰਨ ਸਟੇਸ਼ਨਾਂ 'ਤੇ ਭੀੜ ਨੂੰ ਘੱਟ ਕਰਨਾ ਹੈ। ਨਵੇਂ ਰੇਟ ਲਾਗੂ ਕਰਨ ਲਈ ਜਲੰਧਰ, ਫਿਰੋਜ਼ਪੁਰ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਜੰਮੂ-ਤਵੀ ਜਿਹੇ ਵੱਡੇ ਸਟੇਸ਼ਨਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫੈਸਟੀਵਲ ਸੀਜ਼ਨ ਵਿਚ ਟ੍ਰੇਨਾਂ ਤੇ ਰੇਲਵੇ ਸਟੇਸ਼ਨ 'ਤੇ ਕਾਫੀ ਭੀੜ ਹੁੰਦੀ ਹੈ, ਇਸ ਲਈ ਰੇਲਵੇ ਵਿਭਾਗ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਪਲੇਟਫਾਰਮ ਟਿਕਟ ਛੱਡੋ, ਛੋਟੇ ਸਟੇਸ਼ਨ ਦੀ ਟਿਕਟ ਲਓ ਤੇ 10 ਰੁਪਏ ਬਚਾਓ
ਦੂਜੇ ਪਾਸੇ ਲੋਕਾਂ ਨੇ ਰੇਲਵੇ ਦੇ ਇਸ ਫਰਮਾਨ ਦਾ ਹੱਲ ਲੱਭ ਲਿਆ ਹੈ। ਲੋਕ ਹੁਣ ਪਲੇਟਫਾਰਮ ਟਿਕਟ ਲੈਣ ਦੀ ਬਜਾਏ ਕੈਂਟ, ਨਕੋਦਰ, ਕਰਤਾਰਪੁਰ ਜਿਹੇ ਛੋਟੇ ਸਟੇਸ਼ਨਾਂ ਦੀਆਂ ਟਿਕਟਾਂ ਲੈ ਰਹੇ ਹਨ, ਜੋ ਕਿ 10 ਰੁਪਏ 'ਚ ਮਿਲਦੀਆਂ ਹਨ। ਰੇਲਵੇ ਨਿਯਮ ਮੁਤਾਬਕ ਸਟੇਸ਼ਨ ਵਿਚ ਦਾਖਲ ਹੋਣ ਤੋਂ ਪਹਿਲਾਂ ਮੁਸਾਫਰ ਕੋਲ ਟਿਕਟ ਹੋਣੀ ਜ਼ਰੂਰੀ ਹੈ, ਭਾਵੇਂ ਉਹ ਪਲੇਟਫਾਰਮ ਟਿਕਟ ਹੋਵੇ ਜਾਂ ਟ੍ਰੇਨ ਦੀ। ਇਸ ਲਈ ਹੁਣ ਲੋਕ 20 ਰੁਪਏ ਦੀ ਪਲੇਟਫਾਰਮ ਟਿਕਟ ਲੈਣ ਦੀ ਬਜਾਏ ਛੋਟੇ ਸਟੇਸ਼ਨਾਂ ਦੀਆਂ ਟਿਕਟਾਂ ਲੈਣ ਨੂੰ ਪਹਿਲ ਦੇ ਰਹੇ ਹਨ, ਜਦਕਿ ਪ੍ਰਵਾਸੀ ਲੋਕ ਜਾਣਕਾਰੀ ਦੀ ਕਮੀ ਕਾਰਨ ਦੁੱਗਣੇ ਪੈਸੇ ਖਰਚ ਕੇ ਪਲੇਟਫਾਰਮ ਟਿਕਟ ਖਰੀਦ ਰਹੇ ਹਨ।


Related News