ਕੈਪਟਨ ਅਮਰਿੰਦਰ ਸਿੰਘ ਅਕਤੂਬਰ ਦੇ ਅੰਤ ਜਾਂ ਨਵੰਬਰ ਦੇ ਸ਼ੁਰੂ 'ਚ ਕਰ ਸਕਦੇ ਹਨ ਪੰਜਾਬ ਕੈਬਨਿਟ 'ਚ ਵਾਧਾ

09/22/2017 12:28:11 PM

ਜਲੰਧਰ (ਧਵਨ)— ਸੂਬੇ 'ਚ ਲੰਬੇ ਸਮੇਂ ਤੋਂ ਉਡੀਕਿਆ  ਜਾ ਰਿਹਾ ਕੈਬਨਿਟ ਦਾ ਵਾਧਾ ਅਕਤੂਬਰ ਦੇ ਅੰਤ ਜਾਂ ਨਵੰਬਰ ਤੋਂ ਪਹਿਲੇ ਹਫਤੇ  ਹੋ ਸਕਦਾ ਹੈ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਬੰਧ 'ਚ ਆਪਣੇ ਸਾਥੀ ਮੰਤਰੀਆਂ ਨੂੰ ਸੰਕੇਤ ਦੇ ਦਿੱਤੇ ਹਨ। ਭਾਵੇਂ ਉਨ੍ਹਾਂ ਆਪਣੇ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਗੁਰਦਾਸਪੁਰ ਉਪ ਚੋਣ ਦੇ 11 ਅਕਤੂਬਰ ਨੂੰ ਸੰਪੰਨ ਹੋਣ ਤੋਂ ਬਾਅਦ ਕੈਬਨਿਟ 'ਚ ਵਾਧਾ ਕਰਨਗੇ ਪਰ ਗੁਰਦਾਸਪੁਰ ਦਾ ਚੋਣ ਨਤੀਜਾ 15 ਅਕਤੂਬਰ ਨੂੰ ਆਉਣਾ ਹੈ। ਉਸ ਤੋਂ ਬਾਅਦ 19 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਹੈ। ਦੀਵਾਲੀ ਤੋਂ ਬਾਅਦ ਹੀ ਕੈਬਨਿਟ 'ਚ ਵਾਧੇ ਨੂੰ ਲੈ ਕੇ ਸਿਆਸੀ ਸਰਗਰਮੀਆਂ 'ਚ ਤੇਜ਼ੀ ਆਏਗੀ।
ਮੁੱਖ ਮੰਤਰੀ ਦੀਵਾਲੀ ਤੋਂ ਬਾਅਦ ਹੀ ਰਾਹੁਲ  ਨਾਲ ਮੁਲਾਕਾਤ ਕਰਨਗੇ ਜਿਸ 'ਚ ਮੰਤਰੀ ਮੰਡਲ 'ਚ ਸ਼ਾਮਿਲ ਕੀਤੇ ਜਾਣ ਵਾਲੇ ਵਿਧਾਇਕਾਂ ਦੇ ਨਾਵਾਂ ਨੂੰ ਹਰੀ ਝੰਡੀ ਦਿੱਤੀ ਜਾਵੇਗੀ। ਕੈਪਟਨ ਤਾਂ ਬਜਟ ਸੈਸ਼ਨ ਤੋਂ ਬਾਅਦ ਕੈਬਨਿਟ 'ਚ ਵਾਧਾ ਕਰਨ ਦੇ  ਇਛੁੱਕ ਸਨ ਪਰ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਗੁਰਦਾਸਪੁਰ ਉਪ ਚੋਣ ਸੰਪੰਨ ਹੋਣ ਤੋਂ ਬਾਅਦ ਹੀ ਕੈਬਨਿਟ 'ਚ ਫੇਰਬਦਲ ਕਰਨ ਦੀ ਸਲਾਹ ਦਿੱਤੀ ਸੀ ਜਿਸ 'ਤੇ ਉਨ੍ਹਾਂ ਨੇ ਅਮਲ ਕੀਤਾ।  ਇਹ ਵੀ ਪਤਾ ਲੱਗਾ ਹੈ ਕਿ ਕੈਬਨਿਟ 'ਚ ਫੇਰਬਦਲ ਕਰਦੇ ਸਮੇਂ ਸੀਨੀਅਰ ਵਿਧਾਇਕਾਂ ਅਤੇ ਨੌਜਵਾਨ ਚਿਹਰਿਆਂ ਅਤੇ ਨੌਜਵਾਨਾਂ 'ਚ ਤਾਲਮੇਲ ਰੱਖਿਆ ਜਾਵੇਗਾ।  ਕੈਬਨਿਟ ਫੇਰਬਦਲ 'ਚ ਮਾਝਾ, ਦੋਆਬਾ ਨੂੰ ਇਸ ਵਾਰ ਕੁੱਝ ਜ਼ਿਆਦਾ ਪ੍ਰਤੀਨਿਧਤਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।
 


Related News