ਗੁਰੂ ਨਗਰੀ ਦੇ ਸਵਾਗਤੀ ਗੇਟ ਨੇੜੇ ਖੁੱਲ੍ਹੇ ਸ਼ਰਾਬ ਦੇ ਠੇਕੇ ਦਾ ਵਿਰੋਧ

12/10/2017 12:22:43 PM

ਅੰਮ੍ਰਿਤਸਰ (ਜ. ਬ.) - ਗੁਰੂ ਨਗਰੀ ਸ੍ਰੀ ਅੰਮ੍ਰਿਤਸਰ-ਜਲੰਧਰ ਹਾਈਵੇ 'ਤੇ ਸਥਿਤ ਜਿਥੇ ਸਵਾਗਤੀ ਗੇਟ ਬਣਿਆ ਹੋਇਆ ਹੈ, ਉਸ ਦੇ ਬਿਲਕੁਲ ਨਜ਼ਦੀਕ ਇਕ ਸ਼ਰਾਬ ਦੇ ਖੁੱਲ੍ਹੇ ਠੇਕੇ ਨੂੰ ਬੰਦ ਕਰਵਾਉਣ ਲਈ ਅੱਜ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਛੇਤੀ ਹੀ ਇਸ ਠੇਕੇ ਨੂੰ ਬੰਦ ਕਰਵਾਇਆ ਜਾਵੇ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਸ ਨਾਲ ਠੇਸ ਪੁੱਜ ਰਹੀ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਸਵਾਗਤੀ ਗੇਟ ਤੋਂ ਪਹਿਲਾਂ ਸ਼ਰਾਬ ਦਾ ਠੇਕਾ ਨਜ਼ਰ ਆਉਂਦਾ ਹੈ।
ਸਿੱਖ ਧਾਰਮਿਕ ਜਥੇਬੰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ, ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ, ਦਮਦਮੀ ਟਕਸਾਲ ਗੱਤਕਾ ਅਖਾੜਾ ਤੇ ਸਿੱਖ ਯੂਥ ਪ੍ਰਚਾਰਕ ਜਥੇ ਸਮੇਤ ਸਿੱਖ ਸੰਗਤਾਂ ਅਤੇ ਫਤਿਹ ਵਰਲਡ ਸਕੂਲ ਵੱਲੋਂ ਅੱਜ ਸਵਾਗਤੀ ਗੇਟ ਨੇੜੇ ਖੁੱਲ੍ਹੇ ਠੇਕੇ ਨੂੰ ਬੰਦ ਕਰਵਾਉਣ ਲਈ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸੁਖਜੀਤ ਸਿੰਘ ਖੋਸੇ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਪਰਮਜੀਤ ਸਿੰਘ ਅਕਾਲੀ ਅਤੇ ਭਾਈ ਦਿਲਬਾਗ ਸਿੰਘ ਨੇ ਇਕ ਸਾਂਝੇ ਬਿਆਨ 'ਚ ਕਿਹਾ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਵਸਾਇਆ ਸੀ ਤੇ ਇਸੇ ਸ਼ਹਿਰ 'ਚ ਸਿੱਖਾਂ ਦਾ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਮੌਜੂਦ ਹੈ। ਪਿਛਲੇ ਸਮੇਂ ਪੰਜਾਬ ਸਰਕਾਰ ਨੇ ਅੰਮ੍ਰਿਤਸਰ-ਜਲੰਧਰ ਹਾਈਵੇ ਸੜਕ 'ਤੇ ਸ੍ਰੀ ਅੰਮ੍ਰਿਤਸਰ 'ਚ ਇਕ ਸਵਾਗਤੀ ਗੇਟ ਬਣਾਇਆ ਸੀ, ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਵਿਰਾਸਤ ਜੁੜੀ ਹੋਈ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਸ ਸਵਾਗਤੀ ਗੇਟ 'ਚੋਂ ਦਾਖਲ ਹੋਣ ਤੋਂ ਪਹਿਲਾਂ ਹੀ ਇਕ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ ਹੈ, ਜਿਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ।
ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਨੈਸ਼ਨਲ ਹਾਈਵੇ 'ਤੇ ਜੋ ਵੀ ਸ਼ਰਾਬ ਦੇ ਠੇਕੇ ਹਨ, ਉਨ੍ਹਾਂ ਨੂੰ ਮੁੱਖ ਸੜਕਾਂ ਤੋਂ ਹਟਾ ਕੇ 500 ਮੀਟਰ ਦੂਰ ਕਿਸੇ ਹੋਰ ਪਾਸੇ ਲਿਜਾਇਆ ਜਾਵੇ ਪਰ ਸਰਕਾਰ ਵੱਲੋਂ ਪਾਸ ਕੀਤੇ ਗਏ ਇਸ ਕਾਨੂੰਨ ਦੀਆਂ ਵੀ ਉਕਤ ਸ਼ਰਾਬ ਦੇ ਠੇਕੇਦਾਰ ਵੱਲੋਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਠੇਕੇ ਦੇ ਬਿਲਕੁਲ ਨੇੜੇ 100 ਮੀਟਰ 'ਤੇ ਇਕ ਫਤਿਹ ਵਰਲਡ ਨਾਂ ਦਾ ਸਕੂਲ ਵੀ ਖੁੱਲ੍ਹਾ ਹੋਇਆ ਹੈ, ਜਿਸ ਦੇ ਵਿਦਿਆਰਥੀ ਜਦੋਂ ਛੁੱਟੀ ਵੇਲੇ ਇਸ ਠੇਕੇ ਨੇੜਿਓਂ ਲੰਘਦੇ ਹਨ ਤਾਂ ਉਨ੍ਹਾਂ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਜਥੇਬੰਦੀਆਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਸ ਠੇਕੇ ਨੂੰ ਉਥੋਂ ਤੁਰੰਤ ਹਟਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਨੇ ਆਪਣੇ ਤੌਰ 'ਤੇ ਠੇਕੇ ਦੇ ਮਾਲਕ ਜਤਿੰਦਰ ਸਿੰਘ ਰਿੰਕੂ ਤੇ ਜਗਰੂਪ ਸਿੰਘ ਠੇਕੇਦਾਰ ਨਾਲ 17 ਨਵੰਬਰ 2017 ਨੂੰ ਇਸ ਠੇਕੇ ਨੂੰ ਹਟਾਏ ਜਾਣ ਦੀ ਮੰਗ ਕੀਤੀ ਸੀ, ਜਿਸ 'ਤੇ ਠੇਕੇਦਾਰ ਨੇ ਠੇਕਾ ਇਥੋਂ ਬਦਲਣ ਦੀ ਸਾਡੇ ਨਾਲ ਸਹਿਮਤੀ ਪ੍ਰਗਟਾਈ ਸੀ ਤੇ ਇਕ ਹਫ਼ਤੇ ਦਾ ਸਮਾਂ ਮੰਗਿਆ ਸੀ ਪਰ ਹੁਣ 9 ਦਸੰਬਰ ਤੱਕ ਵੀ ਇਹ ਠੇਕਾ ਜਿਉਂ ਦਾ ਤਿਉਂ ਉਥੇ ਮੌਜੂਦ ਹੈ। ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਦਿੱਤੇ ਗਏ ਮੰਗ ਪੱਤਰਾਂ 'ਚ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਠੇਕੇ ਨੂੰ ਇਕ ਹਫ਼ਤੇ ਤੱਕ ਇਥੋਂ ਹਟਾਏ ਜਾਣ ਦੇ ਆਰਡਰ ਕੀਤੇ ਜਾਣ, ਨਹੀਂ ਤਾਂ ਸਮੁੱਚੀਆਂ ਸਿੱਖ ਜਥੇਬੰਦੀਆਂ ਤੇ ਸੰਗਤਾਂ ਇਸ ਸਬੰਧੀ ਅਗਲਾ ਪ੍ਰੋਗਰਾਮ ਉਲੀਕਣ ਲਈ ਮਜਬੂਰ ਹੋਣਗੀਆਂ। ਇਸ ਮੌਕੇ ਭਾਈ ਸਿਮਰਨਜੀਤ ਸਿੰਘ ਸੰਘਾ, ਹਰਪਤ ਸਿੰਘ ਟੋਨੀ, ਬਲਜਿੰਦਰ ਸਿੰਘ, ਸੂਰਜ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ, ਸੁਰਿੰਦਰ ਸਿੰਘ, ਜਗਪਾਲ ਸਿੰਘ ਆਦਿ ਵੀ ਹਾਜ਼ਰ ਸਨ।
 


Related News