''71 ਦੀ ਜੰਗ ਦੇ ਸ਼ਹੀਦ ਦਾ ਪਰਿਵਾਰ ਰੋਜ਼ੀ-ਰੋਟੀ ਲਈ ਚਾਰਦੈ ਬੱਕਰੀਆਂ

08/18/2017 1:16:16 AM

ਸ਼ਹਿਣਾ/ਭਦੌੜ,   (ਸਿੰਗਲਾ)—  ਸਰਕਾਰਾਂ ਵੱਲੋਂ ਅਣਗੌਲੇ ਪਿੰਡ ਬੀਹਲਾ ਦੇ 1971 ਭਾਰਤ-ਪਾਕਿਸਤਾਨ ਜੰਗ ਦੇ ਸ਼ਹੀਦ ਹਰਨੇਕ ਸਿੰਘ ਦਾ ਪਰਿਵਾਰ ਰੋਜ਼ੀ-ਰੋਟੀ ਲਈ ਬੱਕਰੀਆਂ ਚਾਰਦਾ ਹੈ। 
ਸਰਕਾਰ ਨੇ ਪਿੰਡ ਦੇ ਸਕੂਲ 'ਚ ਸ਼ਹੀਦ ਦੇ ਨਾਂ ਦਾ ਪੱਥਰ ਲਾ ਕੇ ਬੁੱਤਾ ਸਾਰ ਦਿੱਤਾ। ਭਾਵੇਂ ਕਾਗਜ਼ਾਂ 'ਚ ਉਸ ਵੇਲੇ ਸਰਕਾਰ ਵੱਲੋਂ ਪਰਿਵਾਰ ਲਈ ਮਾਇਕ ਸਹਾਇਤਾ, ਪੈਟਰੋਲ ਪੰਪ ਤੇ ਮੁਹਾਲੀ ਵਿਖੇ ਪਲਾਟ ਅਲਾਟ ਹੋਇਆ ਸੀ ਪਰ ਅਨਪੜ੍ਹ ਹੋਣ ਕਰ ਕੇ ਪਰਿਵਾਰ ਕੋਈ ਵੀ ਸਹੂਲਤ ਪ੍ਰਾਪਤ ਨਾ ਕਰ ਸਕਿਆ। ਦੇਸ਼ ਲਈ ਸ਼ਹੀਦ ਹੋਣ ਵਾਲੇ ਹਰਨੇਕ ਸਿੰਘ ਦਾ ਪਿੰਡ ਵਿਚ ਕੋਈ ਬੁੱਤ ਵੀ ਨਹੀਂ ਲਾਇਆ ਗਿਆ ਅਤੇ ਨਾ ਹੀ ਕੋਈ ਹੋਰ ਯਾਦਗਾਰ ਬਣਾਈ ਗਈ।
ਸ਼ਹੀਦ ਦੇ ਮਾਂ-ਬਾਪ ਗ਼ਰੀਬੀ ਨਾਲ ਜੱਦੋ ਜਹਿਦ ਕਰਦੇ ਸੰਸਾਰ ਤੋਂ ਰੁਖਸਤ ਹੋ ਗਏ। ਸ਼ਹੀਦ ਦਾ ਇਕ ਭਰਾ ਵੀ ਹੱਕ ਲੈਣ ਲਈ ਜੱਦੋ ਜਹਿਦ ਕਰਦਾ ਮੌਤ ਦੇ ਕਲਾਵੇ 'ਚ ਚਲਾ ਗਿਆ ਅਤੇ ਹੁਣ ਸ਼ਹੀਦ ਦਾ ਭਤੀਜਾ ਗੁਰਪ੍ਰੀਤ ਸਿੰਘ ਧਾਲੀਵਾਲ ਕੇਸ ਦੀ ਪੈਰਵਾਈ ਕਰ ਰਿਹਾ ਹੈ ਅਤੇ ਸ਼ਹੀਦ ਫੌਜੀ ਦਾ ਦੂਜਾ ਭਰਾ ਗੁਰਚੇਤ ਸਿੰਘ ਧਾਲੀਵਾਲ ਆਪਣਾ ਗੁਜ਼ਾਰਾ ਬੱਕਰੀਆਂ ਚਰਾ ਕੇ ਕਰਦਾ ਹੈ। 
ਸ਼ਹੀਦ ਦੇ ਪਰਿਵਾਰ ਨੂੰ ਉਨ੍ਹਾਂ ਦਾ ਹੱਕ ਦਿਵਾਵਾਂਗਾ : ਮਾਨ :  ਸ਼ਹੀਦ ਦੇ ਪਰਿਵਾਰ ਨੂੰ ਮਿਲਣ ਲਈ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਉਨ੍ਹਾਂ ਦੇ ਘਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਸਮੇਂ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਨ ਸਭਾ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਅਤੇ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਵੀ ਸਨ। 
ਭਗਵੰਤ ਮਾਨ ਨੇ ਕਿਹਾ ਕਿ ਮੈਂ ਇਹ ਮਾਮਲਾ ਕੇਂਦਰੀ ਰੱਖਿਆ ਮੰਤਰੀ ਤੇ ਖਜ਼ਾਨਾ ਮੰਤਰੀ ਨੂੰ ਮਿਲ ਕੇ ਉਨ੍ਹਾਂ ਦੇ ਧਿਆਨ ਵਿਚ ਲਿਆਵਾਂਗਾ ਅਤੇ ਲੋਕ ਸਭਾ 'ਚ ਮੁੱਦਾ ਉਠਾਕੇ ਸ਼ਹੀਦ ਦੇ ਪਰਿਵਾਰ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਵਾਂਗਾ ਅਤੇ ਪਿੰਡ ਵਿਚ ਸ਼ਹੀਦ ਦੀ ਯਾਦਗਾਰ ਬਣਾਉਣ ਲਈ ਵੀ ਸਰਕਾਰ 'ਤੇ ਦਬਾਅ ਪਾਵਾਂਗਾ।


Related News