''ਆਪ'' ਨੇ ਸਾੜਿਆ ਸਪੀਕਰ ਦਾ ਪੁਤਲਾ, ਕੈਪਟਨ ਸਰਕਾਰ ਖ਼ਿਲਾਫ ਕੀਤੀ ਨਾਅਰੇਬਾਜ਼ੀ

06/26/2017 2:05:51 AM

ਮੌੜ ਮੰਡੀ,  (ਪ੍ਰਵੀਨ)-  ਬੀਤੇ ਦਿਨੀਂ ਪੰਜਾਬ ਵਿਧਾਨ ਸਭਾ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ਅਤੇ ਸਪੀਕਰ ਰਾਣਾ ਕੇ. ਪੀ. ਵੱਲੋਂ ਮਾਰਸ਼ਲਾਂ ਨੂੰ ਹੁਕਮ ਦੇ ਕੇ 'ਆਪ' ਦੇ ਵਿਧਾਇਕਾਂ ਨੂੰ ਵਿਧਾਨ ਸਭਾ 'ਚੋਂ ਬਾਹਰ ਕਢਵਾਉਣ, ਵਿਧਾਇਕਾਂ ਦੀ ਖਿੱਚ-ਧੂਹ ਕਰਨ, ਦਸਤਾਰਾਂ ਲਾਹੁਣ ਅਤੇ ਮਹਿਲਾ ਵਿਧਾਇਕਾਂ ਦੀਆਂ ਚੁੰਨੀਆਂ ਖਿੱਚਣ ਦਾ ਵਿਰੋਧ ਕਰਨ ਲਈ ਅੱਜ ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਅਗਵਾਈ ਹੇਠ ਆਪ ਵਾਲੰਟੀਅਰਾਂ ਨੇ ਸ਼ਹਿਰ ਦੇ ਬੱਸ ਸਟੈਂਡ ਵਿਖੇ ਸਪੀਕਰ ਦਾ ਪੁਤਲਾ ਸਾੜਿਆ ਅਤੇ ਕੈਪਟਨ ਸਰਕਾਰ ਖ਼ਿਲਾਫ ਭਰਵੀਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸਮੇਤ 76 ਵਾਅਦੇ ਕੀਤੇ ਗਏ ਸਨ ਪਰ ਅੱਜ ਕੈਪਟਨ ਸਰਕਾਰ ਆਪਣੇ ਕੀਤੇ ਵਾਅਦਿਆ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਦਨ 'ਚ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ 10 ਲੱਖ 25 ਹਜ਼ਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ ਜਦ ਕਿ ਵਿੱਤ ਮੰਤਰੀ ਨੇ ਬਜਟ ਪੇਸ਼ ਕੀਤਾ ਤਾਂ ਉਸ ਵਿਚ ਕਿਸਾਨਾਂ ਦੇ ਕਰਜ਼ੇ ਮੁਆਫ ਲਈ ਸਿਰਫ 1500 ਕਰੋੜ ਰੁਪਏ ਰੱਖੇ, ਜੋ ਕਿਸਾਨਾਂ ਦੇ ਜਖ਼ਮਾਂ 'ਤੇ ਲੂਣ ਪਾਉਣ ਬਰਾਬਰ ਹੈ। ਉਨ੍ਹਾਂ ਅੱਗੇ ਕਿਹਾ ਕਿ ਹੋਰ ਤਾਂ ਹੋਰ ਸਰਕਾਰ ਨੇ ਸੂਬੇ ਦੀਆਂ ਟਰੱਕ ਯੂਨੀਅਨਾਂ ਨੂੰ ਭੰਗ ਕਰ ਕੇ ਆਪ੍ਰੇਟਰਾਂ ਤੋਂ ਰੋਜ਼ਗਾਰ ਖੋਹਣ ਦੀਆਂ ਚਾਲਾਂ ਚੱਲੀਆਂ ਹਨ। ਉਨ੍ਹਾਂ ਕਿਹਾ ਕਿ 'ਆਪ' ਲੋਕਾਂ ਦੇ ਮੁੱਦਿਆਂ ਲਈ ਸੰਘਰਸ਼ ਕਰਦੀ ਰਹੇਗੀ। ਇਸ ਮੌਕੇ ਸੁਖਵੀਰ ਸਿੰਘ ਮਾਈਸਰਖਾਨਾ, ਸਰਪੰਚ ਊਧਮ ਸਿੰਘ ਕੁੱਤੀਵਾਲ, ਗੁਰਪ੍ਰੀਤ ਸਿੰਘ ਸਰਪੰਚ ਰਾਜਗੜ੍ਹ ਕੁੱਬੇ, ਰਾਜਵਿੰਦਰ ਸਿੰਘ ਭੋਲਾ, ਰੇਸ਼ਮ ਸਿੰਘ ਕੁੱਤੀਵਾਲ ਪ੍ਰਧਾਨ, ਕੇਵਲ ਸਿੰਘ ਮਾਨਸਾ, ਨਛੱਤਰ ਸਿੰਘ ਮਾਨਸਾ, ਨਰੰਜਨ ਸਿੰਘ ਰਾਮਨਗਰ, ਬਲਜੀਤ ਕੌਰ ਮਾਈਸਰਖਾਨਾ, ਗੁਰਦੀਪ ਸਿੰਘ ਡਿੱਖ, ਠੰਡੂ ਕੋਟੜਾ, ਅਮਨਦੀਪ ਸਿੰਘ, ਰਮਨਦੀਪ ਸਿੰਘ ਮੌੜ ਕਲਾਂ, ਗੁਰਚੇਤ ਸਿੰਘ ਕਮਾਲੂ, ਮਾਸਟਰ ਖੇਤਾ ਸਿੰਘ, ਤਿਰਲੋਕ ਨਾਥ ਸ਼ਰਮਾ, ਨਿਰਮਲ ਸਿੰਘ ਮੰਡੀ ਕਲਾਂ, ਜਸਵੰਤ ਸਿੰਘ ਭੂੰਦੜ, ਕਰਮਜੀਤ ਸਿੰਘ ਮਾਨ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ 'ਆਪ' ਵਰਕਰ ਮੌਜੂਦ ਸਨ।


Related News