ਬੱਸ ਅੱਡੇ ਅਤੇ ਸਟੇਸ਼ਨ ''ਤੇ ਨਹੀਂ ਠੰਡ ਤੋਂ ਬਚਣ ਦਾ ਕੋਈ ਪ੍ਰਬੰਧ

12/13/2017 12:27:49 AM

ਸੰਗਰੂਰ, (ਬਾਵਾ)— ਉੱਤਰੀ ਭਾਰਤ ਵਿਚ 2 ਦਿਨ ਮੀਂਹ ਪੈਣ ਤੋਂ ਬਾਅਦ ਠੰਡ 'ਚ ਵਾਧਾ ਹੋ ਗਿਆ ਹੈ। ਤਾਪਮਾਨ 'ਚ ਰੋਜ਼ਾਨਾ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅਤੇ ਠੰਡ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਘਰਾਂ, ਦੁਕਾਨਾਂ ਅਤੇ ਦਫਤਰਾਂ ਵਿਚ ਤਾਂ ਲੋਕ ਠੰਡ ਤੋਂ ਬਚਣ ਲਈ ਕੋਈ ਨਾ ਕੋਈ ਉਪਾਅ ਲੱਭ ਲੈਂਦੇ ਹਨ ਪਰ ਰੋਜ਼ਾਨਾ ਸਫਰ ਕਰਨ ਵਾਲਿਆਂ ਲਈ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ 'ਤੇ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕੋਈ ਅਜਿਹਾ ਇੰਤਜ਼ਾਮ ਨਹੀਂ ਕੀਤਾ ਗਿਆ, ਜਿਸ ਨਾਲ ਉਹ ਕੜਾਕੇ ਦੀ ਠੰਡ ਤੋਂ ਬਚ ਸਕਣ। ਇਹ ਠੀਕ ਹੈ ਕਿ ਪ੍ਰਸ਼ਾਸਨ ਤੇ ਨਿਗਮ ਦੇ ਉੱਚ ਅਫਸਰ ਨੇ ਮੁਸਾਫਰਾਂ ਨੂੰ ਠੰਡ ਤੋਂ ਬਚਾਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਅਸਥਾਈ ਰੈਣ ਬਸੇਰੇ ਬਣਾਏ ਜਾ ਰਹੇ ਹਨ ਪਰ ਆਉਣ ਵਾਲੇ ਦਿਨਾਂ ਵਿਚ ਠੰਡ ਹੋਰ ਵਧ ਜਾਵੇਗੀ। ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ 'ਤੇ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਲੋਕ ਸੀਤ ਲਹਿਰਾਂ ਨੂੰ ਆਪਣੇ ਪਿੰਡੇ 'ਤੇ ਹੀ ਹੰਢਾਉਣਗੇ ਕਿਉਂਕਿ ਸੰਗਰੂਰ ਵਿਚ ਦੋਵਾਂ ਥਾਵਾਂ 'ਤੇ ਯਾਤਰੀਆਂ ਨੂੰ ਠੰਡ ਤੋਂ ਬਚਾਉਣ ਦੇ ਕੋਈ ਉਪਰਾਲੇ ਨਜ਼ਰ ਨਹੀਂ ਆ ਰਹੇ। 
1901 'ਚ ਬਣਿਆ ਵਿਸ਼ਰਾਮ ਘਰ ਅੱਜ ਵੀ ਉਸੇ ਹਾਲਾਤ ਵਿਚ  : ਰਿਆਸਤੀ ਸ਼ਹਿਰ ਸੰਗਰੂਰ ਵਿਚ 10 ਅਪ੍ਰੈਲ 1901 ਨੂੰ ਹੋਂਦ ਵਿਚ ਆਏ ਰੇਲਵੇ ਸਟੇਸ਼ਨ 'ਤੇ ਅੱਜ ਵੀ ਮੁਸਾਫਰਾਂ ਲਈ ਉਸ ਸਮੇਂ ਬਣਾਇਆ ਗਿਆ ਯਾਤਰੀ ਵਿਸ਼ਰਾਮ ਘਰ ਮੌਜੂਦ ਹੈ। ਇਹ ਵਿਸ਼ਰਾਮ ਘਰ ਭਾਵੇਂ ਗਰਮੀਆਂ ਵਿਚ ਰੇਲਗੱਡੀ ਦੀ ਇੰਤਜ਼ਾਰ ਕਰਨ ਵਾਲੇ ਮੁਸਾਫਰਾਂ ਲਈ ਸਹਾਈ ਸਿੱਧ ਹੋ ਸਕਦਾ ਹੈ ਕਿਉਂਕਿ ਇਹ ਚਾਰੇ ਪਾਸਿਓਂ ਖੁੱਲ੍ਹਾ ਅਤੇ ਹਵਾਦਾਰ ਹੈ ਪਰ ਸਰਦੀਆਂ ਵਿਚ ਇਥੇ ਬੈਠਣਾ ਰੇਲਵੇ ਪਲੇਟਫਾਰਮ ਦੇ ਸ਼ੈੱਡਾਂ ਹੇਠ ਬੈਠਣ ਦੇ ਬਰਾਬਰ ਹੀ ਜਾਪਦਾ ਹੈ। ਕਰੀਬ ਚਾਰ ਸਾਲ ਪਹਿਲਾਂ ਉੱਤਰੀ ਰੇਲਵੇ ਨੇ ਸੰਗਰੂਰ ਦੇ ਰੇਲਵੇ ਸਟੇਸ਼ਨ ਨੂੰ ਆਦਰਸ਼ ਸਟੇਸ਼ਨ ਬਣਾਉਣ ਦੇ ਉਪਰਾਲੇ ਕੀਤੇ ਸਨ ਪਰ ਉਹ ਉਪਰਾਲੇ ਵੀ ਗਰਮੀਆਂ ਦੀ ਧੁੱਪ ਤੋਂ ਮੁਸਾਫਰਾਂ ਨੂੰ ਬਚਾਉਣ ਲਈ ਤਾਂ ਠੀਕ ਸਨ ਪਰ ਸਰਦੀਆਂ ਵਿਚ ਉਨ੍ਹਾਂ ਦਾ ਕੋਈ ਫਾਇਦਾ ਹੁੰਦਾ ਵਿਖਾਈ ਨਹੀਂ ਦੇ ਰਿਹਾ। ਆਦਰਸ਼ ਰੇਲਵੇ ਦਾ ਦਰਜਾ ਪ੍ਰਾਪਤ ਰੇਲਵੇ ਸਟੇਸ਼ਨ 'ਤੇ ਸਿਰਫ ਬਰਸਾਤ ਤੋਂ ਬਚਣ ਲਈ ਇਕ ਛੋਟਾ ਯਾਤਰੀ ਵਿਸ਼ਰਾਮ ਘਰ ਹੈ ਪਰ ਗੱਡੀ ਦੀ ਇੰਤਜ਼ਾਰ ਵਿਚ ਬੈਠੇ ਲੋਕਾਂ ਨੂੰ ਠੰਡੀਆਂ ਹਵਾਵਾਂ ਤੋਂ ਬਚਾਉਣ ਲਈ ਕੋਈ ਸਹਾਰਾ ਨਹੀਂ ਹੈ। 
ਅਦਰਸ਼ ਰੇਲਵੇ ਸਟੇਸ਼ਨ ਦਾ ਠੰਡ ਨਾਲ ਕੋਈ ਸਬੰਧ ਨਹੀਂ : ਸਟੇਸ਼ਨ ਸੁਪਰਡੈਂਟ
ਰੇਲਵੇ ਵਿਭਾਗ ਸੰਗਰੂਰ ਦੇ ਸਟੇਸ਼ਨ ਸੁਪਰਡੈਂਟ ਕਮਲਜੀਤ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਲੋਕਾਂ ਲਈ ਉੱਤਰੀ ਰੇਲਵੇ ਨੇ ਸੰਗਰੂਰ ਵਿਚ 2 ਵੀ. ਆਈ. ਪੀ. ਗੈਸਟ ਰੂਮ ਅਤੇ ਰਿਜ਼ਵਰੇਸ਼ਨ ਵਾਲੇ ਮੁਸਾਫਰਾਂ 'ਚੋਂ ਔਰਤਾਂ ਲਈ 1 ਅਤੇ ਮਰਦਾਂ ਲਈ 1 ਗੈਸਟ ਰੂਮ ਬਣਾਇਆ ਹੋਇਆ ਹੈ, ਜੋ ਬੁਕਿੰਗ ਉਪਰੰਤ ਮੁਸਾਫਰਾਂ ਲਈ ਖੋਲ੍ਹ ਦਿੱਤਾ ਜਾਂਦਾ ਹੈ। ਆਮ ਮੁਸਾਫਰਾਂ ਲਈ ਜਾਂ ਰੇਲਵੇ ਵਲੋਂ ਠੰਡ ਤੋਂ ਬਚਣ ਲਈ ਗੱਡੀ ਦਾ ਇਤਜ਼ਾਰ ਕਰਦੇ ਲੋਕਾਂ ਲਈ ਕੋਈ ਵੱਖਰੀ ਸੁਵਿਧਾ ਨਹੀਂ ਦਿੱਤੀ ਜਾਂਦੀ ਪਰ ਉਨ੍ਹਾਂ ਇਹ ਮੰਨਿਆ ਕਿ ਗਰਮੀਆਂ ਅਤੇ ਸਰਦੀਆਂ ਵਿਚ ਲੋਕ ਆਪਣੀ ਯਾਤਰਾ ਲਈ ਗੱਡੀ ਦੀ ਉਡੀਕ ਵਿਚ ਸਟੇਸ਼ਨ 'ਤੇ ਕਈ-ਕਈ ਘੰਟੇ ਬੈਠ ਕੇ ਗੁਜ਼ਾਰਦੇ ਹਨ ਪਰ ਜੋ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਣੀਆਂ ਹਨ, ਉਨ੍ਹਾਂ ਸਹੂਲਤਾਂ ਤੋਂ ਅਜੇ ਇਹ ਸਟੇਸ਼ਨ ਵਾਂਝਾ ਹੈ। ਰੇਲਵੇ ਸਟੇਸ਼ਨ 'ਤੇ ਕਈ ਲੱਖ ਰੁਪਏ ਦੀ ਲਾਗਤ ਨਾਲ ਬਣੇ ਟਾਇਲਟ, ਇਸ ਲਈ ਤਾਲੇ ਵਿਚ ਬੰਦ ਹਨ ਕਿ ਉਨ੍ਹਾਂ ਦਾ ਕਿਸੇ ਨੇ ਠੇਕਾ ਨਹੀਂ ਲਿਆ  ਜਿਸ ਨਾਲ ਯਾਤਰੀਆਂ ਨੂੰ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ ਅਤੇ ਖੁੱਲ੍ਹੇ ਵਿਚ ਜੰਗਲ-ਪਾਣੀ ਜਾਣਾ ਪੈਂਦਾ ਹੈ। 
ਇੰਤਜ਼ਾਮ ਭਾਵੇਂ ਨਹੀਂ ਪਰ ਠੰਡ ਦ੍ਰਿੜ ਇਰਾਦਾ ਨਹੀਂ ਤੋੜ ਸਕਦੀ : ਮੁਸਾਫਰ
ਹਜ਼ੂਰ ਸਾਹਿਬ ਦੀ ਯਾਤਰਾ ਲਈ ਸੰਗਰੂਰ ਰੇਲਵੇ ਸਟੇਸ਼ਨ 'ਤੇ ਆਪਣੀ ਗੱਡੀ ਦਾ ਇੰਤਜ਼ਾਰ ਕਰ ਰਹੇ ਇਕ ਪੇਂਡੂ ਪਰਿਵਾਰ ਨੇ ਕਿਹਾ ਕਿ ਜਿਥੇ ਉਹ ਜਾ ਰਹੇ ਹਨ, ਉਥੇ ਅਜੇ ਵੀ ਗਰਮੀ ਬਹੁਤ ਹੈ ਪਰ ਪੰਜਾਬ ਵਿਚ ਦੋ ਦਿਨਾਂ ਦੇ ਮੀਂਹ ਨੇ ਬਹੁਤ ਠੰਡ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ 'ਤੇ ਠੰਡ ਤੋਂ ਬਚਣ ਲਈ ਕੋਈ ਓਟ ਨਹੀਂ ਹੈ, ਜਿਥੇ ਬੈਠ ਕੇ ਮੁਸਾਫਰ ਆਪਣਾ ਸਮਾਂ ਗੁਜ਼ਾਰ ਸਕਣ। ਅਜੇ ਉਨ੍ਹਾਂ ਦੀ ਗੱਡੀ ਆਉਣ ਵਿਚ ਕਰੀਬ 3 ਘੰਟੇ ਦਾ ਸਮਾਂ ਬਾਕੀ ਹੈ। ਰੇਲਵੇ ਜਾਂ ਕੋਈ ਹੋਰ ਠੰਡ ਤੋਂ ਬਚਾਉਣ ਲਈ ਕੋਈ ਸਾਧਨ ਜੁਟਾਉਣ ਜਾਂ ਉਪਰਾਲਾ ਕਰਨ ਜਾਂ ਨਾ ਕਰਨ ਪਰ ਉਨ੍ਹਾਂ ਦਾ ਇਰਾਦਾ ਦ੍ਰਿੜ ਹੈ ਅਤੇ ਦਰਸ਼ਨ ਕਰ ਕੇ ਹੀ ਮੁੜਨਗੇ। 


Related News