ਅੰਤਰਰਾਜੀ ਲੁਟੇਰਾ ਗਿਰੋਹ ਬੇਨਕਾਬ

10/18/2017 4:09:01 AM

ਅੰਮ੍ਰਿਤਸਰ,  (ਸੰਜੀਵ)-  ਅੰਮ੍ਰਿਤਸਰ ਦਿਹਾਤੀ ਪੁਲਸ ਨੇ ਅੱਜ ਦਿਹਾਤੀ ਖੇਤਰਾਂ 'ਚ ਲੁੱਟਮਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਬਟੂਆ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਹਰਪ੍ਰੀਤ ਸਿੰਘ ਨਿਵਾਸੀ ਬੁਤਾਲਾ, ਜਗਜੀਤ ਸਿੰਘ ਜੱਗੀ ਨਿਵਾਸੀ ਟਕਾਪੁਰ, ਗੁਰਜੰਟ ਸਿੰਘ ਨਿਵਾਸੀ ਸ਼ਾਹਪੁਰ, ਹਰਦੀਪ ਸਿੰਘ ਨਿਵਾਸੀ ਕੰਮੋਕੇ ਤੇ ਤਰਸਪਾਲ ਸਿੰਘ ਨਿਵਾਸੀ ਯੋਧੇ ਸ਼ਾਮਲ ਹਨ। ਪੁਲਸ ਨੇ ਉਕਤ ਮੁਲਜ਼ਮਾਂ ਦੇ ਕਬਜ਼ੇ 'ਚੋਂ ਨਿਊਜ਼ੀਲੈਂਡ ਦੇ ਡਾਲਰ, 3 ਪਿਸਤੌਲ, 1 ਇਨੋਵਾ ਗੱਡੀ, 20 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਪੁਲਸ ਨੇ ਉਕਤ ਗਿਰੋਹ ਦੇ ਸਾਰੇ ਮੈਂਬਰਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਹੈ। ਇਹ ਖੁਲਾਸਾ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਆਰੰਭ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਉਕਤ ਗਿਰੋਹ 30 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ, ਜਿਨ੍ਹਾਂ 'ਚ 29 ਸਤੰਬਰ 2017 ਨੂੰ ਗਿਰੋਹ ਨੇ ਪਿੰਡ ਬੁਤਾਲਾ ਵਿਚ ਮਣੀ ਐਕਸਚੇਂਜਰ ਸਰਬਜੀਤ ਸਿੰਘ ਨੂੰ ਗੋਲੀ ਮਾਰ ਕੇ 7 ਲੱਖ ਰੁਪਏ ਦੀ ਨਕਦੀ ਲੁੱਟੀ ਸੀ ਅਤੇ 3 ਦਿਨ ਪਹਿਲਾਂ ਜਲੰਧਰ ਦੇ ਇਕ ਡਰਾਈਵਰ ਕੋਲੋਂ ਇਨੋਵਾ ਗੱਡੀ ਖੋਹੀ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਨੋਵਾ ਗੱਡੀ ਖੋਹਣ ਦੀ ਸੂਚਨਾ ਮਿਲੀ, ਉਸ 'ਤੇ ਤੁਰੰਤ ਐੱਸ. ਪੀ. ਡੀ. ਹਰਪਾਲ ਸਿੰਘ ਦੀ ਪ੍ਰਧਾਨਗੀ 'ਚ ਇਕ ਸਪੈਸ਼ਲ ਟੀਮ ਨੇ ਬਿਆਸ ਅਤੇ ਟਾਂਗਰੇ ਦੇ ਨੇੜੇ-ਤੇੜੇ ਦੇ ਖੇਤਰਾਂ ਵਿਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸਨ। ਇਸ ਦੌਰਾਨ ਪੁਲਸ ਨੇ ਟ੍ਰੈਪ ਲਾ ਕੇ ਉਕਤ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਇਨ੍ਹਾਂ ਦੇ 2 ਸਾਥੀ ਅਜੇ ਪੁਲਸ ਦੀ ਗ੍ਰਿਫਤ ਤੋਂ ਦੂਰ ਚੱਲ ਰਹੇ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਲੁਟੇਰਿਆਂ ਵੱਲੋਂ ਜਿਸ ਵਿਅਕਤੀ ਤੋਂ ਇਨੋਵਾ ਗੱਡੀ ਖੋਹੀ ਗਈ ਸੀ, ਦੇ ਕਾਗਜ਼ਾਂ ਨੂੰ ਮਾਣਯੋਗ ਅਦਾਲਤਾਂ ਵੱਲੋਂ ਪੂਰਾ ਕਰਵਾ ਕੇ ਅੱਜ ਉਸ ਨੂੰ ਗੱਡੀ ਵੀ ਹੈਂਡ-ਓਵਰ ਕਰ ਦਿੱਤੀ ਗਈ ਹੈ।
ਕਿਨ੍ਹਾਂ ਵਾਰਦਾਤਾਂ ਨੂੰ ਦਿੱਤਾ ਅੰਜਾਮ : 29 ਸਤੰਬਰ ਦੀ ਰਾਤ ਮਣੀ ਐਕਸਚੇਂਜਰ ਸਰਬਜੀਤ ਸਿੰਘ ਜਦੋਂ ਆਪਣੀ ਦੁਕਾਨ ਬੰਦ ਕਰ ਕੇ ਘਰ ਜਾਣ ਲੱਗਾ ਤਾਂ ਬਟੂਆ ਗੈਂਗ ਦੇ ਮੁਖੀ ਨੂੰ ਇਸ ਗੱਲ ਦੀ ਭਿਣਕ ਸੀ ਕਿ ਸਰਬਜੀਤ ਕੋਲ ਲੱਖਾਂ ਰੁਪਏ ਰਹਿੰਦੇ ਹਨ, ਜਿਸ 'ਤੇ ਉਸ ਨੇ ਆਪਣੇ ਸਾਥੀਆਂ ਨਾਲ ਰਸਤੇ ਵਿਚ ਹੀ ਉਸ ਨੂੰ ਘੇਰ ਲਿਆ ਅਤੇ ਉਹ ਗੋਲੀ ਮਾਰ ਕੇ ਉਸ ਦੇ ਕਬਜ਼ੇ 'ਚੋਂ 7 ਲੱਖ ਰੁਪਏ ਦੀ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ, ਜਿਸ ਉਪਰੰਤ ਦੋਸ਼ੀਆਂ ਨੇ ਲੁੱਟ ਦਾ ਪੂਰਾ ਮਾਲ ਆਪਸ ਵਿਚ ਵੰਡ ਲਿਆ ਅਤੇ ਵਾਰਦਾਤ ਠੰਡੀ ਹੋਣ ਲਈ ਗੋਆ ਚਲੇ ਗਏ। ਇਕ ਹਫ਼ਤੇ ਤੱਕ ਗੋਆ ਰਹਿਣ ਤੋਂ ਬਾਅਦ ਜਦੋਂ ਸਾਰੇ ਦੋਸ਼ੀ ਜਲੰਧਰ ਪੁੱਜੇ ਤਾਂ ਉਥੇ ਉਨ੍ਹਾਂ ਨੇ ਵਿੱਕੀ ਟੈਕਸੀ ਸਟੈਂਡ ਤੋਂ ਵਿਆਹ 'ਤੇ ਜਾਣ ਲਈ ਇਕ ਇਨੋਵਾ ਗੱਡੀ ਬੁੱਕ ਕੀਤੀ। ਜਦੋਂ ਉਹ ਲੋਕ ਟਾਂਗਰੇ ਨੇੜੇ ਪੁੱਜੇ ਤਾਂ ਉਨ੍ਹਾਂ ਨੇ ਇਨੋਵਾ ਦੇ ਡਰਾਈਵਰ ਪ੍ਰੀਤਮ ਚੰਦ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਦੀ ਇਨੋਵਾ ਗੱਡੀ ਖੋਹ ਕੇ ਫਰਾਰ ਹੋ ਗਏ। ਇਸ ਵਾਰਦਾਤ ਨੂੰ ਸੂਤਰਧਾਰ ਬਣਾ ਕੇ ਦਿਹਾਤੀ ਪੁਲਸ ਨੇ ਉਕਤ ਗਿਰੋਹ ਨੂੰ ਬੇਨਕਾਬ ਕਰ ਦਿੱਤਾ।


Related News