ਗੋਲੂ ਦੀ ਮੌਤ ''ਤੇ ਹੰਗਾਮਾ, ਲੋਕਾਂ ਨੇ ਲਾਸ਼ ਸੜਕ ''ਤੇ ਰੱਖ ਕੇ ਲਗਾਇਆ ਜਾਮ

06/27/2017 6:43:54 AM

ਚੰਡੀਗੜ੍ਹ, (ਸੁਸ਼ੀਲ)-  ਮਨੀਮਾਜਰਾ ਸਥਿਤ ਬੱਸ ਸਟੈਂਡ ਕੋਲ ਖੰਭੇ ਤੋਂ ਕਰੰਟ ਲੱਗਣ ਨਾਲ 17 ਸਾਲਾ ਗੋਲੂ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਤੇ ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਸੋਮਵਾਰ ਹੰਗਾਮਾ ਮਚਿਆ ਰਿਹਾ। ਸਵੇਰੇ ਮਨੀਮਾਜਰਾ ਹਸਪਤਾਲ ਦੇ ਸਾਹਮਣੇ ਸੜਕ ਵਿਚਕਾਰ ਉਸ ਦੇ ਪਰਿਵਾਰ ਨੇ ਗੋਲੂ ਦੀ ਲਾਸ਼ ਰੱਖ ਕੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਜਾਮ ਖੁੱਲ੍ਹਵਾਉਣ ਲਈ ਪੁਲਸ, ਮੇਅਰ ਤੇ ਕੌਂਸਲਰਾਂ ਨੇ ਜ਼ੋਰ ਲਗਾ ਲਿਆ ਪਰ ਲੋਕਾਂ ਨੇ ਉਨ੍ਹਾਂ ਦੀ ਇਕ ਨਾ ਸੁਣੀ। ਉਥੇ ਹੀ ਗੋਲੂ ਦੀ ਮੌਤ 'ਤੇ ਭਾਜਪਾ ਤੇ ਕਾਂਗਰਸੀ ਵਰਕਰਾਂ ਨੇ ਰਾਜਨੀਤਿਕ ਰੋਟੀਆਂ ਸੇਕੀਆਂ। ਆਖਿਰ ਐੱਸ. ਐੱਸ. ਪੀ. ਈਸ਼ ਸਿੰਘਲ ਅਤੇ ਐੱਸ. ਡੀ. ਐੱਮ. ਮੌਕੇ 'ਤੇ ਪਹੁੰਚੇ ਤੇ ਸਥਿਤੀ ਨੂੰ ਸੰਭਾਲਿਆ। ਮ੍ਰਿਤਕ ਗੋਲੂ ਦੇ ਪਿਤਾ ਜੈ ਸਿੰਘ ਨੇ ਗੋਲੂ ਦੀ ਮੌਤ ਦੇ ਜ਼ਿੰਮੇਵਾਰ ਮੇਅਰ ਆਸ਼ਾ ਜਾਇਸਵਾਲ, ਨਗਰ ਨਿਗਮ ਕਮਿਸ਼ਨਰ ਕਵਿਤਾ ਸਿੰਘ ਤੇ ਚੀਫ ਇੰਜੀਨੀਅਰ ਐੱਮ. ਪੀ. ਸਿੰਘ ਨੂੰ ਠਹਿਰਾਇਆ। ਜੈ ਸਿੰਘ ਨੇ ਤਿੰਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਸ਼ਿਕਾਇਤ ਮਨੀਮਾਜਰਾ ਥਾਣੇ ਵਿਚ ਕੀਤੀ, ਉਥੇ ਹੀ ਮੇਅਰ ਤੇ ਐੱਸ. ਡੀ. ਐੱਮ. ਨੇ ਮ੍ਰਿਤਕ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤੇ ਜਾਣ ਦਾ ਭਰੋਸਾ ਦਿਵਾਇਆ। ਕਰੀਬ ਡੇਢ ਘੰਟੇ ਬਾਅਦ ਲਾਸ਼ ਨੂੰ ਸੜਕ ਤੋਂ ਚੁੱਕ ਕੇ ਮਨੀਮਾਜਰਾ ਸਥਿਤ ਸ਼ਮਸ਼ਾਨਘਾਟ ਵਿਚ ਸੰਸਕਾਰ ਕਰਵਾਇਆ, ਉਥੇ ਹੀ ਮਨੀਮਾਜਰਾ ਥਾਣਾ ਪੁਲਸ ਨੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੇ ਖਿਲਾਫ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। 
ਮੇਅਰ, ਨਿਗਮ ਕਮਿਸ਼ਨਰ ਤੇ ਚੀਫ ਇੰਜੀਨੀਅਰ ਖਿਲਾਫ ਦਿੱਤੀ ਸ਼ਿਕਾਇਤ
ਦੁਪਹਿਰ 1 ਵਜੇ ਤਕ ਜਦ ਜਾਮ ਨਹੀਂ ਖੁੱਲ੍ਹਿਆ ਤਾਂ ਐੱਸ. ਐੱਸ. ਪੀ. ਡਾ. ਈਸ਼ ਸਿੰਘਲ ਮੌਕੇ 'ਤੇ ਪਹੁੰਚੇ। ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਪਰ ਮ੍ਰਿਤਕ ਦੇ ਪਿਤਾ ਜੈ ਸਿੰਘ ਨੇ ਨਿਗਮ ਦੇ ਅਫਸਰਾਂ ਖਿਲਾਫ ਲਾਪ੍ਰਵਾਹੀ ਦਾ ਦੋਸ਼ ਲਗਾਇਆ। ਇਸ ਮਗਰੋਂ ਐੱਸ. ਡੀ. ਐੱਮ. ਸ਼ਿਲਪੀ ਮੌਕੇ 'ਤੇ ਪਹੁੰਚੀ ਤੇ ਮ੍ਰਿਤਕ ਦੇ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ ਇਕ ਲੱਖ ਰੁਪਏ ਮੁਆਵਜ਼ੇ ਦਾ ਭਰੋਸਾ ਦਿਵਾਇਆ, ਜਿਸ ਮਗਰੋਂ ਲੋਕਾਂ ਨੇ ਜਾਮ ਖੋਲ੍ਹਿਆ ਤੇ ਗੋਲੂ ਦੀ ਲਾਸ਼ ਦਾ ਅੰਤਿਮ ਸੰਸਕਾਰ ਕੀਤਾ। 


Related News