ਦੁਬਈ ਗਏ ਪੰਜਾਬੀ ਮਜ਼ਦੂਰ ਦੀ ਐਕਸੀਡੈਂਟ ਦੌਰਾਨ ਮੌਤ , ਪਤਨੀ ਨੇ ਪਤੀ ਦੀ ਲਾਸ਼ ਲਈ ਪ੍ਰਸ਼ਾਸਨ ਅੱਗੇ ਲਾਈ ਗੁਹਾਰ

12/11/2017 7:25:37 AM

ਕੋਟ ਈਸੇ ਖਾਂ (ਗਰੋਵਰ, ਸੰਜੀਵ) - ਕਸਬਾ ਕੋਟ ਈਸੇ ਖਾਂ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਸੁਖਵਿੰਦਰ ਸਿੰਘ (33) ਪੁੱਤਰ ਪ੍ਰੀਤਮ ਸਿੰਘ ਵਾਸੀ ਨਾਨਕ ਨਗਰੀ ਜ਼ੀਰਾ ਰੋਡ, ਕੋਟ ਈਸੇ ਖਾਂ ਦੀ ਦੁਬਈ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਦੀ ਪਤਨੀ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਮੇਰਾ ਪਤੀ ਕਰੀਬ ਤਿੰਨ-ਚਾਰ ਸਾਲ ਪਹਿਲਾਂ ਦੁਬਈ ਮਜ਼ਦੂਰੀ ਕਰਨ ਗਿਆ ਸੀ। ਉਸ ਨੇ ਦੱਸਿਆ ਕਿ ਕਰੀਬ ਮਹੀਨਾ ਪਹਿਲਾਂ ਹੀ ਮੇਰਾ ਪਤੀ ਭਾਰਤ ਤੋਂ ਛੁੱਟੀ ਕੱਟ ਕੇ ਦੁਬਈ ਗਿਆ ਸੀ। ਉਸ ਦੀ ਦੁਬਈ 'ਚ ਆਪਣੇ ਕੰਮ 'ਤੇ ਜਾਣ ਲੱਗੇ ਰਸਤੇ 'ਚ ਟਰਾਲੇ ਨਾਲ ਐਕਸੀਡੈਂਟ ਦੌਰਾਨ ਮੌਤ ਹੋ ਗਈ। ਉਸ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਕਿ ਉਹ ਉਸ ਦੇ ਪਤੀ ਦੀ ਲਾਸ਼ ਭਾਰਤ ਲਿਆਉਣ 'ਚ ਮਦਦ ਕਰੇ। ਉਸ ਨੇ ਕਿਹਾ ਕਿ ਮੇਰਾ ਪਤੀ ਸਾਰਾ ਕੁਝ ਵੇਚ ਵੱਟ ਕੇ ਦੁਬਈ ਗਿਆ ਸੀ ਤੇ ਉਹ ਖੁਦ 3 ਸਾਲਾਂ ਦੇ ਬੱਚੇ ਨਾਲ ਕਿਰਾਏ ਦੇ ਮਕਾਨ 'ਚ ਰਹਿ ਰਹੀ ਹੈ।


Related News