ਮਾਰਕੁੱਟ ਦੇ ਦੋਸ਼ ''ਚ 8 ਖਿਲਾਫ ਮਾਮਲਾ ਦਰਜ

07/23/2017 7:39:05 AM

ਡੇਰਾਬੱਸੀ  (ਅਨਿਲ) - ਡੇਰਾਬੱਸੀ ਪੁਲਸ ਨੇ ਮੁਬਾਰਿਕਪੁਰ ਵਾਸੀ ਇਕ ਨੌਜਵਾਨ 'ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਕੇ ਉਸਨੂੰ ਫੱਟੜ ਕਰਨ ਦੇ ਦੋਸ਼ 'ਚ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ 'ਚੋਂ ਚਾਰ ਮੁਲਜ਼ਮ ਬਕਾਇਦਾ ਨਾਮਜ਼ਦ ਹਨ, ਜਦੋਂਕਿ ਬਾਕੀ ਚਾਰ ਅਣਪਛਾਤੇ ਦੱਸੇ ਗਏ ਹਨ। ਘਟਨਾ ਮਗਰੋਂ ਬੁਰੀ ਤਰ੍ਹਾਂ ਫੱਟੜ ਸੰਜੀਵ ਰਾਣਾ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ 'ਚ ਦਾਖਲ ਕਰਾਇਆ ਗਿਆ। ਜ਼ਖਮੀ ਨੇ ਦੱਸਿਆ ਕਿ ਉਹ ਮੁਬਾਰਕਪੁਰ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਰੁਕਵਾਉਣ ਦੀ ਕੋਸ਼ਿਸ਼ ਕਰਦਾ ਆ ਰਿਹਾ ਸੀ, ਜਿਸ ਕਾਰਨ ਉਸ 'ਤੇ ਹਮਲਾ ਕੀਤਾ ਗਿਆ। ਥਾਣਾ ਮੁਖੀ ਗੁਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਸੰਜੀਵ ਰਾਣਾ ਵਾਸੀ ਮੁਬਾਰਕਪੁਰ ਨੇ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ 19 ਜੁਲਾਈ ਨੂੰ ਉਸ ਨੂੰ ਕਪੂਰ ਖਾਨ ਨੇ ਫੋਨ ਕਰਕੇ ਜ਼ਰੂਰੀ ਕੰਮ ਦਾ ਬਹਾਨਾ ਲਾ ਕੇ ਸੱਦ ਲਿਆ, ਜਦੋਂ ਉਸਨੇ ਇਕ ਕਰੈਸ਼ਰ ਦੇ ਨੇੜੇ ਪਹੁੰਚ ਕੇ ਆਪਣੀ ਕਾਰ ਖੜ੍ਹੀ ਕੀਤੀ ਤਾਂ ਪਿਛਲੇ ਸ਼ੀਸ਼ੇ 'ਤੇ ਇਕ ਵਿਅਕਤੀ ਨੇ ਪੱਥਰ ਮਾਰਿਆ। ਉਹ ਹੇਠਾਂ ਉਤਰਿਆ ਤਾਂ ਕਪੂਰ ਖਾਨ, ਕੁਲਵੰਤ, ਬਿੰਦਰ ਤੇ ਆਲਮ ਸਮੇਤ ਚਾਰ ਹੋਰ ਅਣਪਛਾਤਿਆਂ ਨੇ ਉਸਨੂੰ ਲੋਹੇ ਦੀਆਂ ਰਾਡਾਂ ਨਾਲ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਹਮਲਾਵਰ ਉਸਨੂੰ ਕਰੈਸ਼ਰ ਨਾਲ ਭਰੇ ਇਕ ਟਿੱਪਰ  ਹੇਠਾਂ ਕੁਚਲਣ ਲੱਗੇ ਸਨ ਪਰ ਕਲਗੀਧਰ ਕਰੈਸ਼ਰ ਦੇ ਮੁਨਸ਼ੀ ਹਰਬੰਸ ਸਮੇਤ ਹੋਰ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਉਸਨੂੰ ਬਾਂਹੋਂ ਫੜ ਕੇ ਖਿੱਚ ਲਿਆ ਤੇ ਉਸਦਾ ਬਚਾਅ ਹੋ ਗਿਆ ।


Related News