ਮੋਟੀਵੇਟਰ ਤੇ ਮਾਸਟਰ ਮੋਟੀਵੇਟਰ ਯੂਨੀਅਨ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ

12/13/2017 6:58:02 AM

ਨਵਾਂਸ਼ਹਿਰ, (ਮਨੋਰੰਜਨ)- ਮੋਟੀਵੇਟਰ ਤੇ ਮਾਸਟਰ ਮੋਟੀਵੇਟਰ ਯੂਨੀਅਨ ਜ਼ਿਲਾ ਇਕਾਈ ਵੱਲੋਂ ਮੰਗਲਵਾਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਚੌਕ 'ਚ ਪੰਜਾਬ ਸਰਕਾਰ ਦੀ ਅਰਥੀ ਫੂਕਦੇ ਹੋਏ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਦੇ ਬਾਅਦ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਦੇ ਨਾਮ ਇਕ ਮੰਗ ਪੱਤਰ ਵੀ ਜ਼ਿਲਾ ਪ੍ਰਸ਼ਾਸਨ ਨੂੰ ਸੌਂਪਿਆ ਗਿਆ। 
ਇਸ ਸਮੇਂ ਮੋਟੀਵੇਟਰ ਯੂਨੀਅਨ ਦੇ ਕਨਵੀਨਰ ਨਰਿੰਦਰਪਾਲ ਨੇ ਕਿਹਾ ਕਿ ਪੰਜਾਬ ਭਰ 'ਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਧੀਨ ਕੰਮ ਕਰਦੇ ਮੋਟੀਵੇਟਰ ਤੇ ਮਾਸਟਰ ਮੋਟੀਵੇਟਰ ਯੂਨੀਅਨ ਦੇ ਮੈਂਬਰ ਘੱਟ ਮਾਣਭੱਤੇ 'ਤੇ ਕੰਮ ਕਰਦੇ ਆ ਰਹੇ ਹਨ। ਕਈ ਜ਼ਿਲਿਆਂ 'ਚ ਇਹ ਮਾਣਭੱਤਾ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਦਫਤਰਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਨੀਅਨ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਤੇ ਮਹੀਨਾਵਾਰ ਤਨਖਾਹ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਇਕ ਪਾਸੇ ਤਾਂ ਕੈਪਟਨ ਸਰਕਾਰ 25 ਲੱਖ ਬੇਰੋਜ਼ਗਾਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰ ਚੁੱਕੀ ਹੈ। ਦੂਸਰੇ ਪਾਸੇ ਪੂਰੇ ਪੰਜਾਬ ਅੰਦਰ ਲੱਗਭਗ 2000 ਦੇ ਕਰੀਬ ਕੰਮ ਕਰ ਰਹੇ ਮੋਟੀਵੇਟਰਾਂ ਤੇ ਮਾਸਟਰ ਮੋਟੀਵੇਟਰਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੋਟੀਵੇਟਰਾਂ ਤੇ ਮਾਸਟਰ ਮੋਟੀਵੇਟਰਾਂ ਨੂੰ ਵਿਭਾਗ 'ਚ ਸ਼ਾਮਲ ਕਰ ਕੇ ਮਹੀਨਾਵਾਰ ਤਨਖਾਹ ਦਿੱਤੀ ਜਾਵੇ ਤੇ ਉਨ੍ਹਾਂ ਨੂੰ ਨਿਯਕਤੀ ਪੱਤਰ ਦਿੱਤਾ ਜਾਵੇ। 
ਇਸ ਦੇ ਸਬੰਧ 'ਚ ਮੋਟੀਵੇਟਰ ਤੇ ਮਾਸਟਰ ਮੋਟੀਵੇਟਰ ਯੂਨੀਅਨ ਦੀ ਖੰਨਾ 'ਚ ਪੰਜਾਬ ਪੱਧਰੀ ਕਨਵੈਨਸ਼ਨ 'ਚ ਲਏ ਗਏ ਫੈਸਲੇ ਅਨੁਸਾਰ 10 ਦਸੰਬਰ ਤੋਂ 15 ਦਸੰਬਰ ਤੱਕ ਪੰਜਾਬ ਭਰ ਦੇ ਸਮੂਹ ਬਲਾਕਾਂ ਤੇ ਜ਼ਿਲਾ ਪੱਧਰ 'ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ, ਜੇਕਰ ਇਸ ਦੇ ਬਾਵਜੂਦ ਵੀ ਸਰਕਾਰ ਨੇ ਕੋਈ ਠੋਸ ਹੱਲ ਨਹੀਂ ਕੱਢਿਆ ਤਾਂ ਮੋਟੀਵੇਟਰ ਤੇ ਮਾਸਟਰ ਮੋਟੀਵੇਟਰ ਯੂਨੀਅਨ ਪੰਜਾਬ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ 18 ਦਸੰਬਰ ਨੂੰ ਐੱਚ. ਓ. ਡੀ. ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੋਹਾਲੀ ਦੇ ਦਫਤਰ ਅੱਗੇ ਵਿਸ਼ਾਲ ਪੰਜਾਬ ਪੱਧਰੀ ਧਰਨਾ ਦਿੱਤਾ ਜਾਵੇਗਾ।  ਇਸ ਮੌਕੇ ਸੁਖਜੀਤ ਕੌਰ, ਦਿਲਬਾਗ ਰਾਮ, ਮਨਪ੍ਰੀਤ ਸਿੰਘ, ਵਰਿੰਦਰ ਸਿੰਘ, ਨਵਦੀਪ ਸਿੰਘ, ਬਲਵਿੰਦਰ ਸਿੰਘ, ਦਲਜੀਤ ਸਿੰਘ, ਸੋਢੀ, ਸੰਦੀਪ ਕੁਮਾਰ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਵਿਜੇ ਕੁਮਾਰ, ਲਖਵਿੰਦਰ ਸਿੰਘ, ਸਤਨਾਮ ਤੇ ਰਵੀ ਕੁਮਾਰ ਆਦਿ ਮੌਜੂਦ ਸਨ। 
ਨੂਰਪੁਰਬੇਦੀ, (ਸ਼ਰਮਾ/ ਅਵਿਨਾਸ਼/ ਤਰਨਜੀਤ)-ਪੰਜਾਬ ਸਰਕਾਰ ਦੇ ਜਨ ਸਿਹਤ ਵਿਭਾਗ ਅਧੀਨ ਕੰਮ ਕਰਦੇ ਮੋਟੀਵੇਟਰਾਂ ਤੇ ਮਾਸਟਰ ਮੋਟੀਵੇਟਰਾਂ ਵੱਲੋਂ ਮੰਗਾਂ ਨੂੰ ਲੈ ਕੇ ਸਰਕਾਰ ਦੀ ਅਰਥੀ ਫੂਕੀ ਗਈ। ਉਨ੍ਹਾਂ ਸਰਕਾਰ ਤੋਂ ਪੱਕੇ ਕਰਨ ਦੀ ਮੰਗ ਕੀਤੀ। ਯੂਨੀਅਨ ਦੇ ਪ੍ਰਧਾਨ ਮਨਜੀਤ ਸ਼ਰਮਾ ਤੇ ਉਪ ਪ੍ਰਧਾਨ ਅਜੇ ਕੁਮਾਰ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਘਰ 'ਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਤੇ ਉਹ ਜਨ ਸਿਹਤ ਵਿਭਾਗ 'ਚ ਬੀਤੇ ਕਾਫੀ ਅਰਸੇ ਤੋਂ ਬਹੁਤ ਘੱਟ ਤਨਖਾਹ 'ਤੇ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਵਿਭਾਗ 'ਚ ਸ਼ਾਮਲ ਕਰ ਕੇ ਮਹੀਨਾਵਾਰ ਪੱਕੀ ਤਨਖਾਹ ਦਿੱਤੀ ਜਾਵੇ।
ਇਸ ਮੌਕੇ ਉਨ੍ਹਾਂ ਰੋਸ ਵਜੋਂ ਸਰਕਾਰ ਦੀ ਅਰਥੀ ਵੀ ਫੂਕੀ। ਇਸ ਮੌਕੇ ਕੈਸ਼ੀਅਰ ਇੰਦੂ ਰਾਣੀ, ਸਕੱਤਰ ਇਕਬਾਲ ਸਿੰਘ, ਪ੍ਰੈੱਸ ਸਕੱਤਰ ਜਗਤਾਰ ਸਿੰਘ, ਬਲਾਕ ਪ੍ਰਧਾਨ ਜਸਪਾਲ ਸਿੰਘ, ਮੀਤ ਪ੍ਰਧਾਨ ਰਮਨਦੀਪ ਕੌਰ, ਜਸਪਾਲ ਸਿੰਘ, ਜੀਵਨ ਸਿੰਘ, ਬਖਸ਼ੋ ਦੇਵੀ ਤੇ ਮਨਦੀਪ ਕੌਰ ਆਦਿ ਹਾਜ਼ਰ ਸਨ।


Related News