ਬਾਦਲ ਦੇ ਦਰਸ਼ਨਾਂ ਲਈ ਨਹੀਂ ਬਹੁੜੇ ਅਕਾਲੀ!

12/12/2017 5:02:42 AM

ਲੁਧਿਆਣਾ(ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦਾ ਰਾਜਭਾਗ ਦਾ ਲੁਧਿਆਣਾ ਮਹਾਨਗਰ ਨਾਲ ਬਹੁਤਾ ਲਗਾਓ ਹੁੰਦਾ ਸੀ ਅਤੇ ਉਹ ਲੁਧਿਆਣਾ ਸ਼ਹਿਰ ਨੂੰ ਮਹੱਤਤਾ ਦਿੰਦੇ ਰਹਿੰਦੇ ਸਨ ਪਰ ਬੀਤੇ ਕੱਲ ਪ੍ਰਕਾਸ਼ ਸਿੰਘ ਬਾਦਲ ਕੋਈ 4 ਵਜੇ ਆਪਣੇ ਪੁਰਾਣੇ ਸਾਥੀ ਗੁਰਮੇਲ ਸਿੰਘ ਭਾਊ ਦੇ ਘਰ ਆਏ, ਜਿੱਥੇ ਉਨ੍ਹਾਂ ਦੇ ਆਉਣ ਦੀ ਖ਼ਬਰ ਖੁਫੀਆ ਵਿਭਾਗ ਤੇ ਮੀਡੀਆ ਨੂੰ ਲੱਗ ਗਈ ਅਤੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਵੀ ਕੀਤੀ ਪਰ ਕੋਈ 45 ਮਿੰਟ ਭਾਊ ਪਰਿਵਾਰ ਨਾਲ ਗੱਲਾਂ ਤਾਜ਼ੀਆਂ ਕਰ ਕੇ ਅਗਲੇ ਪੜਾਅ ਲਈ ਰਵਾਨਾ ਹੋ ਗਏ। ਉਨ੍ਹਾਂ ਦੇ ਦਰਸ਼ਨਾਂ ਅਤੇ ਸਵਾਗਤ ਲਈ ਕੋਈ ਵੀ ਆਗੂ ਜਾਂ ਵਰਕਰ ਨਹੀਂ ਪੁੱਜਾ। ਸ. ਬਾਦਲ ਇਕੱਲੇ ਹੀ ਆਪਣੇ ਦੋਸਤ ਨਾਲ ਬੈਠੇ ਰਹੇ। ਜਦੋਂ ਇਸ ਸਬੰਧੀ ਸ. ਭਾਊ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ. ਬਾਦਲ ਇਕੱਲੇ ਹੀ ਆਏ, ਪਰਿਵਾਰ ਨੂੰ ਮਿਲੇ ਅਤੇ ਚਾਹ ਦਾ ਪਿਆਲਾ ਪੀ ਕੇ ਪੌਣੇ ਘੰਟੇ ਬਾਅਦ ਚਲੇ ਗਏ। ਦੱਸਣਾ ਉਚਿਤ ਹੋਵੇਗਾ ਕਿ ਅਜੇ ਦੋ ਦਿਨ ਪਹਿਲਾਂ ਹੀ ਲੁਧਿਆਣੇ ਦੇ ਅਕਾਲੀਆਂ ਨੇ ਆਪਣੇ ਨੇਤਾ ਸ. ਬਾਦਲ ਦਾ ਧਰਨੇ ਦੌਰਾਨ 90ਵਾਂ ਜਨਮ ਦਿਨ ਮਨਾਇਆ ਸੀ ਪਰ ਲੁਧਿਆਣੇ ਆਉਣ ਦੀ ਉਨ੍ਹਾਂ ਨੂੰ ਭਿਣਕ ਤੱਕ ਨਹੀਂ ਲੱਗੀ।


Related News