ਆਵਾਰਾ ਪੁਸ਼ੂਆਂ ਕਾਰਨ ਵਾਪਰਿਆ ਹਾਦਸਾ, ਪਤਨੀ ਦੀ ਮੌਤ, ਪਤੀ ਜ਼ਖਮੀ

09/22/2017 5:57:08 PM

ਮੋਗਾ (ਆਜ਼ਾਦ) : ਆਵਾਰਾ ਪਸ਼ੂਆਂ ਦੇ ਆਤੰਕ ਤੋਂ ਦੁਖੀ ਮੋਗਾ ਜ਼ਿਲੇ ਦੇ ਲੋਕ ਕਾਫੀ ਸਮੇਂ ਤੋਂ ਜ਼ਿਲਾ ਪ੍ਰਸ਼ਾਸਨ ਨੂੰ ਗੁਹਾਰ ਲਗਾ ਰਹੇ ਹਨ ਕਿ ਆਵਾਰਾ ਪਸ਼ੂਆਂ ਨੂੰ ਕਾਬੂ ਕੀਤਾ ਜਾਵੇ ਕਿਉਂਕਿ ਆਏ ਦਿਨ ਇਨ੍ਹਾਂ ਪਸ਼ੂਆਂ ਕਰਕੇ ਕਿਸੇ ਨਾ ਕਿਸੇ ਦੀ ਮੌਤ ਹੋ ਜਾਂਦੀ ਹੈ ਜਦਕਿ ਕਈ ਜ਼ਖਮੀ ਹੋ ਜਾਂਦੇ ਹਨ ਪਰ ਜ਼ਿਲਾ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰਅ ਨਹੀਂ ਸਰਕਦੀ। ਬੀਤੇ ਦਿਨ ਆਵਾਰਾ ਪਸ਼ੂ ਦੀ ਲਪੇਟ 'ਚ ਆ ਕੇ ਰਾਜਪ੍ਰੀਤ ਕੌਰ (20) ਨਿਵਾਸੀ ਪਿੰਡ ਵੱਡਾ ਘਰ ਦੀ ਮੌਤ ਹੋ ਗਈ। ਜਦਕਿ ਉਸਦਾ ਪਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜੋ ਸਿਵਲ ਹਸਪਤਾਲ ਮੋਗਾ 'ਚ ਇਲਾਜ ਅਧੀਨ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਮੋਗਾ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਕਸ਼ਮੀਰ ਸਿੰਘ ਨਿਵਾਸੀ ਪਿੰਡ ਅਟਾਰੀ ਦਾ ਵਿਆਹ 19 ਅਗਸਤ ਨੂੰ ਰਾਜਪ੍ਰੀਤ ਕੌਰ ਨਾਲ ਹੋਇਆ ਸੀ। ਕਸ਼ਮੀਰ ਸਿੰਘ ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ, ਬੀਤੇ ਦਿਨ ਆਪਣੀ ਪਤਨੀ ਰਾਜਪ੍ਰੀਤ ਕੌਰ ਨੂੰ ਉਸਦੇ ਪੇਕੇ ਪਿੰਡ ਤੋਂ ਲੈ ਕੇ ਮੋਟਰਸਾਈਕਲ 'ਤੇ ਵਾਪਸ ਪਿੰਡ ਆ ਰਿਹਾ ਸੀ ਜਦੋਂ ਉਹ ਦੋਵੇਂ ਪਿੰਡ ਡਰੋਲੀ ਭਾਈ ਦੇ ਕੋਲ ਪੁੱਜੇ ਤਾਂ ਅਚਾਨਕ ਆਵਾਰਾ ਪਸ਼ੂ ਸੜਕ ਦੇ ਵਿਚਕਾਰ ਆ ਗਏ ਅਤੇ ਉਨ੍ਹਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜਾ ਗਿਆ ਅਤੇ ਇਕ ਕੰਧ 'ਚ ਜਾ ਟਕਰਾਏ। ਉਕਤ ਹਾਦਸੇ 'ਚ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ ਪਰ ਰਾਜਪ੍ਰੀਤ ਕੌਰ ਨੇ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾ ਦ ਚਾਚਾ ਵੀਰਪਾਲ ਸਿੰਘ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕਰਨ ਦੇ ਬਾਅਦ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ।


Related News