ਬਾਲ ਮਜ਼ਦੂਰੀ ਖਿਲਾਫ ਵਪਾਰਕ ਇੰਡਸਟਰੀ ਏਰੀਆ ''ਚ ਜ਼ਿਲਾ ਟਾਸਕ ਫੋਰਸ ਦੀ ਛਾਪੇਮਾਰੀ ਫੈਕਟਰੀ ਵਾਲੇ ਅਧਿਕਾਰੀਆਂ ਨਾਲ ਉਲਝੇ

11/19/2017 4:54:22 AM

ਲੁਧਿਆਣਾ(ਖੁਰਾਣਾ)-ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਨਿਜਾਤ ਦੁਆਉਣ ਦੇ ਮਕਸਦ ਨਾਲ ਵਪਾਰਕ ਘਰਾਣਿਆਂ, ਢਾਬਿਆਂ ਅਤੇ ਹੋਰਨਾਂ ਕੰਪਲੈਕਸਾਂ 'ਤੇ ਛਾਪੇਮਾਰੀ ਲਈ ਜ਼ਿਲਾ ਟਾਸਕ ਫੋਰਸ ਟੀਮ ਨੰ. 3 ਨੇ ਮੁਹਿੰਮ ਛੇੜੀ ਹੈ। ਇਸ ਟੀਮ ਦੀ ਅਗਵਾਈ ਲੇਬਰ ਵਿਭਾਗ ਦੇ ਅਸਿਸਟੈਂਟ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਐਕਟ ਸੁਖਵਿੰਦਰ ਸਿੰਘ ਭੱਟੀ ਕਰ ਰਹੇ ਸਨ। ਟੀਮ ਤੇ ਇਕ ਫੈਕਟਰੀ ਪ੍ਰਬੰਧਕਾਂ ਵਿਚ ਅੱਜ ਫੈਕਟਰੀ ਵਿਚ ਕੰਮ ਕਰ ਰਹੇ ਬੱਚਿਆਂ ਦੀ ਉਮਰ ਸੰਬੰਧੀ ਗਰਮਾ-ਗਰਮੀ ਵਾਲਾ ਮਾਹੌਲ ਬਣ ਗਿਆ। ਪ੍ਰਬੰਧਕ ਫੈਕਟਰੀ ਵਿਚ ਕੰਮ ਕਰ ਰਹੇ ਬੱਚਿਆਂ ਦੀ ਉਮਰ 18 ਸਾਲ ਤੋਂ ਜ਼ਿਆਦਾ ਦੱਸ ਕੇ ਅਧਿਕਾਰੀਆਂ ਨਾਲ ਉਲਝ ਗਏ, ਦੂਸਰੇ ਪਾਸੇ ਛਾਪੇਮਾਰੀ ਟੀਮ ਫੈਕਟਰੀ ਪ੍ਰਬੰਧਕਾਂ ਨੂੰ ਬੱਚਿਆਂ ਦੀ ਸਹੀ ਉਮਰ ਤੇ ਡਾਕਟਰੀ ਜਾਂਚ ਕਰਵਾਉਣ ਤੇ ਵਿਭਾਗੀ ਕਾਰਵਾਈ ਕਰਨ ਦੀ ਗੱਲ 'ਤੇ ਅੜੀ ਰਹੀ। ਅੰਤ ਵਿਚ ਅਧਿਕਾਰੀ 3 ਬੱਚਿਆਂ ਨੂੰ ਆਪਣੇ ਨਾਲ ਲੈ ਕੇ ਡਾਕਟਰੀ ਜਾਂਚ ਕਰਵਾਉਣ ਲਈ ਸਿਵਲ ਹਸਪਤਾਲ ਚਲੇ ਗਏ।ਛਾਪੇਮਾਰੀ ਲਈ ਨਿਕਲੀਆਂ ਦੋ ਹੋਰ ਟੀਮਾਂ ਦੇ ਅਧਿਕਾਰੀਆਂ ਦੇ ਇੰਸਪੈਕਟਰ ਹਰਦੇਵ ਸਿੰਘ, ਹਰਭਜਨ ਲਾਲ ਅਤੇ ਸੁਰਜੀਤ ਵਾਲੀਆ ਨੇ ਰੇਲਵੇ ਰੋਡ, ਗਿੱਲ ਰੋਡ ਅਤੇ ਸ਼ੇਰਪੁਰ ਮਾਰਕੀਟ ਵਿਚ ਬਾਲ ਮਜ਼ਦੂਰੀ ਦਾ ਸ਼ਿਕਾਰ 3 ਹੋਰ ਮਾਸੂਮਾਂ ਨੂੰ ਆਜ਼ਾਦੀ ਭਰੀ ਫਿਜ਼ਾ ਵਿਚ ਸਾਹ ਲੈਣ ਦੀ ਛੂਟ ਦਿਵਾਈ।
ਏ. ਡੀ. ਡੀ. ਆਫ ਫੈਕਟਰੀਜ਼ ਸੁਖਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਉਨ੍ਹਾਂ ਦੀ 3 ਨੰਬਰ ਟੀਮ ਨੇ ਅੱਜ ਇੰਡਸਟਰੀ ਏਰੀਆ ਏ ਵਿਚ ਚੀਮਾ ਚੌਕ ਨੇੜੇ ਪੈਂਦੀ ਇਕ ਗਾਰਮੈਂਟਸ ਫੈਕਟਰੀ 'ਤੇ ਕਾਰਵਾਈ ਕਰਕੇ 3 ਮਾਸੂਮਾਂ ਨੂੰ ਬਾਲ ਮਜ਼ਦੂਰੀ ਦੀ ਕੈਦ ਤੋਂ ਬਾਹਰ ਕੱਢਿਆ। ਇਸ ਦੌਰਾਨ ਫੈਕਟਰੀ ਮਾਲਕਾਂ ਨੇ ਬੱਚਿਆਂ ਦੀ ਸਹੀ ਉਮਰ ਪੁੱਛਣ 'ਤੇ ਟੀਮ ਨਾਲ ਤਕਰਾਰਬਾਜ਼ੀ ਵੀ ਕੀਤੀ, ਜਿਸ 'ਤੇ ਉਨ੍ਹਾਂ ਨੇ ਕਾਰੋਬਾਰੀਆਂ ਨੂੰ ਬੱਚਿਆਂ ਦੀ ਸਹੀ ਉਮਰ ਦਾ ਪਤਾ ਡਾਕਟਰੀ ਜਾਂਚ ਕਰਵਾ ਕੇ ਲਗਾਉਣ ਦਾ ਤਰਕ ਦਿੱਤਾ। ਭੱਟੀ ਨੇ ਕਿਹਾ ਕਿ ਟੀਮ ਵਿਚ ਸ਼ਾਮਲ ਐਂਟੀ ਹਿਊਮਨ ਰਾਈਟਸ ਟ੍ਰੈਫਿਕਿੰਗ ਵਿੰਗ ਦੇ ਪੁਲਸ ਜਵਾਨਾਂ ਨੇ ਹਾਲਾਤ 'ਤੇ ਕਾਬੂ ਪਾ ਕੇ ਕਾਰੋਬਾਰੀਆਂ ਨੂੰ ਨਿਯਮਾਂ ਤੋਂ ਜਾਣੂ ਕਰਵਾਉਂਦੇ ਹੋਏ ਵਿਸ਼ਵਾਸ ਵਿਚ ਲਿਆ ਅਤੇ ਦੋਵਾਂ ਧਿਰਾਂ ਨੇ ਹਾਲਾਤ ਨੂੰ ਸੰਭਾਲੀ ਰੱਖਿਆ।
ਮੈਡੀਕਲ ਤੋਂ ਬਾਅਦ ਸਥਿਤੀ ਹੋਵੇਗੀ ਸਾਫ
ਛਾਪੇਮਾਰੀ ਟੀਮ ਵੱਲੋਂ ਤਿੰਨਾਂ ਬੱਚਿਆਂ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਜਾ ਰਿਹਾ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਬੱਚਿਆਂ ਦੀ ਸਹੀ ਉਮਰ ਪਤਾ ਚੱਲੇਗੀ। ਇਸ ਦੌਰਾਨ ਟੀਮਾਂ ਨੇ ਅੱਜ ਛੁਡਵਾਏ ਗਏ ਕੁਲ 6 ਬੱਚਿਆਂ ਨੂੰ ਵਿਭਾਗੀ ਕਾਰਵਾਈ ਤੋਂ ਬਾਅਦ ਚਾਈਲਡ ਵੈੱਲਫੇਅਰ ਕਮੇਟੀ ਨੂੰ ਸੌਂਪ ਦਿੱਤਾ ਹੈ, ਜੋ ਕਿ ਬੱਚਿਆਂ ਨੂੰ ਆਪਣੀ ਰਿਪੋਰਟ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਮੌਕੇ 'ਤੇ ਮੌਜੂਦ ਰਹਿਣ 'ਤੇ ਬੱਚਿਆਂ ਨੂੰ ਉਨ੍ਹਾਂ ਦੇ ਸਪੁਰਦ ਕਰਨਗੇ ਜਾਂ ਫਿਰ ਬਾਲ ਗ੍ਰਹਿ ਵਿਚ ਭੇਜਣਗੇ।


Related News