ਬਹੁਚਰਚਿਤ ਮਰਡਰ ਕੇਸ ''ਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ

08/18/2017 6:00:36 PM


ਰੂਪਨਗਰ(ਕੈਲਾਸ਼) - ਕਰੀਬ ਚਾਰ ਸਾਲ ਪੁਰਾਣੇ ਬਹੁਚਰਚਿਤ ਮਰਡਰ ਕੇਸ 'ਚ ਅੱਜ ਰੂਪਨਗਰ ਸੈਸ਼ਨ ਅਦਾਲਤ ਨੇ ਆਪਣੇ ਇਕ ਅਹਿਮ ਫੈਸਲੇ 'ਚ ਮਰਡਰ 'ਚ ਸੰਲਿਪਤ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ। 
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਪਰਵੇਸ਼ ਕੁਮਾਰ ਨੇ ਦੱਸਿਆ ਕਿ 19-9-2013 ਨੂੰ ਉਸਦਾ ਲੜਕਾ 22 ਸਾਲਾ ਅਨਮੋਲ ਸ਼ਾਮ ਨੂੰ ਘਰ ਤੋਂ ਪਾਵਰ ਕਲੌਨੀ 'ਚ ਅਯੋਜਿਤ ਕੀਤੇ ਜਾ ਰਹੇ ਇਕ ਜਗਰਾਤੇ 'ਚ ਜਾਣ ਲਈ ਕਹਿ ਕੇ ਗਿਆ ਸੀ ਪਰ ਅਗਲੇ ਦਿਨ ਸਵੇਰੇ ਹੀ ਕੁਝ ਲੋਕਾਂ ਦੇ ਫੋਨ ਉਨਾਂ ਨੂੰ ਆਉਣੇ ਸ਼ੁਰੂ ਹੋ ਗਏ ਪਰ ਕੋਈ ਅਵਾਜ਼ ਨਹੀ ਆ ਰਹੀ ਸੀ। ਇਸ ਸਬੰਧੀ ਉਨਾਂ ਨੇ ਇੱਕ ਸ਼ਿਕਾਇਤ ਥਾਣਾ ਸਿਟੀ ਰੂਪਨਗਰ 'ਚ ਦਿੱਤੀ ਕਿਉਂਕਿ ਉਨਾਂ ਨੂੰ ਸ਼ੱਕ ਹੋ ਗਿਆ ਸੀ ਕਿ ਉਨਾਂ ਦੇ ਲੜਕੇ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਨੇ ਅਗਵਾਹ ਕਰ ਲਿਆ ਹੈ। ਇਸ ਦੌਰਾਨ ਉਨਾਂ ਉਕਤ ਅਯੋਜਿਤ ਜਗਰਾਤੇ ਦੇ ਬਾਰੇ 'ਚ ਵੀ ਜਦੋ ਪਤਾ ਕੀਤਾ ਤਾਂ ਪਾਵਰ ਕਲੌਨੀ 'ਚ ਜਗਰਾਤੇ ਦਾ ਕੋਈ ਪ੍ਰਬੰਧ ਨਹੀਂ ਸੀ। ਪਰਵੇਸ ਕੁਮਾਰ ਨੇ ਦੱਸਿਆ ਕਿ 23 ਸਤੰਬਰ 2013 ਨੂੰ ਉਨਾਂ ਨੂੰ ਇਕ ਵਿਅਕਤੀ ਨੇ ਸੂਚਨਾ ਦਿੱਤੀ ਕਿ ਉਨਾਂ ਦੇ ਲੜਕੇ ਅਨਮੋਲ ਨੂੰ ਉਸਨੇ ਤਿੰਨ ਦੋਸਤਾਂ ਨਾਲ ਸਰਹੰਦ ਨਹਿਰ ਦੇ ਕਿਨਾਰੇ ਸ੍ਰੀ ਚਮਕੌਰ ਸਾਹਿਬ ਪੁਲ ਦੇ ਨੇੜੇ ਦੇਖਿਆ ਸੀ ਅਤੇ ਸਬੰਧਤ ਵਿਅਕਤੀ ਨੇ ਉਸਨੂੰ ਰੂਪਨਗਰ ਜਾਣ ਲਈ ਕਿਹਾ ਪਰ ਅਨਮੋਲ ਨੇ ਮਨਾਂ ਕਰ ਦਿੱਤਾ ਅਤੇ ਕਿਹਾ ਕਿ ਉਹ ਅੱਜ ਆਪਣੇ ਦੋਸਤ ਵਿਸ਼ਾਲ ਦੇ ਘਰ ਰਹੇਗਾ। ਪਰਵੇਸ ਕੁਮਾਰ ਦੇ ਅਨੁਸਾਰ ਉਨਾਂ ਤੋਂ ਉਕਤ ਵਿਸ਼ਾਲ ਦੁਆਰਾ ਅਗਵਾਹ ਨੂੰ ਲੈ ਕੇ ਫਿਰੌਤੀ ਦੀ ਮੰਗ ਵੀ ਕੀਤੀ ਗਈ। ਜਿਸਦੀ ਸੂਚਨਾ  ਉਨਾਂ ਨੇ ਥਾਣਾ ਸਿਟੀ 'ਚ ਦਿੱਤੀ। ਪਰਵੇਸ ਕੁਮਾਰ ਨੇ ਕਿਹਾ ਕਿ ਉਕਤ ਮਾਮਲੇ 'ਚ ਉਸਨੂੰ ਪੂਰਾ ਯਕੀਨ ਹੋ ਚੁੱਕਿਆ ਸੀ ਕਿ ਉਸਦੇ ਦੋਸਤ ਉਸਦੇ ਲੜਕੇ ਅਨਮੋਲ ਨੂੰ ਮਾਰ ਦੇਣ ਦੀ ਨੀਅਤ ਨਾਲ ਅਗਵਾਹ ਕਰਕੇ ਲੈ ਗਏ ਹਨ ਅਤੇ ਫਿਰੌਤੀ ਨਾ ਦੇਣ ਤੇ ਉਸਦਾ ਕਤਲ ਕਰ ਦਿੱਤਾ ਗਿਆ ਹੈ। ਅਤੇ ਉਨਾਂ ਸਿਟੀ ਪੁਲਸ ਤੋ ਕਾਰਵਾਈ ਦੀ ਮੰਗ ਵੀ ਕੀਤੀ ਸੀ। ਜਿਸਤੇ ਥਾਣਾ ਸਿਟੀ ਰੂਪਨਗਰ ਦੁਆਰਾ ਉਕਤ ਮਾਮਲੇ 'ਚ ਹੱਤਿਆ ਦਾ ਮਾਮਲਾ ਦਰਜ ਕਰਦੇ ਹੋਏ ਵਿਸ਼ਾਲ ਗੁਪਤਾ ਪੁੱਤਰ ਪ੍ਰੇਮ ਚੰਦ, ਗੁਰਸੇਵਕ ਸਿੰਘ ਉਰਫ ਸੰਨੀ ਉਰਫ ਰੈਚੋ ਪੁੱਤਰ ਪਰਮਿੰਦਰ ਸਿੰਘ, ਸੰਦੀਪ ਸ਼ਰਮਾ ਉਰਫ ਨੀਲੂ ਪੁੱਤਰ ਸ਼ਕਤੀ ਚੰਦ ਸ਼ਰਮਾ ਤਿੰਨੋ ਨਿਵਾਸੀ ਸ੍ਰੀ ਚਮਕੌਰ ਸਾਹਿਬ ਦੇ ਵਿਰੁੱਧ ਮਾਮਲਾ ਦਰਜ ਕਰਨ 'ਤੇ ਉਕਤ ਤਿੰਨਾਂ ਨੂੰ ਅਨਮੋਲ ਦੀ ਹੱਤਿਆ ਕਰਨ ਦਾ ਅਰੋਪੀ ਪਾਇਆ ਗਿਆ। ਅਨਮੋਲ ਦੀ ਲਾਸ਼ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਪਿੰਡ ਭੈਰੋਵਾਲ ਕਲਾ ਗਰਿੱਡ ਥਾਣਾ ਸੰਧੂਆਂ 'ਚੋਂ ਬਰਾਮਦ ਕੀਤੀ। ਉਕਤ ਮਾਮਲਾ ਜ਼ਿਲਾ ਅਤੇ ਸੈਸ਼ਨ ਜੱਜ ਬੀ. ਐਸ. ਸੰਧੂ ਦੀ ਅਦਾਲਤ 'ਚ ਚੱਲ ਰਿਹਾ ਸੀ। ਮਾਮਲੇ ਦੀ ਸੁਣਵਾਈ ਦੇ ਬਾਅਦ ਅੱਜ ਉਕਤ ਤਿੰਨੋ ਅਰੋਪੀਆਂ ਨੂੰ ਉਮਰ ਕੈਦ ਅਤੇ 20-20 ਹਜ਼ਾਰ ਰੁਪਏ ਦੀ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਜੁਰਮਾਨਾ ਅਦਾ ਨਾ ਕਰਨ 'ਤੇ ਉਨਾਂ ਨੂੰ 6-6 ਮਹੀਨੇ ਦੀ ਹੋਰ ਕੈਦ ਭੁਗਤਣੀ ਪਵੇਗੀ।


Related News