ਫਰਜ਼ੀ ਚੈੱਕ ਨਾਲ ਪੈਸੇ ਕਢਵਾਉਣ ਵਾਲੇ ਨੂੰ 3 ਸਾਲ ਦੀ ਕੈਦ

12/12/2017 7:10:29 AM

ਚੰਡੀਗੜ੍ਹ, (ਸੰਦੀਪ)- ਫਰਜ਼ੀ ਚੈੱਕ ਦੇ ਜ਼ਰੀਏ ਬੈਂਕ ਖਾਤੇ 'ਚੋਂ ਲੱਖਾਂ ਰੁਪਏ ਕਢਵਾਉਣ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਦੋਸ਼ੀ ਸੰਦੀਪ ਨੂੰ 3 ਸਾਲ ਦੀ ਸਜ਼ਾ ਸੁਣਾਉਂਦੇ ਹੋਏ 20 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਸਬੰਧਤ ਥਾਣਾ ਪੁਲਸ ਨੇ ਸਾਲ 2014 'ਚ ਬੈਂਕ ਮੈਨੇਜਰ ਦੀ ਸ਼ਿਕਾਇਤ 'ਤੇ ਸੰਦੀਪ ਦੇ ਖਿਲਾਫ ਧੋਖਾਦੇਹੀ, ਅਪਰਾਧਿਕ ਸ਼ਿਕਾਇਤ ਸਮੇਤ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। 
ਮਾਮਲੇ ਤਹਿਤ ਪੰਜਾਬ ਨੈਸ਼ਨਲ ਬੈਂਕ ਸੈਕਟਰ-23 ਦੇ ਮੈਨੇਜਰ ਹਰਦੇਵ ਨੇ ਅਕਤੂਬਰ 2014 ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸੰਦੀਪ ਦਾ ਉਨ੍ਹਾਂ ਦੇ ਬੈਂਕ 'ਚ ਕਰੰਟ ਐਕਾਊਂਟ ਸੀ। 13 ਮਾਰਚ 2014 ਨੂੰ ਉਨ੍ਹਾਂ ਵਲੋਂ 19.75 ਲੱਖ ਰੁਪਏ ਦਾ ਚੈੱਕ ਪੇਸ਼ ਕੀਤਾ ਗਿਆ ਸੀ। ਜਾਂਚ ਮਗਰੋਂ ਬੈਂਕ ਨੇ ਉਕਤ ਚੈੱਕ ਦਾ ਭੁਗਤਾਨ ਕਰ ਦਿੱਤਾ। 3 ਮਹੀਨਿਆਂ ਬਾਅਦ ਬੈਂਕ ਨੂੰ ਸਰਕਲ ਅਫਸਰ ਦੇਹਰਾਦੂਨ ਤੋਂ ਸੂਚਨਾ ਮਿਲੀ ਕਿ ਜਿਸ ਚੈੱਕ ਤੋਂ ਪੈਸਿਆਂ ਦਾ ਭੁਗਤਾਨ ਕੀਤਾ ਸੀ, ਉਹ ਫਰਜ਼ੀ ਸੀ। ਇਸਦੇ ਬਾਅਦ ਬੈਂਕ ਮੈਨੇਜਮੈਂਟ ਨੇ ਸੈਕਟਰ-23 ਪੁਲਸ ਥਾਣੇ 'ਚ ਇਸਦੀ ਸ਼ਿਕਾਇਤ ਦਿੱਤੀ। ਪੁਲਸ ਨੇ ਜਾਂਚ ਮਗਰੋਂ ਕੇਸ ਦਰਜ ਕਰਕੇ ਦੋਸ਼ੀ ਸੰਦੀਪ ਨੂੰ ਗ੍ਰਿਫਤਾਰ ਕੀਤਾ ਸੀ।


Related News