ਨਾਭਾ ''ਚ 130 ਮਰੀਜ਼ਾਂ ਨੂੰ ਹੋਇਆ ਡੇਂਗੂ

10/19/2017 7:57:34 AM

ਨਾਭਾ  (ਜੈਨ) - ਸਿਹਤ ਵਿਭਾਗ ਤੇ ਲੋਕਲ ਬਾਡੀਜ਼ ਵਿਭਾਗ ਦੀ ਕਥਿਤ ਲਾਪ੍ਰਵਾਹੀ ਸਦਕਾ ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਜ਼ਿਲੇ ਅਤੇ ਕੈਬਨਿਟ ਜੰਗਲਾਤ ਮੰਤਰੀ ਦੀ ਇਸ ਰਿਆਸਤੀ ਨਗਰੀ ਵਿਚ ਫੈਲੇ ਡੇਂਗੂ ਤੇ ਸਵਾਈਨ ਫਲੂ ਕਾਰਨ ਇਸ ਸ਼ਹਿਰ ਨੇ ਜ਼ਿਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪਿਛਲੇ 2 ਹਫਤਿਆਂ ਦੌਰਾਨ ਲਗਭਗ 2000 ਤੋਂ ਵੱਧ ਲੋਕਾਂ ਨੂੰ ਡੇਂਗੂ ਹੋਇਆ, ਜਿਸ ਕਾਰਨ ਪ੍ਰਸ਼ਾਸਨ ਦੀ ਨੀਂਦ ਹਰਾਮ ਹੋਈ। ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਵਧ ਰਹੇ ਡੇਂਗੂ ਕਾਰਨ ਅਤੇ ਗੁਰਦਾਸਪੁਰ ਜ਼ਿਮਨੀ ਚੋਣ ਵਿਚੋਂ ਨਤੀਜਾ ਆਉਣ ਤੋਂ ਬਾਅਦ ਸਿਵਲ ਹਸਪਤਾਲ ਦਾ ਦੌਰਾ ਕਰ ਕੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ। ਮੰਤਰੀ ਦੀ ਮੌਜੂਦਗੀ ਵਿਚ ਐੈੱਸ. ਐੱਮ. ਓ. ਦਲਵੀਰ ਕੌਰ ਨੇ ਕਿਹਾ ਕਿ ਸਾਡੇ ਪਾਸ ਆਏ ਡੇਂਗੂ ਮਰੀਜ਼ਾਂ ਦੇ 130 ਕੇਸ ਪਾਜ਼ੀਟਿਵ ਆਏ, ਜਿਨ੍ਹਾਂ ਦਾ ਅਸੀਂ ਹਸਪਤਾਲ ਵਿਚ ਹੀ ਇਲਾਜ ਕੀਤਾ। ਦੂਜੇ ਪਾਸੇ ਸਮਾਜ-ਸੇਵੀ ਸੰਸਥਾਵਾਂ ਤੇ ਲੋਕਾਂ ਨੇ ਐੈੱਸ. ਐੈੱਮ. ਓ. ਤੇ ਸਿਹਤ ਵਿਭਾਗ ਦੇ ਦਾਅਵਿਆਂ ਨੂੰ ਖੋਖਲਾ ਸਾਬਤ ਕਰਦਿਆਂ ਦੋਸ਼ ਲਾਇਆ ਕਿ ਸ਼ਹਿਰ ਦੇ ਸਲੱਮ ਏਰੀਆ, ਬਸਤੀਆਂ ਅਤੇ ਸਾਰੇ ਵਾਰਡਾਂ ਵਿਚ ਡੇਂਗੂ ਫੈਲਿਆ।
ਸਮਾਜ ਸੇਵਕ ਅਰੁਣ ਗੁਪਤਾ ਦਾ ਕਹਿਣਾ ਹੈ ਕਿ ਰੋਜ਼ਾਨਾ ਸ਼ਹਿਰ ਦੀਆਂ ਅਨੇਕਾਂ ਪ੍ਰਾਈਵੇਟ ਲੈਬਜ਼ ਵਿਚ 15-16 ਕੇਸ ਪ੍ਰਤੀ ਲੈਬ ਟੈਸਟ ਪਾਜ਼ੀਟਿਵ ਆਉਂਦੇ ਰਹੇ। ਸੈਂਕੜੇ ਲੋਕਾਂ ਨੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਇਆ। ਸ਼ਿਵ ਮੰਦਰ ਪ੍ਰਧਾਨ ਰਵਨੀਸ਼ ਗੋਇਲ ਨੇ ਦੱਸਿਆ ਕਿ 42 ਸਾਲਾ ਸੰਗੀਤਾ ਨਾਮੀ ਮਹਿਲਾ ਦੀ ਡੇਂਗੂ ਨਾਲ ਮੌਤ ਸਿਵਲ ਹਸਪਤਾਲ ਨਾਭਾ ਦੀ ਅਣਦੇਖੀ ਕਾਰਨ ਹੋਈ। ਇਸ ਤੋਂ ਪਹਿਲਾਂ ਸਵਾਈਨ ਫਲੂ ਨਾਲ 3 ਮੌਤਾਂ ਹੋਈਆਂ। ਕੌਂਸਲਰ ਸ਼੍ਰੀਮਤੀ ਊਸ਼ਾ ਤੁਲੀ ਦਾ ਪਰਿਵਾਰ ਕਈ ਦਿਨ ਡੇਂਗੂ ਦਾ ਸ਼ਿਕਾਰ ਰਿਹਾ। ਨਾਭਾ ਮੰਡਲ ਦਿਹਾਤੀ ਭਾਜਪਾ ਪ੍ਰਧਾਨ ਡਾ. ਦਿਓਲ ਨੇ ਦੱਸਿਆ ਕਿ 80 ਫੀਸਦੀ ਡੇਂਗੂ ਮਰੀਜ਼ਾਂ ਨੇ ਪਟਿਆਲਾ ਦੇ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਵਾਇਆ। ਸਿਵਲ ਹਸਪਤਾਲ ਐਮਰਜੈਂਸੀ ਸਿਰਫ ਰੈਫਰ ਵਿੰਗ ਬਣ ਕੇ ਰਹਿ ਗਿਆ। ਹੁਣ ਕਈ ਕੈਮਿਸਟ ਤੇ ਸਮਾਜ-ਸੇਵੀ ਸੰਸਥਾਵਾਂ ਰੋਜ਼ਾਨਾ ਕੈਂਪ ਲਾ ਕੇ ਡੇਂਗੂ ਤੋਂ ਬਚਾਅ ਲਈ ਮੁਫਤ ਹੋਮਿਓਪੈਥੀ ਦਵਾਈਆਂ ਵੰਡ ਰਹੀਆਂ ਹਨ। ਕੌਂਸਲਰ ਆਪਣੇ ਖਰਚੇ 'ਤੇ ਆਪੋ-ਆਪਣੇ ਵਾਰਡਾਂ ਵਿਚ ਖੁਦ ਫੌਗਿੰਗ ਕਰਵਾ ਰਹੇ ਹਨ।
ਐੈੱਸ. ਡੀ. ਐੈੱਮ. ਜਸ਼ਨਪ੍ਰੀਤ ਕੌਰ ਗਿੱਲ ਅਤੇ ਡਿਪਟੀ ਡਾਇਰੈਕਟਰ ਜੀਵਨ ਜਗਜੋਤ ਕੌਰ ਕੁੱਝ ਦਿਨ ਪਹਿਲਾਂ ਸ਼ਹਿਰ ਦੇ ਮਾੜੇ ਸਫਾਈ ਪ੍ਰਬੰਧਾਂ ਅਤੇ ਥਾਂ-ਥਾਂ ਖੜ੍ਹੇ ਗੰਦੇ ਪਾਣੀ ਕਾਰਨ ਖੁਦ ਗੰਭੀਰ ਨੋਟਿਸ ਲੈ ਕੇ ਚੈਕਿੰਗ ਨਾ ਕਰਦੇ ਤਾਂ ਡੇਂਗੂ ਮਰੀਜ਼ਾਂ ਦਾ ਅੰਕੜਾ ਕਈ ਹਜ਼ਾਰ ਹੋ ਸਕਦਾ ਸੀ। ਹਰੇਕ ਮੁਹੱਲੇ ਵਿਚ ਚੌਥਾ ਘਰ/ਪਰਿਵਾਰ ਸ਼ਹਿਰ ਵਿਚ ਡੇਂਗੂ ਦੀ ਜਕੜ ਵਿਚ ਆਇਆ, ਜਿਸ ਨੇ ਸਿਹਤ ਮੰਤਰੀ ਦੇ ਨਿਰਦੇਸ਼ਾਂ ਦੀਆਂ ਧੱਜੀਆਂ ਉਡਾ ਕੇ ਸਰਕਾਰ ਦੀ ਕਿਰਕਿਰੀ ਕਰਵਾਈ।


Related News